ਹਾਰਟੀਕਲਚਰ ਰਿਸਰਚ ਸੈਂਟਰ ਅੰਮ੍ਰਿਤਸਰ ਦੀ ਬਜਾਏ ਜਲੰਧਰ 'ਚ ਬਣਾਇਆ ਜਾਵੇ
Saturday, Jul 14, 2018 - 06:40 PM (IST)

ਜਲੰਧਰ (ਧਵਨ)— ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਪੀ. ਜੀ. ਆਈ. ਐੱਚ. ਆਰ. ਈ. (ਪੋਸਟ ਗਰੈਜੂਏਸ਼ਨ ਇੰਸਟੀਚਿਊਟ ਆਫ ਹਾਰਟੀਕਲਚਰ, ਰਿਸਰਚ ਐਂਡ ਐਜੂਕੇਸ਼ਨ) ਨੂੰ ਅੰਮ੍ਰਿਤਸਰ ਦੀ ਬਜਾਏ ਜਲੰਧਰ 'ਚ ਸਥਾਪਤ ਕਰਨ ਦੀ ਗੁਹਾਰ ਲਗਾਈ ਹੈ।
ਉਨ੍ਹਾਂ ਕਿਹਾ ਕਿ ਉਕਤ ਪ੍ਰਾਜੈਕਟ ਨੂੰ ਅੰਮ੍ਰਿਤਸਰ 'ਚ ਸਥਾਪਤ ਕਰਨ ਵਿੱਚ ਕੇਂਦਰ ਨੂੰ ਮੁਸ਼ਕਿਲਾਂ ਆ ਰਹੀਆਂ ਹਨ। ਇਸ ਦੇ ਲਈ ਅੰਮ੍ਰਿਤਸਰ 'ਚ 100 ਏਕੜ, ਅਬੋਹਰ 'ਚ 50 ਏਕੜ ਅਤੇ ਅੰਮ੍ਰਿਤਸਰ ਤੋਂ 25-30 ਕਿਲੋਮੀਟਰ ਦੀ ਦੂਰੀ 'ਤੇ ਇਕ ਹੋਰ ਹਿੱਸੇ 'ਤੇ ਜ਼ਮੀਨਾਂ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਕੇਂਦਰ ਨੂੰ 3 ਵੱਖ-ਵੱਖ ਯੂਨਿਟਾਂ ਨੂੰ ਚਾਲੂ ਕਰਨਾ ਹੋਵੇਗਾ ਜੋਕਿ ਉਚਿਤ ਨਹੀਂ ਹੋਵੇਗਾ। ਜਲੰਧਰ 'ਚ ਇਕ ਹੀ ਸਥਾਨ 'ਤੇ ਇੰਨੀ ਜ਼ਮੀਨ ਮਿਲ ਸਕਦੀ ਹੈ ਕਿ ਇਕ ਹੀ ਯੂਨਿਟ ਨਾਲ ਕੰਮ ਚਲਾਇਆ ਜਾਵੇ। ਚੌਧਰੀ ਨੇ ਮੁੱਖ ਮੰਤਰੀ ਨੂੰ ਬੀਤੇ ਦਿਨੀਂ ਵੀ ਇਕ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਹਾਰਟੀਕਲਚਰ ਸੈਂਟਰ ਲਈ ਜਲੰਧਰ ਸਭ ਤੋਂ ਸਹੀ ਸਥਾਨ ਹੈ। ਰਾਸ਼ਟਰੀ ਹਿਤਾਂ ਨੂੰ ਧਿਆਨ 'ਚ ਰੱਖਦੇ ਹੋਏ ਵੀ ਇਹ ਸੈਂਟਰ ਜਲੰਧਰ 'ਚ ਬਣਾਇਆ ਜਾਣਾ ਚਾਹੀਦਾ ਹੈ। ਦੋਆਬਾ ਪੰਜਾਬ ਦੇ ਕੇਂਦਰ 'ਚ ਪੈਂਦਾ ਹੈ ਅਤੇ ਇਸ ਸੈਂਟਰ ਦੇ ਜਲੰਧਰ 'ਚ ਸਥਾਪਤ ਹੋਣ ਨਾਲ ਪੂਰੇ ਪੰਜਾਬ ਨੂੰ ਲਾਭ ਮਿਲੇਗਾ।
ਜਲੰਧਰ 'ਚ ਸੈਂਟਰ ਖੁੱਲ੍ਹਣ ਨਾਲ ਅੰਮ੍ਰਿਤਸਰ ਅਤੇ ਅਬੋਹਰ 'ਚ ਫਲਾਂ ਲਈ ਜਿਸ ਜ਼ਮੀਨ 'ਤੇ ਕਾਸ਼ਤ ਹੋ ਰਹੀ ਹੈ, ਉਸ ਨੂੰ ਬਚਾਉਣ 'ਚ ਵੀ ਮਦਦ ਮਿਲੇਗੀ। ਜ਼ਮੀਨ ਹੇਠਲੇ ਪਾਣੀ ਅਤੇ ਉਪਜਾਊ ਮਿੱਟੀ ਪੱਖੋਂ ਵੀ ਜਲੰਧਰ ਇਕ ਵਧੀਆ ਬਦਲ ਹੋ ਸਕਦਾ ਹੈ।
ਉਨ੍ਹਾਂ ਚਿੱਠੀ 'ਚ ਕਿਹਾ ਕਿ ਦੋਆਬਾ ਆਲੂਆਂ, ਮਟਰ ਅਤੇ ਹੋਰ ਸਬਜ਼ੀਆਂ ਲਈ ਵੀ ਮੁਫੀਦ ਜਗ੍ਹਾ ਹੈ ਅਤੇ ਇਥੇ ਫਲ ਉਤਪਾਦਨ ਨਾਲ ਸਬੰਧਤ ਸੈਂਟਰ ਸਥਾਪਤ ਹੋਣ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜਲੰਧਰ ਪ੍ਰਿੰਟ ਮੀਡੀਆ ਦਾ ਕੇਂਦਰ ਹੈ ਅਤੇ ਇਥੇ ਹਾਰਟੀਕਲਚਰ ਰਿਸਰਚ ਸੈਂਟਰ ਬਣਨ ਨਾਲ ਕਿਸਾਨਾਂ ਨੂੰ ਰਿਸਰਚ ਲਈ ਕਾਫੀ ਸਮੱਗਰੀ ਮਿਲ ਜਾਵੇਗੀ। ਮੁੱਖ ਮੰਤਰੀ ਨੇ ਸੰਸਦ ਮੈਂਬਰ ਚੌਧਰੀ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਇਸ 'ਤੇ ਵਿਚਾਰ ਕਰੇਗੀ।