''ਆਪ'' ਛੱਡਣ ਵਾਲੇ ਫੂਲਕਾ ਵਲੋਂ ਵੱਖਰੀ ਜਥੇਬੰਦੀ ਬਣਾਉਣ ਦਾ ਐਲਾਨ

01/04/2019 6:20:34 PM

ਨਵੀਂ ਦਿੱਲੀ\ਚੰਡੀਗੜ੍ਹ : ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇਣ ਵਾਲੇ ਐੱਚ. ਐੱਸ. ਫੂਲਕਾ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਫੂਲਕਾ ਨੇ ਕਿਹਾ ਕਿ ਉਹ 6 ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਵਿਚ ਸਮਾਜ ਸੇਵੀਆਂ ਨੂੰ ਨਾਲ ਲੈ ਕੇ ਇਕ ਸੰਗਠਨ ਬਣਾਉਣਗੇ ਅਤੇ ਇਹ ਸੰਗਠਨ ਪੰਜਾਬ ਵਿਚ ਨਸ਼ੇ ਦੇ ਖਿਲਾਫ ਲੜਾਈ ਲੜੇਗਾ। ਇਸ ਦੇ ਨਾਲ ਫੂਲਕਾ ਨੇ ਇਹ ਵੀ ਕਿਹਾ ਕਿ ਇਸ ਸੰਗਠਨ ਰਾਹੀਂ ਐੱਸ. ਜੀ. ਪੀ. ਸੀ. ਨੂੰ ਸਿਆਸੀ ਲੋਕਾਂ ਦੇ ਹੱਥਾਂ ਵਿਚ ਮੁਕਤ ਕਰਵਾ ਕੇ ਲੋਕ ਭਲਾਈ ਅਤੇ ਪੰਜਾਬ ਦੇ ਜਨਤਾ ਦੇ ਹਿੱਤ ਲਈ ਵਰਤਿਆ ਜਾਵੇਗਾ। ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫੂਲਕਾ ਨੇ ਕਿਹਾ ਕਿ ਅੱਜ ਤੋਂ 8 ਸਾਲ ਪਹਿਲਾਂ ਅੰਨਾ ਹਜ਼ਾਰੇ ਵਲੋਂ ਚਲਾਏ ਗਏ ਮੂਵਮੈਂਟ ਵਿਚ ਕਈ ਸਮਾਜ ਸੇਵੀਆਂ ਨੇ ਹਿੱਸਾ ਲਿਆ ਅਤੇ ਇਸ ਵਿਚੋਂ ਕਈ ਲੀਡਰ ਵੀ ਨਿਕਲੇ, ਅੱਜ ਫਿਰ ਅੰਨਾ ਹਜ਼ਾਰੇ ਨੂੰ ਉਸੇ ਤਰ੍ਹਾਂ ਦਾ ਮੂਵਮੈਂਟ ਚਲਾਉਣ ਦੀ ਜ਼ਰੂਰਤ ਹੈ। ਫੂਲਕਾ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਨੂੰ ਸੱਦਾ ਦਿੰਦੇ ਹਨ, ਜਿਹੜੇ ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਨਾ ਚਾਹੁੰਦੇ ਹਨ। ਫੂਲਕਾ ਨੇ ਕਿਹਾ ਕਿ ਉਹ ਪੰਜਾਬ ਦੀ ਭਲਾਈ ਲਈ ਸਿਆਸਤ ਵਿਚ ਆਏ ਸਨ ਅਤੇ ਉਨ੍ਹਾਂ ਨੂੰ ਪੰਜ ਸਾਲ ਦੇ ਸਿਆਸੀ ਸਫਰ ਵਿਚ ਲੋਕਾਂ ਵਲੋਂ ਭਰਵਾਂ ਸਮਰਥਨ ਮਿਲਿਆ।
ਅੱਗੇ ਬੋਲਦੇ ਹੋਏ ਫੂਲਕਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਵਿਧਾਨ ਸਭਾ 'ਚੋਂ ਅਸਤੀਫਾ ਦੇ ਦਿੱਤਾ ਹੈ ਪਰ ਅਜੇ ਤਕ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ ਹੈ ਅਤੇ ਉਹ ਅਜੇ ਵੀ ਹਲਕਾ ਦਾਖਾ ਤੋਂ ਵਿਧਾਇਕ ਹਨ। ਫੂਲਕਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪੁੱਛਿਆ ਜਾ ਰਿਹਾ ਹੈ ਕਿ ਉਹ ਲੋਕ ਸਭਾ ਚੋਣਾਂ ਲੜਨ ਲਈ ਮੈਦਾਨ ਵਿਚ ਉਤਰ ਰਹੇ ਹਨ ਜਾਂ ਨਹੀਂ ਪਰ ਉਹ ਇਹ ਸਾਫ ਕਰ ਰਹੇ ਹਨ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜ ਰਹੇ ਹਨ। 
ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਅਹੁਦਾ ਛੱਡਣ ਬਾਰੇ ਗੱਲ ਕਰਦੇ ਹੋਏ ਫੂਲਕਾ ਨੇ ਕਿਹਾ ਕਿ ਬਾਰ ਕੌਂਸਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਵਿਰੋਧੀ ਧਿਰ ਦੇ ਅਹੁਦੇ 'ਤੇ ਹੁੰਦੇ ਹੋਏ '84 ਦਾ ਕੇਸ ਨਹੀਂ ਲੜ ਸਕਦੇ, ਜਿਸ ਕਾਰਨ ਉਨ੍ਹਾਂ ਇਸ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਫੂਲਕਾ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਆਮ ਆਦਮੀ ਪਾਰਟੀ ਦੀ ਕਿਸੇ ਵੀ ਸਿਆਸੀ ਮੂਵਮੈਂਟ ਵਿਚ ਸ਼ਾਮਲ ਨਹੀਂ ਸੀ ਹੋ ਰਹੇ, ਉਨ੍ਹਾਂ ਦਾ ਫੌਕਸ ਸਿਰਫ ਤੇ ਸਿਰਫ '84 ਕੇਸਾਂ 'ਤੇ ਸੀ। ਹੁਣ ਵੀ ਉਹ ਪੰਜਾਬ 'ਚੋਂ ਨਸ਼ੇ ਦੀ ਖਾਤਮੇ ਲਈ ਕੰਮ ਕਰਨ ਜਾ ਰਹੇ ਹਨ ਅਤੇ ਆਉਣ ਵਾਲੇ ਛੇ ਮਹੀਨਿਆਂ ਦੇ ਅੰਦਰ-ਅੰਦਰ ਇਕ ਜਥੇਬੰਦੀ ਦਾ ਗਠਨ ਕੀਤਾ ਜਾਵੇਗਾ।


Gurminder Singh

Content Editor

Related News