ਗੁਰਦਾਸਪੁਰ ਅੰਦਰ ਪੌਣੇ 2 ਲੱਖ ਹੈਕਟੇਅਰ ਰਕਬੇ ''ਚ ਕਣਕ ਦੀ ਬਿਜਾਈ ਦਾ ਕੰਮ ਮੁਕੰਮਲ

Friday, Nov 28, 2025 - 02:45 PM (IST)

ਗੁਰਦਾਸਪੁਰ ਅੰਦਰ ਪੌਣੇ 2 ਲੱਖ ਹੈਕਟੇਅਰ ਰਕਬੇ ''ਚ ਕਣਕ ਦੀ ਬਿਜਾਈ ਦਾ ਕੰਮ ਮੁਕੰਮਲ

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਜ਼ਿਲੇ ਅੰਦਰ ਤਕਰੀਬਨ ਪੌਣੇ 2 ਲੱਖ ਰਕਬੇ ਵਿਚ ਕਣਕ ਦੀ ਬਿਜਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਕਿਸਾਨਾਂ ਵੱਲੋਂ ਫਸਲ ਨੂੰ ਪਹਿਲਾ ਪਾਣੀ ਲਗਾਉਣ ਅਤੇ ਖਾਦ ਦਵਾਈ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਕਣਕ ਦੇ ਖੇਤ ਵਿਚ ਜਿਥੇ ਨਦੀਨਾਂ ਦੀ ਰੋਕਥਾਮ ਲਈ ਬਹੁਤ ਗੰਭੀਰ ਹੋਣ ਦੀ ਲੋੜ ਹੈ ਉਥੇ ਕੀੜਿਆਂ ਦੀ ਰੋਕਥਾਮ ਕਰਨੀ ਵੀ ਜ਼ਰੂਰੀ ਹੈ। ਕਿਉਂਕਿ ਵੱਖ-ਵੱਖ ਕੀੜੇ-ਮਕੌੜਿਆਂ ਦੀ ਰੋਕਥਾਮ ਸਹੀ ਸਮੇਂ ਅਤੇ ਠੀਕ ਢੰਗ ਨਾਲ ਨਾ ਕੀਤੇ ਜਾਣ ਕਾਰਨ ਨਾ ਸਿਰਫ ਪੈਦਾਵਾਰ ਵਿਚ ਗਿਰਾਵਟ ਆਉਂਦੀ ਹੈ ਸਗੋਂ ਫਸਲ ਦੀ ਗੁਣਵੱਤਾ ’ਤੇ ਵੀ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ-  ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਪੁਲਸ ਨਾਲ ਝੜਪ, ਅੱਗ ਲੱਗਣ ਨਾਲ ਝੁਲਸਿਆ SHO

ਇਸ ਲਈ ਕੀਟ-ਪਤੰਗਿਆਂ ਦੀ ਰੋਕਥਾਮ ਲਈ ਵੱਖ-ਵੱਖ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨੀ ਬੇਹੱਦ ਜ਼ਰੂਰੀ ਹੈ। ਖਾਸ ਤੌਰ ’ਤੇ ਤਣੇ ਦੀ ਗੁਲਾਬੀ ਸੁੰਡੀ ਅਤੇ ਚੂਹੇ ਕਣਕ ਦਾ ਕਾਫੀ ਨੁਕਸਾਨ ਕਰਦੇ ਹਨ ਜਿਨ੍ਹਾਂ ਦੇ ਬਿਨਾਂ ਹੋਰ ਵੀ ਅਨੇਕਾਂ ਕੀੜੇ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਹਨ। ਖੇਤੀ ਮਾਹਿਰਾਂ ਅਨੁਸਾਰ ਇਨਾਂ ਖਤਰਨਾਕ ਕੀੜਿਆਂ ਦੇ ਖਾਤਮੇ ਲਈ ਸਰਬਪੱਖੀ ਪ੍ਰਬੰਧ ਅਪਣਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ- ਪੰਜਾਬ ਰੋਡਵੇਜ਼ ਵਰਕਰਾਂ ਤੇ ਪ੍ਰਸ਼ਾਸਨ 'ਚ ਟਕਰਾਅ, ਕਈ ਯੂਨੀਅਨ ਲੀਡਰ ਹਿਰਾਸਤ 'ਚ ਲਏ

ਕਣਕ ਦੀ ਫਸਲ ’ਤੇ ਸੈਨਿਕ ਸੁੰਡੀ ਆਮ ਤੌਰ ’ਤੇ ਮਾਰਚ-ਅਪ੍ਰੈਲ ਮਹੀਨੇ ਵਿਚ ਹਮਲਾ ਕਰਦੀ ਹੈ ਪਰ ਕਈ ਵਾਰ ਦਸੰਬਰ ਮਹੀਨੇ ਵੀ ਇਸ ਦਾ ਹਮਲਾ ਦੇਖਣ ਨੂੰ ਮਿਲਦਾ ਹੈ। ਇਸ ਕੀੜੇ ਦੀ ਨਵੀਂ ਸੁੰਡੀ ਪੱਤੇ ਨੂੰ ਖਾ ਕੇ ਖਰਾਬ ਕਰ ਦਿੰਦੀ ਹੈ ਜਦੋਂ ਕਿ ਇਸ ਦੀਆਂ ਦੀਆਂ ਵੱਡੀਆਂ ਸੁੰਡੀਆਂ ਪੱਤਿਆਂ ਅਤੇ ਸਿੱਟਿਆਂ ਉਪਰ ਹਮਲਾ ਕਰਕੇ ਕਾਫੀ ਨੁਕਸਾਨ ਕਰ ਦਿੰਦੀਆਂ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆਵੇਗਾ ਵੱਡਾ ਬਦਲਾਅ, ਪੱਛਮੀ ਗੜਬੜੀ ਸਰਗਰਮ, ਵਿਭਾਗ ਨੇ ਮੀਂਹ ਦੇ ਦਿੱਤੇ ਸੰਕੇਤ

ਅਕਸਰ ਇਹ ਸੁੰਡੀ ਸਵੇਰੇ ਅਤੇ ਸ਼ਾਮ ਤੋਂ ਇਲਾਵਾ ਰਾਤ ਸਮੇਂ ਹਮਲਾ ਕਰਦੀ ਹੈ ਜਿਸ ਦੇ ਹਮਲੇ ਦਾ ਪਤਾ ਖੇਤ ਵਿਚ ਬੂਟਿਆਂ ਦੇ ਹੇਠਾਂ ਪਈਆਂ ਹਰੇ ਅਤੇ ਕਾਲੇ ਰੰਗ ਦੀਆਂ ਮੀਗਣਾਂ ਅਤੇ ਸੁੰਡੀਆਂ ਨੂੰ ਦੇਖ ਕੇ ਲੱਗ ਜਾਂਦਾ ਹੈ। ਝੋਨੇ ਦੀ ਫਸਲ ’ਤੇ ਹਮਲਾ ਕਰਨ ਵਾਲੀ ਗੁਲਾਬੀ ਸੁੰਡੀ ਨੇ ਕਣਕ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕਣਕ ਦੀ ਫਸਲ ਕਰੀਬ 40 ਦਿਨਾਂ ਦੀ ਹੁੰਦੀ ਹੈ ਤਾਂ ਇਸ ਦੀਆਂ ਸੰੁਡੀਆਂ ਛੋਟੇ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ ਤੇ ਬੂਟੇ ਦਾ ਅੰਦਰਲਾ ਮਾਦਾ ਖਾ ਕੇ ਉਸ ਨੂੰ ਖਰਾਬ ਕਰ ਦਿੰਦੀਆਂ ਹਨ। ਨਤੀਤੇ ਵਜੋਂ ਬੂਟੇ ਪੀਲੇ ਹੋਣ ਉਪਰੰਤ ਸੁੱਕ ਜਾਂਦੇ ਹਨ।

ਜੇਕਰ ਸਿੱਟੇ ਨਿਕਲਣ ਮੌਕੇ ਇਸ ਦਾ ਹਮਲਾ ਹੋਵੇ ਤਾਂ ਸਿੱਟੇ ਚਿੱਟੇ ਰੰਗ ਦੇ ਹੋ ਜਾਂਦੇ ਹਨ ਅਤੇ ਉਨਾਂ ਵਿਚ ਦਾਣੇ ਨਹੀਂ ਬਣਦੇ। ਇਨਾਂ ਦੋਵਾਂ ਸੁੰਡੀਆਂ ਦੀ ਰੋਕਥਾਮ ਲਈ ਦਸੰਬਰ ਮਹੀਨੇ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਖੇਤਾਂ ’ਚ ਇਸ ਦਾ ਹਮਲਾ ਦਿਖੇ ਤਾਂ ਸ਼ਾਮ ਵੇਲੇ 400 ਮਿਲੀਲਿਟਰ ਏਕਾਲਕਸ 25 ਈ. ਸੀ. (ਕੁਇਨਲਫਾਸ) ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਖੇਤਾਂ ’ਚ ਝੋਨੇ ਦੀ ਪਰਾਲੀ ਜ਼ਿਆਦਾ ਹੋਵੇ ਉਨਾਂ ਖੇਤਾਂ ’ਚ ਕੀਟਨਾਸ਼ਕਾਂ ਦਾ ਸਪਰੇਅ ਕਰਨ ਤੋਂ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ।

ਸਿਉਂਕ ਕਰਦੀ ਹੈ ਵੱਡਾ ਨੁਕਸਾਨ

ਕਣਕ ਦੀ ਫਸਲ ਉਗਣ ਤੋਂ 3-4 ਹਫਤਿਆਂ ਬਾਅਦ ਸਿਉਂਕ ਦਾ ਹਮਲਾ ਹੋ ਸਕਦਾ ਹੈ। ਕੁਝ ਖੇਤਾਂ ਵਿਚ ਸਿਉਂਕ ਫਸਲ ਪੱਕਣ ਦੇ ਨੇੜੇ ਵੀ ਫਸਲ ਦਾ ਨੁਕਸਾਨ ਕਰਦੀ ਹੈ। ਸਿਉਂਕ ਬੂਟੇ ਦੀਆਂ ਜੜਾਂ ਨੂੰ ਅਤੇ ਜ਼ਮੀਨ ਦੇ ਅੰਦਰਲੇ ਹਿੱਸੇ ’ਚ ਬੂਟੇ ਨੂੰ ਖਾ ਕੇ ਬਰਬਾਦ ਕਰ ਦਿੰਦੀ ਹੈ ਜਿਸ ਨਾਲ ਬੂਟਾ ਸੁੱਕ ਜਾਂਦਾ ਹੈ। ਸਿਉਂਕ ਦੇ ਖਾਤਮੇ ਲਈ ਕਣਕ ਦੇ ਬੀਜ ਨੂੰ ਬੀਜਣ ਤੋਂ ਪਹਿਲਾਂ ਬੀਜ ਨੂੰ ਪੰਜਾਬ ਖੇਤੀਬਾੜੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਦਵਾਈਆਂ ਨਾਲ ਸੋਧਣਾ ਚਾਹੀਦਾ ਹੈ ਅਤੇ ਹੋਰ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਕਣਕ ਦੀ ਫਸਲ ਦੇ ਪੱਤਿਆਂ ਅਤੇ ਸਿੱਟਿਆਂ ਵਿਚੋਂ ਰਸ ਚੂਸ ਕੇ ਚੇਪੇ ਨਾਮ ਦਾ ਕੀੜਾ ਵੀ ਨੁਕਸਾਨ ਕਰਦਾ ਹੈ। ਇਸ ਨਾਲ ਫਸਲ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਜੇਕਰ ਸਿੱਟਿਆਂ ’ਤੇ ਇਸ ਦਾ ਹਮਲਾ ਜ਼ਿਆਦਾ ਹੋ ਜਾਵੇ ਤਾਂ ਦਾਣੇ ਬਾਰੀਕ ਰਹਿ ਜਾਂਦੇ ਹਨ। ਨਤੀਜੇ ਵਜੋਂ ਝਾੜ ਘੱਟ ਜਾਂਦਾ ਹੈ। ਇਸ ਲਈ ਖੇਤੀ ਮਾਹਿਰ ਕਿਸਾਨਾਂ ਨੂੰ ਸਲਾਹ ਦੇ ਰਹੇ ਹਨ ਕਿ ਉਹ ਫਸਲ ਦਾ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਕਿਸੇ ਕੀੜੇ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ।

 


author

Shivani Bassan

Content Editor

Related News