''ਫੂਲਕਾ'' ਵਲੋਂ ਭਗਵੰਤ ਮਾਨ ਦੀ ਟਿੱਪਣੀ ''ਤੇ ਠੋਕਵਾਂ ਜਵਾਬ

10/12/2019 9:31:08 AM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਦੇ ਸਾਬਕਾ ਮੈਂਬਰ ਅਤੇ ਦਾਖਾ ਤੋਂ ਸਾਬਕਾ ਵਿਧਾਇਕ ਐੱਚ. ਐੱਸ. ਫੂਲਕਾ ਨੇ ਭਗਵੰਤ ਮਾਨ ਦੀ ਟਿੱਪਣੀ 'ਤੇ ਠੋਕਵਾਂ ਜਵਾਬ ਦਿੱਤਾ ਹੈ। ਫੂਲਕਾ ਨੇ ਕਿਹਾ ਕਿ ਭਗਵੰਤ ਮਾਨ ਦੇ ਕਹੇ ਅਨੁਸਾਰ ਉਹ ਜ਼ਿਮਨੀ ਚੋਣਾਂ ਦਾ ਖਰਚਾ ਦੇਣ ਲਈ ਤਿਆਰ ਹਨ ਪਰ ਇਸ ਤੋਂ ਪਹਿਲਾਂ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਕਾ ਕੇਜਰੀਵਾਲ ਤੋਂ ਵੀ ਪੁੱਛ ਲੈਣ ਕਿ ਕੀ ਉਹ ਇਸ ਤਰ੍ਹਾਂ ਦਾ ਖਰਚਾ ਭਰਨਗੇ।
ਫੂਲਕਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਦਾਖਾ 'ਚ ਚੋਣ ਪ੍ਰਚਾਰ ਦੌਰਾਨ ਜ਼ਿਮਨੀ ਚੋਣਾਂ ਨੂੰ ਮੇਰੇ ਅਸਤੀਫੇ ਕਾਰਣ ਕਰਵਾਏ ਜਾਣ ਦੀ ਮਜਬੂਰੀ ਦੱਸਦੇ ਹੋਏ ਇਸ ਦਾ ਸਾਰਾ ਖਰਚਾ ਮੇਰੇ (ਫੂਲਕਾ) ਤੋਂ ਲੈਣ ਦੀ ਗੱਲ ਕਹੀ ਗਈ ਸੀ। ਫੂਲਕਾ ਨੇ ਕਿਹਾ ਕਿ ਲੋਕਤੰਤਰ 'ਚ ਰੋਸ ਪ੍ਰਗਟ ਕਰਨ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਸਭ ਤੋਂ ਵੱਡਾ ਲੋਕਤੰਤਰੀ ਹਥਿਆਰ ਮੰਨਿਆ ਜਾਂਦਾ ਹੈ ਅਤੇ ਮੈਂ ਬੇਅਦਬੀ ਦੇ ਮਾਮਲੇ 'ਤੇ ਇਸ ਕਾਰਣ ਆਪਣਾ ਅਸਤੀਫਾ ਦਿੱਤਾ।

ਫੂਲਕਾ ਨੇ ਕਿਹਾ ਕਿ ਉਹ ਦਾਖੇ ਦੇ ਇਲਾਕੇ 'ਚ ਆਪਣੇ ਨਿੱਜੀ ਪੈਸੇ ਨਾਲ ਮੋਬਾਇਲ ਹਸਪਤਾਲ ਚਲਾਉਣ ਦੇ ਨਾਲ-ਨਾਲ ਕਈ ਸਕੂਲਾਂ 'ਚ ਆਪਣੇ ਖਰਚੇ 'ਤੇ ਸਮਾਰਟ ਕਲਾਸ ਰੂਮ ਸਥਾਪਤ ਕਰ ਚੁੱਕੇ ਹਨ। ਇਹ ਸਾਰਾ ਐਸਟੀਮੇਟ ਤਕਰੀਬਨ ਇਕ ਕਰੋੜ ਦੇ ਆਸਪਾਸ ਦਾ ਹੈ, ਜੇਕਰ ਭਗਵੰਤ ਮਾਨ ਦੇ ਅਨੁਸਾਰ ਇਨ੍ਹਾਂ ਜ਼ਿਮਨੀ ਚੋਣਾਂ 'ਤੇ 1 ਕਰੋੜ ਤੋਂ ਜ਼ਿਆਦਾ ਦਾ ਖਰਚ ਆਇਆ ਹੈ ਤਾਂ ਫੂਲਕਾ ਨੇ ਕਿਹਾ ਕਿ ਉਹ ਉਕਤ ਰਾਸ਼ੀ ਵੀ ਦਾਖਾ ਹਲਕੇ ਦੀ ਭਲਾਈ ਲਈ ਖਰਚਣ ਲਈ ਤਿਆਰ ਹਨ ਪਰ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਕਾ ਕੇਜਰੀਵਾਲ ਤੋਂ ਵੀ ਅਜਿਹਾ ਹੀ ਪੁੱਛੇ ਕਿਉਂਕਿ ਕੇਜਰੀਵਾਲ ਵੱਲੋਂ ਪਹਿਲੀ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਕੁਝ ਦਿਨਾਂ ਅੰਦਰ ਹੀ ਅਸਤੀਫਾ ਦੇ ਦਿੱਤਾ ਗਿਆ ਸੀ, ਜਿਸ ਕਾਰਣ ਪੂਰੀ ਦਿੱਲੀ 'ਚ ਦੁਬਾਰਾ ਚੋਣਾਂ ਕਰਵਾਉਣੀਆਂ ਪਈਆਂ ਸਨ। ਫੂਲਕਾ ਨੇ ਭਗਵੰਤ ਤੋਂ ਪੁੱਛਿਆ ਕਿ ਕੀ ਕੇਜਰੀਵਾਲ ਉਕਤ ਧਨ ਰਾਸ਼ੀ ਜਮ੍ਹਾ ਕਰਵਾਉਣ ਲਈ ਤਿਆਰ ਹਨ। ਫੂਲਕਾ ਨੇ ਕਿਹਾ ਕਿ ਜੇਕਰ ਚੋਣ ਕਮਿਸ਼ਨ ਕੋਈ ਅਜਿਹਾ ਫੈਸਲਾ ਲੈਂਦਾ ਹੈ ਕਿ ਕਿਸੇ ਦੇ ਅਸਤੀਫਾ ਦੇਣ ਕਾਰਣ ਹੋਣ ਵਾਲੀ ਉਪ ਚੋਣ ਦਾ ਖਰਚਾ ਉਸ 'ਤੇ ਪਾਇਆ ਜਾਵੇ ਤਾਂ ਉਹ ਉਸ ਦਾ ਸਵਾਗਤ ਕਰਨਗੇ।


Babita

Content Editor

Related News