ਪੰਚਾਇਤਾਂ ਦੀ ਪਹਿਲ ਕਦਮੀ ਸਦਕਾ ਜ਼ਿਲੇ ਦੇ 36 ਪਿੰਡ ''ਡਰੱਗ ਫਰੀ'' ਐਲਾਨ

Friday, Dec 13, 2019 - 06:10 PM (IST)

ਪੰਚਾਇਤਾਂ ਦੀ ਪਹਿਲ ਕਦਮੀ ਸਦਕਾ ਜ਼ਿਲੇ ਦੇ 36 ਪਿੰਡ ''ਡਰੱਗ ਫਰੀ'' ਐਲਾਨ

ਹੁਸ਼ਿਆਰਪੁਰ (ਘੁੰਮਣ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਹੋਰ ਸਾਰਥਕ ਬਣਾਉਣ ਲਈ ਜ਼ਿਲਾ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਪੱਬਾਂ ਭਾਰ ਹੋ ਗਈਆਂ ਹਨ ਅਤੇ ਪੰਚਾਇਤਾਂ ਦੀ ਪਹਿਲ ਕਦਮੀ ਅਤੇ ਦੂਰ-ਅੰਦੇਸ਼ੀ ਸੋਚ ਸਦਕਾ ਜ਼ਿਲਾ ਪ੍ਰਸ਼ਾਸਨ ਵਲੋਂ ਹੁਸ਼ਿਆਰਪੁਰ ਦੇ 9 ਹੋਰ ਪਿੰਡ 'ਡਰੱਗ ਫਰੀ' ਐਲਾਨ ਕੀਤੇ ਗਏ ਹਨ, ਜਿਸ ਨਾਲ 'ਡਰੱਗ ਫਰੀ' ਪਿੰਡਾਂ ਦੀ ਗਿਣਤੀ 36 ਹੋ ਗਈ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੁਸ਼ਿਆਰਪੁਰ ਸਬ-ਡਵੀਜ਼ਨ ਦੇ 9 ਹੋਰ ਪਿੰਡਾਂ ਬਹੇੜਾ, ਬਾੜੀਖੱਡ, ਨੰਦਨ, ਬੱਸੀ ਪੁਰਾਣੀ, ਸਤਿਆਲ, ਡਾਡਾ, ਪਟਿਆੜੀਆਂ, ਚੱਕ ਸਾਧੂ ਅਤੇ ਪਿੰਡ ਖੜਕਾਂ ਨੂੰ 'ਡਰੱਗ ਫਰੀ' ਪਿੰਡਾਂ ਦੇ ਸਰਟੀਫਿਕੇਟ ਸੌਂਪੇ। ਇਸ ਮੌਕੇ ਐੱਸ. ਡੀ. ਐੱਮ. ਹੁਸ਼ਿਆਰਪੁਰ ਅਮਿਤ ਸਰੀਨ ਅਤੇ ਪਿੰਡਾਂ ਦੇ ਸਰਪੰਚ-ਪੰਚ ਹਾਜ਼ਰ ਸਨ। ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲੇ 'ਚ 'ਡਰੱਗ ਫਰੀ' ਐਲਾਨ ਕੀਤੇ 36 ਪਿੰਡਾਂ ਦੇ ਸਰਪੰਚ 26 ਜਨਵਰੀ ਨੂੰ ਕਰਵਾਏ ਜਾ ਰਹੇ ਮਹੱਤਵਪੂਰਨ ਸਮਾਰੋਹ 'ਚ ਵਿਸ਼ੇਸ਼ ਮਹਿਮਾਨ ਹੋਣਗੇ।

ਡਿਪਟੀ ਕਮਿਸ਼ਨਰ ਨੇ ਪੰਚਾਇਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਚਾਇਤਾਂ ਅਤੇ ਪਿੰਡ ਵਾਸੀਆਂ ਵਲੋਂ ਆਪਣੇ ਪਿੰਡਾਂ ਨੂੰ 'ਡਰੱਗ ਫਰੀ' ਬਣਾਉਣ ਦਾ ਚੁੱਕਿਆ ਬੀੜਾ ਇਕ ਤੰਦਰੁਸਤ ਸਮਾਜ ਸਿਰਜਣ ਲਈ ਸਹਾਈ ਸਾਬਿਤ ਹੋਵੇਗਾ। ਉਨ੍ਹਾਂ ਬਾਕੀ ਪਿੰਡਾਂ ਨੂੰ ਵੀ ਨਸ਼ਿਆਂ ਖਿਲਾਫ ਅੱਗੇ ਆਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ 'ਡਰੱਗ ਫਰੀ' ਪਿੰਡਾਂ ਨੂੰ ਬਾਕੀ ਪਿੰਡਾਂ 'ਚ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣ ਬਾਰੇ ਵੀ ਕਿਹਾ। ਉਨ੍ਹਾਂ ਪੰਚਾਇਤਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਸਰਬੱਤ ਸਿਹਤ ਬੀਮਾ ਯੋਜਨਾ, ਘਰ-ਘਰ ਰੋਜ਼ਗਾਰ ਯੋਜਨਾ, ਸਮਾਰਟ ਵਿਲੇਜ ਸਕੀਮ ਤੋਂ ਇਲਾਵਾ ਮਗਨਰੇਗਾ ਆਦਿ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਜਿਥੇ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉਥੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੂੰ ਹਦਾਇਤ ਕੀਤੀ ਕਿ 'ਡਰੱਗ ਫਰੀ' ਕੀਤੇ ਗਏ ਪਿੰਡਾਂ ਦੀ 15 ਦਿਨਾਂ ਬਾਅਦ ਚੈਕਿੰਗ ਕਰਨੀ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਜੀ. ਓ. ਜੀ. ਨੂੰ ਵੀ ਇਨ੍ਹਾਂ ਪਿੰਡਾਂ ਦੀ ਨਿਗਰਾਨੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਸਬੰਧੀ ਸੂਚਨਾ ਦੇਣ ਲਈ ਐੱਸ. ਟੀ. ਐੱਫ./ਨਾਰਕੋਟਿਕਸ ਸੈੱਲ ਹੁਸ਼ਿਆਰਪੁਰ ਦੇ ਹੈਲਪਲਾਈਨ ਨੰਬਰ-181 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਬਿਲਕੁੱਲ ਗੁਪਤ ਰੱਖਿਆ ਜਾਵੇਗਾ।


author

Baljeet Kaur

Content Editor

Related News