ਬੱਜਰੀ ਨਾਲ ਓਵਰਲੋਡ ਟਿੱਪਰ ਕਾਰ 'ਤੇ ਪਲਟਿਆ, ਇਕ ਦੀ ਮੌਤ

Saturday, Jun 29, 2019 - 04:48 PM (IST)

ਬੱਜਰੀ ਨਾਲ ਓਵਰਲੋਡ ਟਿੱਪਰ ਕਾਰ 'ਤੇ ਪਲਟਿਆ, ਇਕ ਦੀ ਮੌਤ

ਗੜ੍ਹਸ਼ੰਕਰ (ਸ਼ੋਰੀ,ਅਮਰੀਕ) : ਨੰਗਲ ਰੋਡ 'ਤੇ ਸ਼ਾਹਪੁਰ ਨਜ਼ਦੀਕ ਸ਼ੁੱਕਰਵਾਰ ਸ਼ਾਮ ਨੂੰ ਇਕ ਸੜਕ ਹਾਦਸੇ 'ਚ 2 ਲੋਕਾਂ ਦੇ ਜ਼ਖ਼ਮੀ ਹੋਣ ਅਤੇ ਇਕ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਗੜ੍ਹਸ਼ੰਕਰ ਤੋਂ ਆ ਰਹੇ ਓਵਰਲੋਡ ਬੱਜਰੀ ਦੇ ਇਕ ਟਿੱਪਰ ਦੇ ਮੋੜ 'ਤੇ ਅਚਾਨਕ ਪਲਟ ਜਾਣ ਨਾਲ ਉਸ ਨੇ ਸਾਹਮਣਿਓਂ ਆ ਰਹੀ ਇਕ ਕਾਰ ਨੂੰ ਆਪਣੇ ਹੇਠਾਂ ਲੈ ਲਿਆ। ਕਾਰ 'ਚ ਸਵਾਰ ਦੋਵੇਂ ਵਿਅਕਤੀ ਬੱਜਰੀ ਅਤੇ ਟਿੱਪਰ ਹੇਠਾਂ ਦੱਬੇ ਗਏ, ਜਿਨ੍ਹਾਂ ਨੂੰ 2 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਇਸੇ 'ਚ ਸਿਹਤ ਵਿਭਾਗ ਵੱਲੋਂ ਕਾਰ 'ਚ ਫਸੇ ਇਕ ਵਿਅਕਤੀ ਨੂੰ ਉੱਥੇ ਹੀ ਡਰਿੰਪ ਲਾ ਕੇ ਮੁੱਢਲੀ ਸਹਾਇਤਾ ਦਿੱਤੀ ਗਈ, ਜਦਕਿ ਦੂਜਾ ਵਿਅਕਤੀ ਬੁਰੀ ਤਰ੍ਹਾਂ ਕਾਰ 'ਚ ਫਸਿਆ ਹੋਇਆ ਸੀ ਅਤੇ ਉਸ 'ਤੇ ਬੱਜਰੀ ਫੈਲ ਚੁੱਕੀ ਸੀ। ਜਦੋਂ ਇਹ ਹਾਦਸਾ ਹੋਇਆ, ਉਦੋਂ ਉੱਥੋਂ ਮੋਟਰਸਾਈਕਲ 'ਤੇ ਲੰਘ ਰਿਹਾ ਪਾਵਰਕਾਮ ਦਾ ਇਕ ਕਰਮਚਾਰੀ ਵੀ ਇਸ ਦੀ ਲਪੇਟ 'ਚ ਆ ਗਿਆ। ਪਾਵਰਕਾਮ ਕਰਮਚਾਰੀ ਅਸ਼ਵਨੀ ਕੁਮਾਰ ਪਿੰਡ ਮਹਿੰਦਵਾਣੀ ਦਾ ਮੋਟਰਸਾਈਕਲ ਵੀ ਬੱਜਰੀ ਹੇਠਾਂ ਆ ਗਿਆ। ਉੱਥੋਂ ਲੰਘ ਰਹੇ ਲੋਕਾਂ ਨੇ ਤੁਰੰਤ ਉਸ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਪਹੁੰਚਾ ਦਿੱਤਾ। ਅਸ਼ਵਨੀ ਦੀ ਹਾਲਤ ਠੀਕ ਸੀ ਪਰ ਅੱਖਾਂ ਸਾਹਮਣੇ ਵਾਪਰੇ ਇਸ ਦਰਦਨਾਕ ਹਾਦਸੇ ਕਾਰਨ ਉਹ ਬਹੁਤ ਸਹਿਮ ਗਿਆ ਸੀ।

PunjabKesari

ਹਾਦਸਾਗ੍ਰਸਤ ਕਾਰ 'ਚ ਜਲੰਧਰ ਦਾ ਸਪੇਅਰ ਪਾਰਟਸ ਕਾਰੋਬਾਰੀ ਵਰਿੰਦਰ ਪੁੰਜ ਅਤੇ ਉਸ ਦਾ ਮੁਲਾਜ਼ਮ ਅਜੈ ਕੁਮਾਰ ਸਵਾਰ ਸਨ। ਟਿੱਪਰ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਵਰਿੰਦਰ ਪੁੰਜ ਅਤੇ ਉਸ ਦੇ ਮੁਲਾਜ਼ਮ ਅਜੈ ਕੁਮਾਰ ਨੂੰ ਕੱਢਣ ਲਈ ਕਰੇਨ ਨਾਲ ਟਿੱਪਰ ਨੂੰ ਚੁੱਕ ਕੇ ਕਾਰ ਨੂੰ ਕਟਰ ਨਾਲ ਕੱਟਿਆ ਗਿਆ। ਦੋਵਾਂ ਦੀ ਹਾਲਤ ਬਹੁਤ ਨਾਜ਼ੁਕ ਸੀ। ਅਜੈ ਕੁਮਾਰ ਨੂੰ ਜਦੋਂ ਕਾਰ ਵਿਚੋਂ ਕੱਢ ਕੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਅਤੇ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।

 

 


author

cherry

Content Editor

Related News