ਲਸ਼ਕਰ-ਏ-ਤੋਇਬਾ ਵੱਲੋਂ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਸ ਹੋਈ ਸਖਤ

Sunday, Jun 10, 2018 - 06:33 PM (IST)

ਹੁਸ਼ਿਆਰਪੁਰ (ਜ.ਬ.)— ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਪੰਜਾਬ ਸਮੇਤ ਭਾਰਤ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਮ. ਨੂੰ ਇਸ ਸਬੰਧ 'ਚ ਇਕ ਧਮਕੀ ਭਰਿਆ ਪੱਤਰ ਮਿਲਿਆ ਹੈ। ਇਸ ਨੂੰ ਭੇਜਣ ਵਾਲੇ ਦਾ ਨਾਂ ਲਸ਼ਕਰ ਦਾ ਏਰੀਆ ਕਮਾਂਡਰ ਮੌਲਾਨਾ ਅੱਬੂ ਸ਼ੇਖ ਲਿਖਿਆ ਹੈ। ਪੱਤਰ 'ਚ ਉੱਤਰ ਭਾਰਤ ਦੇ ਮਹੱਤਵਪੂਰਨ ਰੇਲਵੇ ਸਟੇਸ਼ਨਾਂ, ਧਾਰਮਿਕ ਅਸਥਾਨਾਂ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਧਮਕੀ ਮਿਲਣ ਤੋਂ ਬਾਅਦ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਨੇ ਰੇਲਵੇ ਸਟੇਸ਼ਨਾਂ ਅਤੇ ਰੇਲ ਗੱਡੀਆਂ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਨਿਰਦੇਸ਼ ਮਿਲਣ ਤੋਂ ਬਾਅਦ ਸਟੇਸ਼ਨਾਂ 'ਤੇ ਜਿੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ, ਉਥੇ ਹੀ ਸ਼ਨੀਵਾਰ ਦੁਪਹਿਰ ਸਮੇਂ ਜੀ. ਆਰ. ਪੀ . ਮੁਲਾਜ਼ਮਾਂ ਨੇ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਦੇ ਬੈਗ ਅਤੇ ਹੋਰ ਸਮਾਨ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ। 
ਹਰ ਸਾਲ ਜਾਰੀ ਹੁੰਦਾ ਹੈ ਧਮਕੀ ਭਰਿਆ ਪੱਤਰ
ਵਰਨਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਹਿੰਦੂਆਂ ਦੇ ਮਹੱਤਵਪੂਰਨ ਤਿਉਹਾਰ ਦੇ ਨਾਲ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਸਮਾਰੋਹਾਂ ਤੋਂ ਪਹਿਲਾਂ ਥੋੜ੍ਹੇ-ਥੋੜ੍ਹੇ ਸਮੇਂ 'ਤੇ ਫਿਰੋਜ਼ਪੁਰ ਮੰਡਲ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਲਸ਼ਕਰ-ਏ-ਤੋਇਬਾ ਵੱਲੋਂ ਮਿਲਦੀ ਰਹੀ ਹੈ। ਪਿਛਲੇ 8 ਸਾਲਾਂ 'ਚ ਕਰੀਮ ਖਾਂ ਏਰੀਆ ਕਮਾਂਡਰ ਦੇ ਨਾਂ 'ਤੇ ਪੱਤਰ ਆਉਂਦਾ ਸੀ ਪਰ ਇਸ ਵਾਰ ਇਹ ਪੱਤਰ ਕਰਮੀ ਖਾਂ ਦੀ ਥਾਂ ਮੌਲਾਨਾ ਅੱਬੂ ਸ਼ੇਖ ਦੇ ਨਾਂ 'ਤੇ ਆਇਆ ਹੈ। ਜਾਣਕਾਰੀ ਮੁਤਾਬਕ ਅੱਤਵਾਦੀ ਸੰਗਠਨ ਨੇ ਇਹ ਧਮਕੀ ਭਰਿਆ ਪੱਤਰ ਰੇਲਵੇ ਦੇ ਡੀ. ਆਰ. ਐੱਮ. ਵਿਵੇਕ ਕੁਮਾਰ ਨੂੰ ਰਜਿਸਟਰਡ ਡਾਕ ਰਾਹੀਂ ਭੇਜਿਆ ਹੈ ਜੋ ਕਿ 29 ਮਈ ਨੂੰ ਫਿਰੋਜ਼ਪੁਰ ਮੰਡਲ ਨੂੰ ਪ੍ਰਾਪਤ ਹੋਇਆ ਹੈ।

PunjabKesari
ਗ੍ਰਹਿ ਮੰਤਰਾਲੇ ਵੱਲੋਂ ਨਿਰਦੇਸ਼ ਜਾਰੀ
ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਮੰਡਲ ਰੇਲ ਅਧਿਕਾਰੀਆਂ ਨੇ ਪੱਤਰ ਨੂੰ ਰੇਲਵੇ ਹੈੱਡਕੁਆਟਰ ਨੂੰ ਭੇਜਿਆ, ਜਿੱਥੋਂ ਗ੍ਰਹਿ ਮੰਤਰਾਲੇ ਨੂੰ ਸੂਚਿਤ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਸਾਵਧਾਨੀ ਵਰਤਦਿਆਂ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ), ਜੀ. ਆਰ. ਪੀ., ਇੰਟੈਲੀਜੈਂਸ ਬਿਊਰੋ, ਸਥਾਨਕ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਚੌਕਸੀ ਵਧਾਉਣ ਲਈ ਕਿਹਾ ਹੈ। ਸੁਰੱਖਿਆ ਏਜੰਸੀਆਂ ਵੱਲੋਂ ਰੇਲਵੇ ਸਟੇਸ਼ਨਾਂ ਅਤੇ ਰੇਲ ਗੱਡੀਆਂ ਦੀ ਚੌਕਸੀ ਵਧਾਉਂਦਿਆਂ ਸ਼ੱਕੀ ਲੋਕਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। 
ਕਿਹੜੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਮਿਲੀ ਧਮਕੀ
ਅੱਤਵਾਦੀ ਸੰਗਠਨ ਵੱਲੋਂ ਭੇਜੇ ਗਏ ਪੱਤਰ 'ਚ ਲੁਧਿਆਣਾ, ਫਿਰੋਜ਼ਪੁਰ ਕੈਂਟ, ਬਠਿੰਡਾ, ਫਰੀਦਕੋਟ, ਸ੍ਰੀ ਗੰਗਾਨਗਰ, ਜੈਪੁਰ, ਜੋਧਪੁਰ, ਬੀਕਾਨੇਰ, ਉਦੈਪੁਰ, ਸਰਿਹੰਦ, ਅੰਬਾਲਾ ਕੈਂਟ, ਪਾਣੀਪੱਤ, ਕਰਨਾਲ, ਸੋਨੀਪੱਤ, ਕੁਰੂਕਸ਼ੇਤਰ, ਦਿੱਲੀ, ਹੁਸ਼ਿਆਰਪੁਰ ਅਤੇ ਹਾਪੁੜ ਦੇ ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਪਟਿਆਲਾ ਅਤੇ ਲੁਧਿਆਣਾ ਦੇ ਪ੍ਰਸਿੱਧ ਮੰਦਰਾਂ ਅਤੇ ਹੋਰ ਧਰਮਾਂ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। 
ਕੀ ਕਹਿੰਦੇ ਹਨ ਡੀ. ਆਰ. ਐੱਮ.
ਇਸ ਸਬੰਧ 'ਚ ਡੀ. ਆਰ. ਐੱਮ. ਵਿਵੇਕ ਕੁਮਾਰ ਨੇ ਕਿਹਾ ਕਿ 29 ਮਈ ਨੂੰ ਮਿਲੇ ਇਸ ਪੱਤਰ ਦੀ ਜਾਂਚ ਲਈ ਰੇਲਵੇ ਹੈੱਡਕੁਆਟਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਧਮਕੀ ਭਰਿਆ ਪੱਤਰ ਪਹਿਲੀ ਵਾਰ ਨਹੀਂ ਮਿਲਿਆ, ਸਮਾਜ ਵਿਰੋਧੀ ਅਨਸਰ ਅਜਿਹਾ ਕਰਦੇ ਹੀ ਰਹਿੰਦੇ ਹਨ ਪਰ ਫਿਰ ਵੀ ਰੇਲਵੇ ਵਿਭਾਗ ਇਸ ਮਾਮਲੇ 'ਚ ਪੂਰੀ ਸਾਵਧਾਨੀ ਵਰਤ ਰਿਹਾ ਹੈ।


Related News