ਭਾਰੀ ਬਰਸਾਤ ਨੇ ਇਸ ਪਰਿਵਾਰ ਨੂੰ ਦਿੱਤਾ ਵੱਡਾ ਦਰਦ, ਢਹਿ ਗਿਆ ਘਰ, ਦੇਖੋ ਕੀ ਹੋਇਆ ਹਾਲ?
Saturday, Jul 23, 2022 - 01:30 AM (IST)
ਖੰਨਾ (ਬਿਪਨ) : ਇਕ ਪਾਸੇ ਜਿੱਥੇ ਸਰਕਾਰਾਂ ਗਰੀਬ ਪਰਿਵਾਰਾਂ ਨੂੰ ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਦਾਅਵੇ ਕਰਦੀਆਂ ਹਨ, ਉਥੇ ਹੀ ਇਨ੍ਹਾਂ ਦਾਅਵਿਆਂ ਦੀ ਪੋਲ ਵੀ ਖੁੱਲ੍ਹਦੀ ਰਹਿੰਦੀ ਹੈ। ਬਰਸਾਤ ਦੇ ਦਿਨਾਂ 'ਚ ਕੱਚੇ ਮਕਾਨ ਗਰੀਬਾਂ ਦੇ ਸਿਰ ਉਪਰ ਹਰ ਸਮੇਂ ਮੌਤ ਮੰਡਰਾਉਣ ਵਾਲੇ ਹੁੰਦੇ ਹਨ। ਖੰਨਾ ਦੇ ਭੱਟੀਆਂ ਪਿੰਡ 'ਚ ਮੀਂਹ ਕਾਰਨ ਇਕ ਕੱਚਾ ਮਕਾਨ ਡਿੱਗਣ ਨਾਲ ਇਸ ਦੇ ਹੇਠਾਂ ਬਜ਼ੁਰਗ ਜੋੜਾ ਦਬ ਗਿਆ। ਪਿੰਡ ਵਾਸੀ ਜੇਕਰ ਹਿੰਮਤ ਨਾ ਕਰਦੇ ਤਾਂ ਇਨ੍ਹਾਂ ਦੀ ਮਲਬੇ ਹੇਠਾਂ ਦਬ ਕੇ ਮੌਤ ਵੀ ਹੋ ਸਕਦੀ ਸੀ। ਬਚਾਅ ਰਿਹਾ ਕਿ ਸਮੇਂ ਸਿਰ ਦੋਵਾਂ ਨੂੰ ਮਲਬੇ ਥੱਲਿਓਂ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਮਗਰੋਂ ਐੱਸ.ਡੀ.ਐੱਮ. ਮਨਜੀਤ ਕੌਰ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਦਾ ਹਾਲ ਜਾਣਿਆ ਤੇ ਡਾਕਟਰਾਂ ਨੂੰ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ।
ਖ਼ਬਰ ਇਹ ਵੀ : ਲਾਰੈਂਸ ਬਿਸ਼ਨੋਈ ਦੀ ਆਡੀਓ ਆਈ ਸਾਹਮਣੇ ਤਾਂ ਉਥੇ ਫਿਰੋਜ਼ਪੁਰ 'ਚ ਲਿਖੇ ਖਾਲਿਸਤਾਨ ਪੱਖੀ ਨਾਅਰੇ, ਪੜ੍ਹੋ TOP 10
ਪਿੰਡ ਭੱਟੀਆਂ ਦੀ ਰਹਿਣ ਵਾਲੀ ਬਜ਼ੁਰਗ ਔਰਤ ਜਰਨੈਲ ਕੌਰ ਨੇ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਦਾ ਮਕਾਨ ਡਿੱਗਣ ਵਾਲਾ ਸੀ ਤਾਂ ਮਕਾਨ ਨੂੰ ਬਚਾਉਣ ਖਾਤਰ ਉਹ ਆਪਣੇ ਪਤੀ ਬਚਨ ਸਿੰਘ ਨਾਲ ਗਾਰਡਰ ਨੂੰ ਸਹਾਰਾ ਦੇਣ ਲੱਗੀ ਤਾਂ ਇਸੇ ਦੌਰਾਨ ਛੱਤ ਉਨ੍ਹਾਂ ਉਪਰ ਆ ਡਿੱਗੀ। ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਜਰਨੈਲ ਕੌਰ ਅਨੁਸਾਰ ਕੱਚੇ ਮਕਾਨ ਦੀ ਮਦਦ ਲਈ ਕਈ ਵਾਰ ਫਾਰਮ ਵੀ ਭਰੇ ਪਰ ਕਿਸੇ ਨੇ ਬਾਂਹ ਨਾ ਫੜੀ। ਉਨ੍ਹਾਂ ਦੀ ਨੂੰਹ ਸੁਮਨਜੀਤ ਨੇ ਦੱਸਿਆ ਕਿ ਉਹ ਘਟਨਾ ਸਮੇਂ ਕਮਰੇ ਦੇ ਬਾਹਰ ਸੀ। ਉਨ੍ਹਾਂ ਦੀ ਸੱਸ ਤੇ ਸਹੁਰਾ ਛੱਤ ਥੱਲੇ ਦਬ ਕੇ ਜ਼ਖਮੀ ਹੋ ਗਏ। ਮੌਕੇ 'ਤੇ ਮੌਜੂਦ ਰਾਜੂ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਸਾਢੇ 6 ਕੁ ਵਜੇ ਘਟਨਾ ਵਾਪਰੀ। ਲੋਕਾਂ ਨੇ ਹਿੰਮਤ ਕਰਕੇ ਬਜ਼ੁਰਗਾਂ ਦੀ ਜਾਨ ਬਚਾਈ। ਅਵਤਾਰ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਇਹ ਹਾਦਸਾ ਸਰਕਾਰ ਦੀ ਲਾਪ੍ਰਵਾਹੀ ਕਾਰਨ ਵਾਪਰਿਆ, ਜੇਕਰ ਪਹਿਲਾਂ ਹੀ ਗਰੀਬਾਂ ਦੇ ਮਕਾਨ ਪੱਕੇ ਕਰ ਦਿੱਤੇ ਜਾਣ ਤਾਂ ਅਜਿਹੀਆਂ ਘਟਨਾਵਾਂ ਨਾ ਵਾਪਰਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।