2 ਘਰਾਂ ’ਚੋਂ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ

Wednesday, Aug 15, 2018 - 12:58 AM (IST)

2 ਘਰਾਂ ’ਚੋਂ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ

ਕਾਹਨੂੰਵਾਨ/ਗੁਰਦਾਸਪੁਰ,   (ਵਿਨੋਦ)-  ਪੁਲਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਦੋ ਪਿੰਡਾਂ ’ਚ ਚੋਰਾਂ ਵੱਲੋਂ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਲੱਖਾਂ ਦੀ ਨਕਦੀ ਅਤੇ ਸੋਨਾ ਚੋਰੀ ਕਰਨ ਦੀ ਸੂਚਨਾ ਹੈ ਅਤੇ ਇਕ ਘਰ ਦੇ ਪਰਿਵਾਰ ਦੀ ਚੌਕਸੀ ਕਾਰਨ ਚੋਰ ਚੋਰੀ ਕਰਨ ’ਚ ਅਸਫਲ ਰਹੇ। ਜਾਣਕਾਰੀ ਅਨੁਸਾਰ ਪਿੰਡ ਭੱਟੀਆਂ ਦੇ ਜਸਪਾਲ ਸਿੰਘ ਪਾਲਾ ਦੇ ਘਰ ’ਚੋਂ ਚੋਰਾਂ ਨੇ 12 ਤੋਲੇ ਸੋਨਾ ਚੋਰੀ ਕਰ ਲਿਆ। ਜਸਪਾਲ ਸਿੰਘ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਪਰਿਵਾਰ ਸਮੇਤ ਸੋਮਵਾਰ ਰਾਤ ਸੁੱਤੇ ਹੋਏ ਸਨ। ਸਵੇਰੇ ਜਦੋਂ ਉਨ੍ਹਾਂ ਦੇਖਿਆ ਤਾਂ ਘਰ ਦਾ  ਮੇਨ ਦਰਵਾਜ਼ਾ ਖੁੱਲ੍ਹਾ ਪਿਆ ਸੀ ਤੇ ਘਰ ਅੰਦਰ ਪਈਆਂ ਪੇਟੀਆਂ ਦੇ ਜਿੰਦਰੇ ਟੁੱਟੇ ਪਏ ਸਨ  ਤੇ ਕੀਮਤੀ ਸਾਮਾਨ ਤੇ ਗਹਿਣੇ ਆਦਿ ਗਾਇਬ ਸਨ। 
ਇਸੇ ਤਰ੍ਹਾਂ ਪਿੰਡ ਜਲਾਲਪੁਰ ਬੇਦੀਆਂ ਦੇ ਨਵਿੰਦਰ ਸਿੰਘ ਦੇ ਘਰੋਂ 1 ਲੱਖ 70 ਹਜ਼ਾਰ ਦੀ ਨਕਦੀ ਅਤੇ ਕੁਝ ਗਹਿਣੇ ਚੋਰੀ ਕੀਤੇ।  ਨਵਿੰਦਰ  ਨੇ ਦੱਸਿਆ ਕਿ ਚੋਰ ਉਸ ਦੇ ਘਰ ਦੀ ਛੱਤ ਰਾਹੀਂ  ਘਰ ਅੰਦਰ ਦਾਖਲ ਹੋਏ। ਉਨ੍ਹਾਂ ਕਿਹਾ ਕਿ ਘਰ ’ਚ ਵਿਆਹ  ਰੱਖਿਅਾ ਹੋਣ ਕਾਰਨ  ਨਕਦੀ ਪਈ ਹੋਈ ਸੀ, ਜਿਸ ’ਚੋਂ 1 ਲੱਖ 70 ਹਜ਼ਾਰ  ਚੋਰ ਲੈ ਗਏ। ਇੰਝ ਹੀ ਚੋਰਾਂ ਵੱਲੋਂ ਪਿੰਡ ਭੱਟੀਆਂ ਦੇ ਹਰਪਾਲ ਸਿੰਘ ਦੇ ਘਰ   ਪਿਛਲੀ ਗਲੀ ਵਾਲੀ ਖਿਡ਼ਕੀ ਤੋਡ਼ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ  ਚੋਰ ਘਰ ਵਾਲਿਅਾਂ ਦੇ ਜਾਗਣ ਨਾਲ ਭੱਜ ਗਏ। ਇਨ੍ਹਾਂ ਘਟਨਾਵਾਂ ਦਾ ਪਤਾ ਲੱਗਣ ’ਤੇ ਥਾਣਾ ਕਾਹਨੂੰਵਾਨ ਦੀ ਪੁਲਸ ਮੌਕੇ ’ਤੇ ਪੁੱਜੀ। ਥਾਣਾ ਮੁਖੀ ਸੁਰਿੰਦਰਪਾਲ  ਨੇ ਕਿਹਾ ਕਿ ਪੀਡ਼ਤ ਪਰਿਵਾਰਾਂ ਦੇ ਬਿਆਨਾਂ ਅਨੁਸਾਰ ਪੁਲਸ ਤਫਤੀਸ਼ ਕਰ ਰਹੀ ਹੈ।
 


Related News