...ਇੰਝ ਤਾਂ ਚੰਗੇ ਭਲੇ ਨੂੰ ਹਸਪਤਾਲ ਵਾਲੇ ਇਨਫੈਕਟਿਡ ਕਰ ਦੇਣਗੇ!

Saturday, May 02, 2020 - 06:23 PM (IST)

...ਇੰਝ ਤਾਂ ਚੰਗੇ ਭਲੇ ਨੂੰ ਹਸਪਤਾਲ ਵਾਲੇ ਇਨਫੈਕਟਿਡ ਕਰ ਦੇਣਗੇ!

ਲੁਧਿਆਣਾ (ਰਾਜ) : ਵਰਧਮਾਨ ਕੋਲ ਸਥਿਤ ਮਦਰ ਐਂਡ ਚਾਈਲਡ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਸ਼ਰਧਾਲੂਆਂ ਅਤੇ ਕੋਟਾ ਤੋਂ ਆਏ ਬੱਚਿਆਂ ਨੇ ਸ਼ੁੱਕਰਵਾਰ ਸਵੇਰ ਵਾਰਡਾਂ 'ਚ ਹੰਗਾਮਾ ਕਰ ਦਿੱਤਾ। ਨਾਲ ਹੀ ਬੱਚਿਆਂ ਦੇ ਮਾਪਿਆਂ ਨੇ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ। ਮਾਪਿਆਂ ਦਾ ਦੋਸ਼ ਸੀ ਕਿ ਹਸਪਤਾਲ ਵਿਚ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦੇ ਬੱਚਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਬਾਵਜੂਦ ਇਸ ਦੇ ਉਨ੍ਹਾਂ ਨੂੰ ਇਨਫੈਕਟਿਡ ਵਾਰਡ 'ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਅੰਦਰ ਬਣੇ ਬਾਥਰੂਮਾਂ ਵਿਚ ਗੰਦਗੀ ਭਰੀ ਪਈ ਹੈ। ਉਨ੍ਹਾਂ ਬਾਥਰੂਮਾਂ ਨੂੰ ਪਾਜ਼ੇਟਿਵ ਮਰੀਜ਼ ਵੀ ਵਰਤਦੇ ਹਨ ਅਤੇ ਨੈਗੇਟਿਵ ਮਰੀਜ਼ ਵੀ। ਉਨ੍ਹਾਂ ਦੇ ਬੱਚਿਆਂ ਨੂੰ ਵੀ ਉਨ੍ਹਾਂ ਬਾਥਰੂਮਾਂ ਨੂੰ ਵਰਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਜਿਹੇ ਵਾਤਾਵਰਣ ਵਿਚ ਚੰਗੇ ਭਲੇ ਇਨਸਾਨ ਨੂੰ ਹਸਪਤਾਲ ਵਾਲੇ ਖੁਦ ਹੀ ਇਨਫੈਕਟਿਡ ਕਰ ਦੇਣਗੇ। ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਬੱਚੇ ਨੈਗੇਟਿਵ ਹਨ ਤਾਂ ਉਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਜਾਵੇ। ਇਸ ਦੌਰਾਨ ਲੋਕਾਂ ਨੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ, ਨਾਲ ਹੀ ਹੰਗਾਮਾ ਹੁੰਦਾ ਦੇਖ ਕੇ ਥਾਣਾ ਡਵੀਜ਼ਨ ਨੰ.7 ਦੀ ਪੁਲਸ ਵੀ ਮੌਕੇ 'ਤੇ ਪੁੱਜ ਗਈ।

ਇਹ ਵੀ ਪੜ੍ਹੋ ► ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਟਾਂਡਾ ਦੇ 9 ਸ਼ਰਧਾਲੂਆਂ ਦੀ ਰਿਪੋਰਟ ਆਈ ਪਾਜ਼ੇਟਿਵ 

ਮਾਪਿਆਂ ਨੇ ਪੁਲਸ ਨੂੰ ਦੱਸੀਆਂ ਮੁਸ਼ਕਲਾਂ
ਕੋਟਾ ਤੋਂ ਆਏ ਸ਼ਿਮਲਾਪੁਰੀ ਦੇ ਕਿਸ਼ੋਰ ਦੇ ਪਿਤਾ ਪ੍ਰਮੋਦ ਕੁਮਾਰ ਅਤੇ ਮਾਮਾ ਵਰਿੰਦਰ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ 27 ਸਾਲ ਕੋਟਾ ਤੋਂ ਆਇਆ ਸੀ। ਦੂਜੇ ਦਿਨ ਉਸ ਨੂੰ ਘਰੋਂ ਸਿਹਤ ਵਿਭਾਗ ਦੇ ਮੁਲਾਜ਼ਮ ਸੈਂਪਲ ਟੈਸਟ ਲਈ ਲੈ ਕੇ ਗਏ ਅਤੇ ਉਸ ਨੂੰ ਵਰਧਮਾਨ ਸਥਿਤ ਮਦਰ ਐਂਡ ਚਾਈਲਡ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਪਰ ਹੁਣ ਤਿੰਨ ਦਿਨ ਹੋ ਗਏ, ਉਸ ਦੀ ਰਿਪੋਰਟ ਨੈਗੇਟਿਵ ਆਈ ਹੈ। ਫਿਰ ਵੀ ਉਸ ਨੂੰ ਛੁੱਟੀ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਵਾਰਡ ਵਿਚ ਦਾਖਲ ਬੱਚਿਆਂ ਦੇ ਮਾਤਾ-ਪਿਤਾ ਦੇ ਦੋਸ਼ ਹਨ ਕਿ ਬੱਚੇ ਹਸਪਤਾਲ ਦੇ ਵਾਰਡ ਤੋਂ ਉਨ੍ਹਾਂ ਨੂੰ ਕਾਲ ਕਰ ਕੇ ਦੱਸਦੇ ਹਨ ਕਿ ਉਨ੍ਹਾਂ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ। ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅੰਦਰ ਖਾਣਾ-ਪੀਣਾ ਸਹੀ ਢੰਗ ਨਾਲ ਨਹੀਂ ਮਿਲ ਰਿਹਾ। ਸਵੇਰੇ ਨਾਸ਼ਤਾ ਨਹੀਂ ਮਿਲਦਾ, ਦੁਪਹਿਰ ਦਾ ਖਾਣਾ ਸ਼ਾਮ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਰਾਤ ਨੂੰ ਖਾਣਾ ਕਦੇ 11 ਵਜੇ ਅਤੇ ਕਦੇ 12 ਵਜੇ ਕਈ ਵਾਰ ਫੋਨ ਕਰਨ 'ਤੇ ਮਿਲਦਾ ਹੈ ਜੋ ਖਾਣਾ ਹਸਪਤਾਲ ਵਾਲੇ ਦਿੰਦੇ ਹਨ, ਉਹ ਠੀਕ ਨਹੀਂ ਹੁੰਦਾ। ਇਸ ਲਈ ਕਈ ਮਾਤਾ-ਪਿਤਾ ਜੋ ਕਿ ਨੇੜੇ ਰਹਿੰਦੇ ਹਨ, ਉਹ ਆਪਣੇ ਬੱਚਿਆਂ ਲਈ ਖਾਣਾ ਦੇ ਕੇ ਜਾਂਦੇ ਹਨ। ਇਨ੍ਹਾਂ ਵਿਚੋਂ ਵੀ ਖਾਣਾ ਉਨ੍ਹਾਂ ਦੇ ਬੱਚਿਆਂ ਤੱਕ ਨਹੀਂ ਪਹੁੰਚਾਇਆ ਜਾਂਦਾ।

ਇਹ ਵੀ ਪੜ੍ਹੋ ► ਪੰਜਾਬ ਦੇ ਸਾਰੇ ਜ਼ਿਲ੍ਹੇ 'ਕੋਰੋਨਾ' ਦੀ ਚਪੇਟ 'ਚ, ਫਾਜ਼ਿਲਕਾ ਵੀ ਨਹੀਂ ਰਿਹਾ ਅਛੂਤਾ 

ਲੜਕੀ ਨੇ ਵੀਡੀਓ ਕਾਲਿੰਗ ਕਰ ਕੇ ਰੋ-ਰੋ ਕੇ ਦੱਸਿਆ ਹਾਲ
ਆਈਸੋਲੇਸ਼ਨ ਵਾਰਡ ਵਿਚ ਦਾਖਲ ਇਕ ਲੜਕੀ ਨੇ ਆਪਣੇ ਮਾਤਾ-ਪਿਤਾ ਨੂੰ ਵੀਡੀਓ ਕਾਲਿੰਗ ਕਰ ਕੇ ਵਾਰਡ ਦਾ ਹਾਲ ਦੱਸਿਆ। ਉਹ ਦੱਸ ਰਹੀ ਹੈ ਕਿ ਉਨ੍ਹਾਂ ਨੂੰ ਇਨਫੈਕਟਿਡ ਵਾਰਡ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਦੇਖ-ਰੇਖ ਨਹੀਂ ਕੀਤੀ ਜਾਂਦੀ। ਮਾਤਾ-ਪਿਤਾ ਉਸ ਨੂੰ ਵੀਡੀਓ 'ਚ ਹੌਂਸਲਾ ਰੱਖਣ ਨੂੰ ਕਹਿੰਦੇ ਹਨ ਅਤੇ ਇਸ ਸਾਰਾ ਹਾਲ ਸੀ. ਐੱਮ. ਨੂੰ ਟਵੀਟ ਕਰਨ ਦਾ ਕਹਿੰਦੇ ਹਨ।

ਸ਼ਰਧਾਲੂਆਂ ਅਤੇ ਬੱਚਿਆਂ ਨੇ ਵਾਰਡ ਦੀਆਂ ਖਿੜਕੀਆਂ ਰਾਹੀਂ ਜ਼ਾਹਰ ਕੀਤਾ ਆਪਣਾ ਵਿਰੋਧ
ਆਈਸੋਲੇਸ਼ਨ ਵਾਰਡ ਵਿਚ ਭਰਤੀ ਸ਼ਰਧਾਲੂਆਂ ਅਤੇ ਬੱਚਿਆਂ ਨੇ ਵਾਰਡ ਦੀਆਂ ਖਿੜਕੀਆਂ ਤੋਂ ਹੱਥ ਚੁੱਕ ਕੇ ਆਪਣਾ ਵਿਰੋਧ ਜ਼ਾਹਰ ਕੀਤਾ। ਖਿੜਕੀਆਂ ਵਿਚ ਖੜ੍ਹੇ ਬੱਚੇ ਰੌਲਾ ਪਾ ਕੇ ਆਪਣੇ ਮਾਤਾ-ਪਿਤਾ ਨੂੰ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਘਰ ਲੈ ਜਾਣ।

ਸਕੂਲ ਦੇ ਵਾਰਡ ਵਿਚ ਐਡਮਿਟ ਬੱਸ ਡਰਾਈਵਰਾਂ ਨੇ ਵੀ ਬਾਥਰੂਮਾਂ 'ਤੇ ਕੀਤੇ ਸਵਾਲ
ਰੋਜ਼ ਗਾਰਡਨ ਦੇ ਕੋਲ ਸਥਿਤ ਸਕੂਲ ਦੇ ਅੰਦਰ ਬਣੇ ਆਈਸੋਲੇਸ਼ਨ ਵਾਰਡ 'ਚ ਐਡਮਿਟ ਸ਼ਰਧਾਲੂਆਂ ਨੂੰ ਲਿਆਉਣ ਵਾਲੇ ਬੱਸ ਡਰਾਈਵਰਾਂ ਨੇ ਵੀ ਬਾਥਰੂਮਾਂ 'ਤੇ ਸਵਾਲ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ 'ਚ ਕਰੀਬ 78 ਵਿਅਕਤੀ ਐਡਮਿਟ ਹਨ ਪਰ ਇੰਨੇ ਵਿਅਕਤੀਆਂ ਲਈ ਸਿਰਫ 6 ਜਨਾਨਾ ਅਤੇ 6 ਮਰਦਾਨਾ ਬਾਥਰੂਮ ਹਨ। ਹੁਣ 78 ਵਿਅਕਤੀਆਂ 'ਚੋਂ ਕੌਣ ਇਨਫੈਕਟਿਡ ਹੈ ਜਾਂ ਕੌਣ ਨਹੀਂ ਪਰ ਇਕ ਹੀ ਬਾਥਰੂਮ ਵਰਤਣ ਨਾਲ ਠੀਕ ਵਿਅਕਤੀ ਵਿਚ ਇਨਫੈਕਸ਼ਨ ਦਾ ਖਤਰਾ ਵਧ ਗਿਆ ਹੈ।


author

Anuradha

Content Editor

Related News