ਜ਼ਿਲਾ ਪੱਧਰੀ ਹਸਪਤਾਲ ਦੀ ਕੰਟੀਨ ਨੂੰ ਜਿੰਦਰਾ ਲੱਗਣ ਨਾਲ ਮਰੀਜ਼ ਪ੍ਰੇਸ਼ਾਨ
Wednesday, Jun 27, 2018 - 04:03 AM (IST)
ਮੋਗਾ, (ਸੰਦੀਪ)- ਜ਼ਿਲਾ ਪੱਧਰੀ ਸਿਵਲ ਹਸਪਤਾਲ ਦੀ ਕੰਟੀਨ ਨੂੰ ਪਿਛਲੇ ਲਗਭਗ ਇਕ ਹਫਤੇ ਤੋਂ ਜਿੰਦਰਾ ਲੱਗਾ ਹੋਣ ਦੇ ਚੱਲਦੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿਚ ਦਾਖਲ ਮਰੀਜ਼ਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਇਥੇ ਦਾਖਲ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਹਸਪਤਾਲ ਦੇ ਬਾਹਰ ਸਥਿਤ ਦੁਕਾਨਾਂ ਤੋਂ ਅਪਣੇ ਅਤੇ ਆਪਣੇ ਮਰੀਜ਼ ਦੇ ਲਈ ਖਾਣ-ਪੀਣ ਦੀਆਂ ਵਸਤੂਆਂ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ, ਉਥੇ ਕਿਸੇ ਵੀ ਮਰੀਜ਼ ਦੀ ਦੇਖਭਾਲ ਕਰਨ ਦੇ ਲਈ ਉਸਦੇ ਕੋਲ ਰਹਿਣ ਵਾਲੀ ਮਹਿਲਾ ਰਿਸ਼ਤੇਦਾਰਾਂ ਨੂੰ ਰਾਤ ਦੇ ਸਮੇਂ ਹਸਪਤਾਲ ਦੇ ਬਾਹਰ ਤੋਂ ਸਾਮਾਨ ਲਿਆਉਣ ਦੇ ਲਈ ਜਾਣ ਵਿਚ ਮੁਸ਼ਕਲ ਪੈਦਾ ਹੁੰਦੀ ਹੈ।
ਸਿਵਲ ਹਸਪਤਾਲ ਦੀ ਤਿੰਨਾਂ ਮੰਜ਼ਿਲਾਂ ਇਮਾਰਤ ਵਿਚ ਵੱਖ-ਵੱਖ ਵਾਰਡ ਸਥਾਪਤ ਹਨ, ਜਿੰਨਾਂ ਵਿਚ ਗੰਭੀਰ ਮਰੀਜ਼ਾਂ ਦੇ ਇਲਾਜ ਦੇ ਲਈ ਮੈਡੀਕਲ ਵਾਰਡ ਅਤੇ ਅਾਪਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਦੇ ਲਈ ਸਰਜੀਕਲ ਵਾਰਡ ਤੀਸਰੀ ਮੰਜ਼ਿਲ ’ਤੇ ਹੈ। ਮੈਡੀਕਲ ਵਾਰਡ ’ਚ ਦਾਖਲ ਚਡ਼ਿੱਕ ਨਿਵਾਸੀ ਲਖਵਿੰਦਰ ਸਿੰਘ ਅਤੇ ਉਸਦੀ ਦੇਖਭਾਲ ਕਰਨ ਵਾਲੀ ਉਸਦੀ ਪਤਨੀ ਸੰਦੀਪ ਕੌਰ ਨੇ ਕੰਟੀਨ ਬੰਦ ਹੋਣ ਦੇ ਚੱਲਦੇ ਵੱਡੀ ਸਮੱਸਿਆ ਝੱਲਣ ਦੀ ਗੱਲ ਕਹੀ। ਸੰਦੀਪ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਪਤੀ ਦੀ ਦੇਖਭਾਲ ਕਰਨ ਦੇ ਲਈ ਇੱਥੇ ਪਿਛਲੇ 5 ਦਿਨਾਂ ਤੋਂ ਰਹਿ ਰਹੀ ਹੈ।
ਉਸ ਨੂੰ ਆਪਣੇ ਮਰੀਜ਼ ਪਤੀ ਅਤੇ ਆਪਣੇ ਲਈ ਖਾਣ-ਪੀਣ ਦੀਆਂ ਚੀਜ਼ਾਂ ਦਾ ਪ੍ਰਬੰਧ ਕਰਨ ਦੇ ਲਈ ਵਾਰ-ਵਾਰ ਹਸਪਤਾਲ ਦੇ ਬਾਹਰ ਦੁਕਾਨਾਂ ’ਤੇ ਜਾਣਾ ਪੈਂਦਾ ਹੈ। ਰਾਤ ਦੇ ਸਮੇਂ ਉਸ ਨੂੰ ਇਕੱਲੇ ਜਾਣ ’ਚ ਪ੍ਰੇਸ਼ਾਨੀ ਆਉਂਦੀ ਹੈ। ਇਸ ਤਰਾਂ ਪਿੰਡ ਸਮਾਧ ਭਾਈ ਦੇ ਬਚਿੱਤਰ ਸਿੰਘ ਅਤੇ ਪਿੰਡ ਸਨੇਰ ਦੇ ਲਖਵੀਰ ਸਿੰਘ ਨੇ ਮਰੀਜ਼ਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਹਸਪਤਾਲ ਪ੍ਰਬੰਧਕਾਂ ਤੋਂ ਤੁਰੰਤ ਬੰਦ ਕੰਟੀਨ ਨੂੰ ਸ਼ੁਰੂ ਕਰਵਾਉਣ ਦੀ ਮੰਗ ਕੀਤੀ।
ਕੀ ਕਹਿਣੈ ਐੱਸ. ਐੱਮ. ਓ. ਦਾ
ਜਦ ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਰਾਜ਼ੇਸ਼ ਅੱਤਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਲਦੀ ਹੀ ਕੰਟੀਨ ਨੂੰ ਦੁਆਰਾ ਠੇਕੇ ’ਤੇ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਵਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਮੱਸਿਆ ਗੰਭੀਰ ਹੈ।
