ਕੋਰੋਨਾ ਅਤੇ ਝੋਨਾ ਸੰਕਟ ਨਾਲ ਆਖਰ ਕਿਵੇਂ ਨਜਿੱਠੇਗਾ ਪੰਜਾਬ ?

Wednesday, Apr 29, 2020 - 03:39 PM (IST)

ਕੋਰੋਨਾ ਅਤੇ ਝੋਨਾ ਸੰਕਟ ਨਾਲ ਆਖਰ ਕਿਵੇਂ ਨਜਿੱਠੇਗਾ ਪੰਜਾਬ ?

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ)

ਸਮੁੱਚੀ ਦੁਨੀਆ ਕੋਰੋਨਾ ਵਾਇਰਸ ਦੀ ਮਹਾਮਾਰੀ ਵਿਚਾਲੇ ਬੁਰੀ ਤਰ੍ਹਾਂ ਘਿਰ ਚੁੱਕੀ ਹੈ। ਇਸ ਕਾਰਨ, ਜਿੱਥੇ ਵੱਡੀ ਪੱਧਰ ’ਤੇ ਮਨੁੱਖੀ ਜਾਨਾਂ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਹੀ ਮਨੁੱਖੀ ਗਤੀਵਿਧੀਆਂ ਨੂੰ ਵੀ ਕੱਸਵੀਂ ਬਰੇਕ ਲੱਗ ਚੁੱਕੀ ਹੈ। ਉਦਯੋਗ ਅਤੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ। ਇਸ ਸਭ ਵਿਚਾਲੇ ਸਿਰਫ ਉਹੀ ਗਤੀਵਿਧੀਆਂ ਹੋ ਰਹੀਆਂ ਹਨ, ਜੋ ਮਨੁੱਖ ਦੇ ਜੀਵਨ ਚੱਕਰ ਨੂੰ ਚੱਲਦਾ ਰੱਖ ਸਕਦੀਆ ਹਨ। ਪੰਜਾਬ ਅਤੇ ਹੋਰ ਗੁਆਂਢੀ ਸੂਬਿਆਂ ਵਿਚ ਹੁਣ ਤੱਕ ਇਹ ਗਤੀਵਿਧੀਵਿਧੀਆਂ ਕਣਕ ਦੀ ਫਸਲ ਨੂੰ ਸੰਭਾਲਣ ਲਈ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਨਿਰੰਤਰ ਚੱਲਦੀਆਂ ਰਹੀਆਂ ਹਨ। ਇਸ ਸਭ ਦੌਰਾਨ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਸੂਬੇ ਵਿਚ ਹੁਣ ਤੱਕ ਕਣਕ ਦੀ ਵਢਾਈ ਕਾਫੀ ਹੱਦ ਤੱਕ ਮੁਕੰਮਲ ਹੋ ਚੁੱਕੀ ਹੈ। ਇਹ ਵੀ ਸੱਚਾਈ ਹੈ ਕਿ ਵੱਢੀ ਹੋਈ ਇਹ ਕਣਕ ਅਜੇ ਤੱਕ ਮੰਡੀਆਂ ਵਿਚ ਬਹੁਤ ਘੱਟ ਮਾਤਰਾ ਵਿਚ ਗਈ ਹੈ, ਜਿਸ ਕਾਰਨ ਕਿਸਾਨ ਚਿੰਤਾ ਵਿਚ ਹਨ। ਕਿਸਾਨਾਂ ਲਈ ਇਸ ਤੋਂ ਵੀ ਵੱਡੀ ਚਿੰਤਾ ਦਾ ਵਿਸ਼ਾ ਇਹ ਬਣਿਆ ਹੋਇਆ ਹੈ ਕਿ ਕੋਰੋਨਾ ਮਹਾਮਾਰੀ ਦੇ ਇਸ ਸੰਕਟ ਦਰਮਿਆਨ ਝੋਨੇ ਦੀ ਬਿਜਾਈ ਕਿਵੇਂ ਹੋਵੇਗੀ ? 


ਕੀ ਹੈ ਚਿੰਤਾ ਦਾ ਮੁੱਖ ਕਾਰਨ
ਇਸ ਦਾ ਮੁੱਖ ਕਾਰਨ ਹੈ ਕੋਰੋਨਾ ਮਹਾਮਾਰੀ ਦੇ ਕਾਰਨ ਪੰਜਾਬ ਵਿਚ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀ ਘਾਟ। ਪੰਜਾਬ ਵਿਚ ਭਾਵੇਂ ਕਿ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀ ਘਾਟ ਹਰ ਸਾਲ ਆਉਂਦੀ ਹੈ ਪਰ ਕੋਰੋਨਾ ਵਾਇਰਸ ਕਾਰਨ ਇਸ ਵਾਰ ਇਹ ਵੱਡਾ ਸੰਕਟ ਬਣ ਕੇ ਸਾਹਮਣੇ ਆ ਸਕਦੀ ਹੈ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਦੇਖੀਏ ਤਾਂ ਮੌਜੂਦਾ ਦੌਰ ਵਿਚ ਝੋਨਾ ਵੈਸੇ ਵੀ ਪੰਜਾਬ ਲਈ ਵੱਡਾ ਸੰਕਟ ਬਣਦਾ ਜਾ ਰਿਹਾ ਹੈ। 

PunjabKesariਮਜ਼ਦੂਰਾਂ ਦੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਵੇਂ ਕਿ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਇਸ ਲਈ ਕੀਤੇ ਜਾ ਰਹੇ ਉਪਰਾਲੇ ਨਾ ਮਾਤਰ ਹੀ ਹਨ। ਇਨ੍ਹਾਂ ਉਪਰਾਲਿਆਂ ਵਿਚ ਕਿਸਾਨਾਂ ਨੂੰ ਬਿਜਾਈ ਅਤੇ ਲੁਆਈ ਮਸ਼ੀਨਾਂ ਉਪਲੱਬਧ ਕਰਵਾਉਣ ਸਬਸਿਡੀ ਦੇਣ ਦੀ ਵੀ ਗੱਲ ਹੈ। ਪਿਛਲੇ ਸਾਲ ਵੀ ਪੰਜਾਬ  ਵਿਚ ਕੋਆਪਰੇਟਿਵ ਸੁਸਾਇਟੀਆਂ ਵਲੋਂ ਕੁਝ ਕੁ ਮਸ਼ੀਨਾਂ ਖਰੀਦੀਆਂ ਗਈਆਂ ਸਨ ਪਰ ਪੰਜਾਬ ਵਿਚ ਝੋਨੇ ਹੇਠਲੇ ਰਕਬੇ ਮੁਕਾਬਲੇ ਇਹ ਮਸ਼ੀਨਾਂ ਆਟੇ ਵਿਚ ਲੂਣ ਦੇ ਬਰਾਬਰ ਵੀ ਨਹੀਂ ਸਨ।

ਕੀ ਮਸ਼ੀਨਾਂ ਨਾਲ ਹੋ ਸਕੇਗੀ ਝੋਨੇ ਦੀ ਬਿਜਾਈ ਅਤੇ ਲਵਾਈ

ਝੋਨੇ ਦੀ ਬਿਜਾਈ ਅਤੇ ਲਵਾਈ ਵਾਲੀਆਂ ਮਸ਼ੀਨਾਂ ਦਾ ਕਿਸਾਨ ਤਾਂ ਹੀ ਲਾਹਾ ਲੈ ਸਕਣਗੇ ਜੇਕਰ ਇਹ ਮਸ਼ੀਨਾਂ ਅਤੇ ਇਨ੍ਹਾਂ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਸਹੀ ਸਮੇਂ ’ਤੇ ਉਪਲੱਬਧ ਹੋਵੇ। ਸਭ ਤੋਂ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰੀਏ ਤਾਂ ਇਸ ਲਈ ਇਕ ਮਹੀਨਾਂ ਪਹਿਲਾਂ ਐਡਵਾਂਸ ਅਤੇ ਮਈ ਮਹੀਨੇ ਵਿਚ ਖੁੱਲ੍ਹੇ ਪਾਣੀ ਦੀ ਲੋੜ ਹੁੰਦੀ ਹੈ। ਸਿੱਧੀ ਬਿਜਾਈ ਲਈ ਜੇਕਰ ਮਈ ਮਹੀਨੇ ਵਿਚ ਬਿਜਲੀ ਅਤੇ ਖੁੱਲ੍ਹਾ ਪਾਣੀ ਉਪਲੱਬਧ ਨਾ ਹੋਇਆ ਤਾਂ ਕਿਸਾਨ ਮਹਿੰਗ ਭਾਅ ਦਾ ਡੀਜ਼ਲ ਬਾਲਣ ਅਤੇ ਧਰਤੀ ਹੇਠੋਂ ਪਾਣੀ ਕੱਢਣ ਲਈ ਮਜ਼ਬੂਰ ਹੋ ਜਾਣਗੇ। ਇਸ ਦੇ ਨਾਲ-ਨਾਲ ਸਿੱਧੀ ਬਿਜਾਈ ਲਈ ਵਾਧੂ ਬੀਜ਼ ਦੀ ਵੀ ਜਰੂਰਤ ਹੁੰਦੀ ਹੈ, ਜੋ ਕਿਸਾਨਾਂ ਲਈ ਮੁੱਖ ਸਮੱਸਿਆ ਬਣ ਸਕਦੀ ਹੈ। 

ਇਸ ਤੋਂ ਇਲਾਵਾ ਜੇਕਰ ਗੱਲ ਝੋਨੇ ਲਾਉਣ ਵਾਲੀ ਮਸ਼ੀਨਾਂ ਦੀ ਕਰੀਏ ਇਸ ਦੀ ਮੁੱਖ ਲੋੜ ਬੈੱਡਾਂ ’ਤੇ ਬੀਜ਼ੀ ਜਾਣ ਵਾਲੀ ਪਨੀਰੀ ਹੁੰਦੀ ਹੈ। ਸੱਚਾਈ ਇਹ ਹੈ ਕਿ ਪੰਜਾਬ ਦਾ ਕਿਸਾਨ ਬੈੱਡਾਂ ’ਤੇ ਪਨੀਰੀ ਨਹੀਂ ਬੀਜ਼ਦਾ। ਇਸ ਸੰਕਟ ਨੂੰ ਦੇਖਦਿਆਂ ਮੌਜੂਦਾ ਵਰ੍ਹੇ ਦੌਰਾਨ ਜੇਕਰ ਸਰਕਾਰ ਚਾਹੁੰਦੀ ਹੈ ਕਿ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਨਾਲ ਪੰਜਾਬ ਵਿਚ ਝੋਨਾ ਲੱਗੇ ਤਾਂ ਕਿਸਾਨਾਂ ਨੂੰ ਹੁਣ ਤੋਂ ਬੈੱਡਾਂ ਵਾਲੀ ਪਨੀਰੀ ਬੀਜਣ ਲਈ ਉਤਸ਼ਾਹਿਤ ਕਰਨਾ ਪਵੇਗਾ ਨਹੀਂ ਤਾਂ ਪੰਜਾਬ ਵਿਚ ਝੋਨੇ ਦੀ ਲਵਾਈ ਦਾ ਸੰਕਟ ਪੈਦਾ ਹੋ ਸਕਦਾ ਹੈ।

ਝੋਨੇ ਹੇਠਲਾ ਰਕਬਾ ਘਟਾਉਣ ਲਈ ਠੋਸ ਰਣਨੀਤੀ

  ਸਾਲ 2018 ਦੌਰਾਨ ਸੂਬੇ ਵਿਚ ਝੋਨੇ ਹੇਠ ਰਕਬਾ 64.80 ਲੱਖ ਏਕੜ ਦੇ ਕਰੀਬ ਸੀ। ਇਸ ਤੋਂ ਬਾਅਦ ਬੀਤੇ ਵਰ੍ਹੇ 2019 ਦੌਰਾਨ ਝੋਨੇ ਹੇਠਲਾ ਇਹ ਰਕਬਾ ਕੁਝ ਘਟ ਕੇ  57.27 ਲੱਖ ਏਕੜ ਰਹਿ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦਿਆਂ ਮੌਜੂਦਾ ਸਾਲ ਦੌਰਾਨ 7 ਲੱਖ ਏਕੜ ਹੋਰ ਰਕਬਾ ਝੋਨੇ ਹੇਠੋਂ ਕੱਢ ਕੇ ਹੋਰ ਫਸਲਾਂ ਹੇਠ ਲਿਆਉਣ ਦਾ ਟੀਚਾ ਮਿਥਿਆ ਸੀ। ਹੁਣ ਇਸ ਟੀਚੇ ਨੂੰ ਕਿੰਨਾ ਕੁ ਬੂਰ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਟੀਚੇ ਨੂੰ ਅਮਲ ਵਿਚ ਲਿਆਉਣ ਲਈ ਠੋਸ ਰਣਨੀਤੀ ਘੜੀ ਜਾਂਦੀ ਅਤੇ ਕੋਰੋਨਾ ਸੰਕਟ ਨੂੰ ਦੇਖਦਿਆਂ ਝੋਨੇ ਹੇਠਲਾ ਰਕਬਾ ਹੋਰ ਵੀ ਘਟਾਇਆ ਜਾਂਦਾ।

PunjabKesariਇਸ ਦੇ ਲਈ ਸਰਕਾਰ ਨੂੰ ਚਾਹੀਦਾ ਸੀ ਕਿ ਬਦਲਵੀਆਂ ਫਸਲਾਂ ਦੇ ਮੰਡੀਕਰਨ ਨੂੰ ਯਕੀਨੀ ਬਣਾਇਆ ਜਾਂਦਾ ਅਤੇ ਬੀਜੀਆਂ ਜਾਣ ਵਾਲੀਆਂ ਇਨ੍ਹਾਂ ਫਸਲਾਂ ਲਈ ਕਿਸਾਨਾਂ ਦੀ ਲੋੜੀਂਦੀ ਮਦਦ ਵੀ ਕੀਤੀ ਜਾਂਦੀ। ਬੀਤੇ ਵਰ੍ਹੇ ਵਾਂਗ ਜੇਕਰ ਇਸ ਵਾਰ ਵੀ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੱਧ ਮਾਤਰਾ ਵਿਚ ਡਿੱਗਦਾ ਹੈ ਤਾਂ ਸੂਬੇ ਲਈ ਕੋਰੋਨਾ ਤੋਂ ਵੱਡੇ ਸੰਕਟ ਵਾਲੀ ਸਥਿਤੀ ਖੜੀ ਹੋ ਜਾਵੇਗੀ।


author

jasbir singh

News Editor

Related News