ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ, 2 ਦਿਨ ਤੋਂ ਲਾਪਤਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਖੇਤਾਂ 'ਚੋਂ ਮਿਲੀ ਲਾਸ਼
Monday, Mar 14, 2022 - 11:50 AM (IST)
![ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ, 2 ਦਿਨ ਤੋਂ ਲਾਪਤਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਖੇਤਾਂ 'ਚੋਂ ਮਿਲੀ ਲਾਸ਼](https://static.jagbani.com/multimedia/2022_3image_11_48_13540087818.jpg)
ਚੱਬੇਵਾਲ (ਗੁਰਮੀਤ)- ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਗੋਪਾਲੀਆਂ ਦਾ ਨੌਜਵਾਨ, ਜੋ ਬੀਤੇ ਦੋ ਦਿਨ ਤੋਂ ਲਾਪਤਾ ਸੀ, ਦੀ ਲਾਸ਼ ਮਿਲਣ ਕਾਰਨ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਥਾਣਾ ਪੁਲਸ ਵੱਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਨਿੰਦਰ ਸਿੰਘ (20) ਦੇ ਪਿਤਾ ਕੁਲਵਰਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਗੋਪਾਲੀਆਂ ਥਾਣਾ ਚੱਬੇਵਾਲ ਵੱਲੋਂ ਥਾਣਾ ਚੱਬੇਵਾਲ ਦੀ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਨਿੰਦਰ ਸਿੰਘ (20) ਬੀਤੀ 11 ਮਾਰਚ ਨੂੰ ਆਪਣੇ ਮੋਟਰਸਾਈਕਲ ਨੰ. ਪੀ. ਬੀ. 07 ਬੀ. ਟੀ. 5410 ’ਤੇ ਘਰੋਂ ਇਹ ਕਹਿ ਕੇ ਗਿਆ ਕਿ ਪੁਰਾਣੇ ਚੱਲ ਰਹੇ ਇਕ ਕੇਸ ਸਬੰਧੀ ਉਹ ਆਪਣੇ ਦੋ ਸਾਥੀਆਂ ਪਰਮਵੀਰ ਸਿੰਘ ਉਰਫ਼ ਪੰਮ ਪੁੱਤਰ ਅਮਰੀਕ ਸਿੰਘ ਵਾਸੀ ਦਿਹਾਣਾ ਅਤੇ ਮਨਪ੍ਰੀਤ ਸਿੰਘ ਉਰਫ਼ ਮਾਪੀ ਪੁੱਤਰ ਜਸਵਿੰਦਰ ਸਿੰਘ ਵਾਸੀ ਮੁਖਲੀਆਣਾ ਪਾਸ ਜਾ ਰਿਹਾ ਹੈ।
ਇਹ ਵੀ ਪੜ੍ਹੋ: ‘ਮੈਗਾ ਰੋਡ ਸ਼ੋਅ’ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਆਖ਼ੀਆਂ ਵੱਡੀਆਂ ਗੱਲਾਂ
ਜਦੋਂ ਲੜਕਾ ਦੇਰ ਸ਼ਾਮ ਤੱਕ ਵਾਪਸ ਘਰ ਨਹੀਂ ਪਰਤਿਆ ਤਾਂ ਉਨ੍ਹਾਂ ਵੱਲੋਂ ਚੱਬੇਵਾਲ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਉਕਤ ਸਾਥੀਆਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਦਿੱਤੀਆਂ ਜਾਂਦੀਆਂ ਧਮਕੀਆਂ ਸਬੰਧੀ ਵੀ ਪੁਲਸ ਨੂੰ ਦੱਸਿਆ ਗਿਆ। ਅੱਜ ਜਦੋਂ ਆਪਣੇ ਲੜਕੇ ਮਨਿੰਦਰ ਸਿੰਘ ਦੀ ਭਾਲ ਕਰਦਿਆਂ ਪਿੰਡ ਵਾਸੀਆਂ ਸਮੇਤ ਚਿੱਤੋਂ ਤੋਂ ਹਾਰਟਾ ਫਿਰਨੀ ’ਤੇ ਜਾ ਰਹੇ ਸਨ ਤਾਂ ਨਾਲ ਲਗਦੇ ਸਰ੍ਹੋਂ ਦੇ ਖੇਤਾਂ ਵਿਚ ਭੀੜ ਵੇਖ ਕੇ ਰੁਕ ਗਏ। ਨੇੜੇ ਜਾ ਕੇ ਵੇਖਿਆ ਤਾਂ ਉਨ੍ਹਾਂ ਦਾ ਮੁੰਡਾ ਮਨਿੰਦਰ ਸਿੰਘ ਮੂਧੇ ਮੂੰਹ ਪਿਆ ਸੀ, ਜਿਸ ਨੂੰ ਉਨ੍ਹਾਂ ਨੇ ਕਪੜਿਆਂ ਤੋਂ ਪਛਾਣਿਆ, ਜਿਸ ਦੇ ਸਿਰ ਵਿਚ ਤੇਜ਼ਧਾਰ ਅਤੇ ਗੋਲ਼ੀ ਦਾ ਜ਼ਖ਼ਮ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ।
ਉਕਤ ਬਿਆਨਾਂ ਦੇ ਆਧਾਰ ’ਤੇ ਥਾਣਾ ਚੱਬੇਵਾਲ ਪੁਲਸ ਵੱਲੋਂ ਪਰਮਵੀਰ ਸਿੰਘ ਉਰਫ਼ ਪੰਮ ਪੁੱਤਰ ਅਮਰੀਕ ਸਿੰਘ ਵਾਸੀ ਦਿਹਾਣਾ ਅਤੇ ਮਨਪ੍ਰੀਤ ਸਿੰਘ ਉਰਫ਼ ਮਾਪੀ ਪੁੱਤਰ ਜਸਵਿੰਦਰ ਸਿੰਘ ਵਾਸੀ ਮੁਖਲਿਆਣਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਆਈ. ਪੀ. ਐੱਸ. 365, 302, 34 ਅਤੇ ਆਰਮਜ਼ ਐਕਟ 25, 27 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ’ਚ ਹੂੰਝਾ ਫੇਰ ਜਿੱਤ ਮਗਰੋਂ ਗੁਰੂ ਨਗਰੀ ’ਚ ‘ਆਪ’ ਨੇ ਕੱਢਿਆ ‘ਵਿਕਟਰੀ ਮਾਰਚ’, ਉਮੜਿਆ ਜਨ ਸੈਲਾਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ