ਹੁਸ਼ਿਆਰਪੁਰ ਦੀ ਪਹਿਲੀ ਬਲੈਕ ਫੰਗਸ ਪੀੜਤ ਔਰਤ ਚੰਡੀਗੜ੍ਹ ਰੈਫਰ
Tuesday, May 25, 2021 - 03:34 PM (IST)
ਹੁਸ਼ਿਆਰਪੁਰ (ਘੁੰਮਣ) : ਜ਼ਿਲ੍ਹਾ ਹੁਸ਼ਿਆਰਪੁਰ ਦੀ ਪਹਿਲੀ ਬਲੈਕ ਫੰਗਸ ਨਾਲ ਪੀੜਤ ਔਰਤ ਮਰੀਜ਼ 60 ਸਾਲਾ ਮਨਜੀਤ ਕੌਰ ਨੂੰ ਚੰਡੀਗਡ਼੍ਹ ਰੈਫਰ ਕੀਤਾ ਗਿਆ ਹੈ। ਸਿਵਲ ਹਸਪਤਾਲ ਦੇ ਇੰਚਾਰਜ ਐੱਸ. ਐੱਮ. ਓ. ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰੰਧਾਵਾ ਬਰੋਟਾ ਨਿਵਾਸੀ ਉਕਤ ਔਰਤ ਪਿਛਲੇ ਮਹੀਨੇ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਅਤੇ ਹਸਪਤਾਲ ’ਚ ਜ਼ੇਰੇ ਇਲਾਜ ਰਹੀ। ਪਿਛਲੇ ਹਫ਼ਤੇ ਕੋਰੋਨਾ ਦੇ ਆਫਟਰ ਇਫੈਕਟ ਦੇ ਚਲਦਿਆਂ ਉਸਨੂੰ ਕਈ ਦਿੱਕਤਾਂ ਆਉਣ ਲੱਗੀਆਂ। ਸ਼ੂਗਰ, ਬੀ. ਪੀ. ਅਤੇ ਸਰਜੀਕਲ ਪ੍ਰੇਸ਼ਾਨੀਆਂ ਕਾਰਨ ਉਸਦਾ ਸਥਾਨਕ ਈ. ਐੱਸ. ਆਈ. ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਜਾਂਚ ਦੌਰਾਨ ਉਸ ਵਿਚ ਬਲੈਕ ਫੰਗਸ ਦੇ ਲੱਛਣ ਦਿਖਾਈ ਦਿੱਤੇ, ਜਿਸ ਤੋਂ ਬਾਅਦ ਉਸਨੂੰ ਅਗਲੀ ਜਾਂਚ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਫਿਲਹਾਲ ਉਕਤ ਔਰਤ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਅਨਾਜ ਵੰਡ ਸਬੰਧੀ ਤਰੁਣ ਚੁਘ ਦੇ ਬਿਆਨ ਤੋਂ ਬਾਅਦ ਮੰਤਰੀ ਆਸ਼ੂ ਦਾ ਠੋਕਵਾਂ ਜਵਾਬ
ਦੱਸਣਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਊਕ੍ਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ 111 ਮਾਮਲੇ ਸਾਹਮਣੇ ਆਏ ਹਨ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 25 ਕੇਸ ਸਰਕਾਰੀ ਸਿਹਤ ਸਹੂਲਤਾਂ ਵਿਚ ਸਾਹਮਣੇ ਆਏ ਹਨ, ਜਦੋਂ ਕਿ ਬਾਕੀ 86 ਵੱਖ-ਵੱਖ ਨਿੱਜੀ ਹਸਪਤਾਲਾਂ ਤੋਂ ਰਿਪੋਰਟ ਕੀਤੇ ਗਏ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਕੇਸ ਮੁੱਖ ਤੌਰ ’ਤੇ ਉਨ੍ਹਾਂ ਮਰੀਜ਼ਾਂ ਵਿਚ ਪਾਏ ਗਏ ਹਨ, ਜੋ ਹਾਲ ਹੀ ਵਿਚ ਕੋਵਿਡ-19 ਤੋਂ ਠੀਕ ਹੋਏ ਹਨ ਜਾਂ ਜਿਨ੍ਹਾਂ ਦੀ ਇਮਊਨਿਟੀ ਘੱਟ ਹੈ (ਐੱਚ. ਆਈ. ਵੀ. ਜਾਂ ਕੈਂਸਰ ਤੋਂ ਪੀੜਤ ਹਨ) ਜਾਂ ਜਿਹੜੇ ਮਰੀਜ਼ ਸਟੀਰਾਇਡ/ ਇਮੀਊਨੋ-ਮੌਡੂਲੇਟਰਾਂ ਦੀ ਮਦਦ ਨਾਲ ਕੋਵਿਡ ਤੋਂ ਸਿਹਤਯਾਬ ਹੋਏ ਹਨ, ਉਹ ਮਰੀਜ਼ ਜੋ ਲੰਬੇ ਸਮੇਂ ਤੋਂ ਆਕਸੀਜਨ ’ਤੇ ਸਨ ਜਾਂ ਉਹ ਲੋਕ ਜਿਨ੍ਹਾਂ ਦੀ ਸ਼ੂਗਰ ਕਾਬੂ ਤੋਂ ਬਾਹਰ ਹੈ।
ਇਹ ਵੀ ਪੜ੍ਹੋ : 26 ਨੂੰ ਦੇਸ਼ ਭਰ ਦੇ ਕਿਸਾਨ ਘਰਾਂ ਅਤੇ ਵਾਹਨਾਂ ’ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟਾਉਣ : ਟਿਕੈਤ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ