ਹਸਪਤਾਲ ’ਚ ਦਾਖਲ ਅਰਪਣ ਦੀ ਮੌਤ, ਕਤਲ ਦਾ ਮਾਮਲਾ ਦਰਜ

Saturday, Sep 01, 2018 - 09:31 PM (IST)

ਹਸਪਤਾਲ ’ਚ ਦਾਖਲ ਅਰਪਣ ਦੀ ਮੌਤ, ਕਤਲ ਦਾ ਮਾਮਲਾ ਦਰਜ

ਹੁਸ਼ਿਆਰਪੁਰ,   (ਅਮਰਿੰਦਰ)-  ਥਾਣਾ ਚੱਬੇਵਾਲ ਦੇ ਅਧੀਨ ਆਉਂਦੇ ਪਿੰਡ ਰੈਹਲੀ ’ਚ 2 ਮਹੀਨੇ ਪਹਿਲਾਂ 26 ਜੂਨ ਨੂੰ ਮਾਮੂਲੀ ਵਿਵਾਦ ਦੇ ਚੱਲਦਿਆਂ ਦੋਸ਼ੀਆਂ ਵੱਲੋਂ ਜਾਨਲੇਵਾ ਹਮਲਾ ਕਰਕੇ 32 ਸਾਲਾ ਅਰਪਣ ਪੁੱਤਰ ਰਾਮਪਾਲ  ਨੂੰ ਜ਼ਖ਼ਮੀ ਕਰ ਦਿੱਤਾ ਸੀ , ਜਿਸਦੀ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਅੱਜ ਚੱਬੇਵਾਲ ਪੁਲਸ ਨੇ ਅੱਧਾ ਦਰਜਨ ਦੋਸ਼ੀਆਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਚੱਬੇਵਾਲ ਦੀ ਪੁਲਸ ਅਨੁਸਾਰ ਇਸ ਮਾਮਲੇ ਵਿਚ ਰੈਹਲੀ ਪਿੰਡ ਦੇ ਸਰਪੰਚ ਅਵਤਾਰ ਸਿੰਘ ਦੇ ਨਾਲ ਉਸਦੇ ਭਰਾ ਮਨਜੀਤ ਸਿੰਘ ਉਰਫ ਪਿੰਕਾ ਅਤੇ ਸੁਖਵਿੰਦਰ ਸਿੰਘ ਉਰਫ ਸ਼ੈਂਕੀ ਨੂੰ ਪੁਲਸ ਨੇ 30 ਜੂਨ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਮਾਮਲੇ ’ਚ 3 ਹੋਰ ਦੋਸ਼ੀ ਜਿਨ੍ਹਾਂ ’ਚ ਸਰਪੰਚ ਅਵਤਾਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ, ਪੰਚ ਜੋਗਿੰਦਰ ਡੋਗਰ ਤੇ ਸੱਤਾ ਅਜੇ ਫਰਾਰ ਚੱਲ ਰਹੇ ਹਨ। 
ਕੀ ਹੈ ਮਾਮਲਾ
ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਰੂਮ ਦੇ ਬਾਹਰ ਮ੍ਰਿਤਕ ਅਰਪਣ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੈਹਲੀ ਪਿੰਡ ’ਚ ਚੱਲ ਰਹੇ ਖੇਡ ਮੁਕਾਬਲਿਆਂ ਦੌਰਾਨ ਅਰਪਣ ਨੇ ਇਨਾਮ ਵੰਡ ਸਮਾਗਮ ਦੌਰਾਨ ਭੇਦਭਾਵ ਕਰਨ ਦਾ ਦੋਸ਼ ਲਗਾਉਂਦਿਆਂ ਮਾਈਕ ’ਤੇ ਬੋਲਣ ਦੀ ਜਿੱਦ ਕੀਤੀ ਸੀ। ਇਸ ਵਿਵਾਦ ਦੌਰਾਨ ਦੋਸ਼ੀਆਂ ਨੇ ਪਹਿਲਾਂ ਅਰਪਣ ਨੂੰ ਮੈਦਾਨ ’ਚ ਅਤੇ ਬਾਅਦ ਵਿਚ ਘਰ ਦੇ ਕੋਲ ਘੇਰ ਕੇ ਕੁੱਟਮਾਰ ਕੀਤੀ ਤੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹਾਲਤ ’ਚ ਉਸਨੂੰ ਪਹਿਲਾਂ ਚੱਬੇਵਾਲ ਤੇ ਬਾਅਦ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਅੱਜ ਕਰੀਬ 2 ਮਹੀਨੇ ਬਾਅਦ ਉਸਦੀ ਮੌਤ ਹੋ ਗਈ।

ਫਰਾਰ ਦੋਸ਼ੀ ਵੀ ਹੋਣਗੇ ਜਲਦ ਗ੍ਰਿਫ਼ਤਾਰ : ਥਾਣਾ ਮੁਖੀ
ਥਾਣਾ ਚੱਬੇਵਾਲ ’ਚ ਤਾਇਨਾਤ ਐੱਸ. ਐੱਚ. ਓ. ਬਲਵਿੰਦਰ ਕੁਮਾਰ ਨੇ ਦੱਸਿਆ ਕਿ 26 ਜੂਨ  ਨੂੰ ਖੇਡ ਮੈਦਾਨ ’ਚ ਅਰਪਣ ਦੇ ਜ਼ਖ਼ਮੀ ਹੋ ਜਾਣ ਤੋਂ ਬਾਅਦ ਉਸਦੀ ਮਾਂ ਵਿਦਿਆ ਦੇਵੀ ਦੇ ਬਿਆਨਾਂ ’ਤੇ ਪੁਲਸ ਨੇ ਦੋਸ਼ੀਆਂ ਖਿਲਾਫ਼ ਧਾਰਾ 323 ਤੇ 324 ਤਹਿਤ ਕੇਸ ਦਰਜ ਕੀਤਾ ਸੀ। ਇਸ ਦੌਰਾਨ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ਼ ਦਰਜ ਮਾਮਲੇ ਵਿਚ ਧਾਰਾ 308 ਨੂੰ ਜੋਡ਼ ਕੇ ਸਰਪੰਚ ਅਵਤਾਰ ਸਿੰਘ ਦੇ ਨਾਲ ਪਿੰਕਾ ਤੇ ਸ਼ੌਕੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜੋ ਕਿ ਪਿਛਲੇ ਦੋ ਮਹੀਨੇ ਤੋਂ ਜੁਡੀਸ਼ੀਅਲ ਰਿਮਾਂਡ ’ਤੇ ਸੈਂਟਰਲ ਜੇਲ ’ਚ ਬੰਦ ਹਨ। ਹੁਣ ਅਰਪਣ ਦੀ ਮੌਤ ਤੋਂ ਬਾਅਦ ਧਾਰਾ 302 ਵੀ ਜੋਡ਼ ਦਿੱਤੀ ਗਈ ਹੈ। ਥਾਣਾ ਮੁਖੀ ਨੇ ਕਿਹਾ ਕਿ ਜਲਦ ਹੀ ਫਰਾਰ ਚੱਲ ਰਹੇ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 
 


Related News