ਫੂਲਕਾ ਨੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਲਿਖੀ ਜਜ਼ਬਾਤੀ ਚਿੱਠੀ, ਆਖੀ ਇਹ ਗੱਲ
Thursday, Sep 23, 2021 - 02:47 PM (IST)
ਚੰਡੀਗੜ੍ਹ (ਬਿਊਰੋ) - ਸੁਪਰੀਮ ਕੋਰਟ ਦੇ ਵਕੀਲ ਅਤੇ ਸਾਬਕਾ ਵਿਧਾਇਕ ਐੱਚ.ਐੱਸ. ਫੂਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਕ ਜਜ਼ਬਾਤੀ ਚਿੱਠੀ ਲਿਖੀ ਹੈ। ਚਿੱਠੀ ’ਚ ਉਨ੍ਹਾਂ ਨੇ ਬਿਆਨ ਦਰਜ ਕੀਤੇ ਕਿ ‘ਪੰਜਾਬ ਦਾ ਮੁੱਖ ਮੰਤਰੀ ਚਾਹੇ ਹਿੰਦੂ ਹੋਵੇ ਤੇ ਚਾਹੇ ਸਿੱਖ ਕੋਈ ਫ਼ਰਕ ਨਹੀਂ ਪੈਂਦਾ’ ’ਤੇ ਇਤਰਾਜ਼ ਉਠਾਇਆ ਹੈ। ਫੂਲਕਾ ਨੇ ਜਥੇਦਾਰ ਨੂੰ ਭੇਜੇ ਪੱਤਰ ’ਚ ਕਿਹਾ ਕਿ ਉਨ੍ਹਾਂ ਦੇ ਇਸ ਬਿਆਨ ਨਾਲ ਇਹ ਸੰਦੇਸ਼ ਗਿਆ ਕਿ ਸਿੱਖਾਂ ਨੇ ਪੰਜਾਬ ਦਾ ਸਿੱਖ ਮੁੱਖ ਮੰਤਰੀ ਹੋਣ ਦਾ ਹੱਕ ਛੱਡ ਦਿੱਤਾ ਹੈ।
ਫੂਲਕਾ ਨੇ ਜਥੇਦਾਰ ਨੂੰ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛੋ ਕਿ ਹਜ਼ਾਰਾਂ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾ ਕੇ ਪੰਜਾਬੀ ਸੂਬਾ ਬਣਾਉਣ ਦੀ ਕੀ ਜ਼ਰੂਰਤ ਸੀ। ਪੰਜਾਬ ਦੀਆਂ ਦਿੱਲੀ ਤੱਕ ਜੜ੍ਹਾਂ ਸਨ ਅਤੇ ਪੁਰਾਣੇ ਪੰਜਾਬ ’ਚ ਕਦੇ ਹਿੰਦੂ ਅਤੇ ਕਦੇ ਸਿੱਖ ਮੁੱਖ ਮੰਤਰੀ ਬਣਦੇ ਰਹੇ ਹਨ। ਅਕਾਲੀ ਦਲ ਨੇ 1966 ਵਿਚ ਅਲਗ ਸੂਬੇ ਦੀ ਮੰਗ ਕਰਕੇ ਪੰਜਾਬੀ ਸੂਬਾ ਬਣਵਾਇਆ ਕਿ ਦੁਨੀਆਂ ਵਿਚ ਇਹ ਸਿੱਖਾਂ ਦਾ ਇਕੋ ਇਕ ਪੰਜਾਬੀ ਸੂਬਾ ਹੋਵੇਗਾ, ਜਿਸ ’ਚ ਸਿੱਖ ਚਿਹਰਾ ਹੀ ਮੁੱਖ ਮੰਤਰੀ ਬਣੇਗਾ।
ਉਨ੍ਹਾਂ ਨੇ ਕਿਹਾ ਕਿ ਭਾਵੇਂ 1966 ਤੋਂ ਬਾਅਦ ਕਈ ਪਾਰਟੀਆਂ ਸੱਤਾ ’ਚ ਆਈਆਂ ਪਰ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੀ ਰਿਹਾ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਤੁਹਾਡਾ ਫਰਜ਼ ਬਣਦਾ ਹੈ ਕਿ ਸਾਰੇ ਸਿੱਖਾਂ ਦੇ ਵਿਚਾਰ ਲੈ ਕੇ ਫ਼ੈਸਲਾ ਕਰੋ ਕਿ ਸਿੱਖ ਕੀ ਚਾਹੁੰਦੇ ਹਨ।