ਮਨਾਹੀ ਦੇ ਬਾਵਜੂਦ ਹਾਈਵੇ ''ਤੇ ਟੰਗੇ ਨੇ ਹੋਰਡਿੰਗਜ਼
Friday, Nov 24, 2017 - 05:01 AM (IST)

ਨਵਾਂਸ਼ਹਿਰ, (ਮਨੋਰੰਜਨ)- ਸੁਪਰੀਮ ਕੋਰਟ ਨੇ ਹਾਈਵੇ 'ਤੇ ਕਿਸੇ ਵੀ ਤਰ੍ਹਾਂ ਦੇ ਬੋਰਡ ਤੇ ਹੋਰਡਿੰਗਜ਼ ਲਾਉਣ 'ਤੇ ਪਾਬੰਦੀ ਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਦਿਸ਼ਾਸੂਚਕ ਨਿਸ਼ਾਨ, ਦਰੱਖਤਾਂ ਤੇ ਬਿਜਲੀ ਦੇ ਖੰਭਿਆਂ ਵਰਗੀ ਸਰਕਾਰੀ ਪ੍ਰਾਪਰਟੀ 'ਤੇ ਰਾਜਨੀਤਕ ਤੇ ਖੇਡ ਮੇਲਿਆਂ ਸਮੇਤ ਨਿੱਜੀ ਹੋਰਡਿੰਗਜ਼ ਤੇ ਬੋਰਡ ਲਾਏ ਗਏ ਹਨ, ਜਦਕਿ ਨਗਰ ਕੌਂਸਲ ਵੱਲੋਂ ਨਾ ਤਾਂ ਹੋਰਡਿੰਗਜ਼ ਲਹਾਏ ਜਾ ਰਹੇ ਹਨ ਤੇ ਨਾ ਹੀ ਇਨ੍ਹਾਂ ਨੂੰ ਲਵਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹਾਈਵੇ ਤੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਨਿੱਜੀ ਵਿਗਿਆਪਨਾਂ ਦੇ ਬੋਰਡ ਤੇ ਹੋਰਡਿੰਗਜ਼ ਨਹੀਂ ਲਾਏ ਜਾ ਸਕਦੇ।
ਹਾਦਸਿਆਂ ਦਾ ਕਾਰਨ ਬਣਦੇ ਹਨ ਇਹ ਹੋਰਡਿੰਗਜ਼/ਬੈਨਰ
ਹਾਈਵੇ ਤੇ ਮੁੱਖ ਸੜਕਾਂ ਦੇ ਦੋਵੇਂ ਪਾਸੇ ਟੰਗੇ ਹੋਰਡਿੰਗਜ਼, ਬੈਨਰ, ਫਲੈਕਸ ਬੋਰਡ ਆਦਿ ਵਾਹਨ ਚਾਲਕਾਂ ਦਾ ਧਿਆਨ ਭੰਗ ਕਰ ਕੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਨਗਰ ਕੌਂਸਲ ਵੱਲੋਂ ਇਨ੍ਹਾਂ ਹੋਰਡਿੰਗਜ਼ ਨੂੰ ਲਾਹੁਣ ਲਈ ਨਾ ਤਾਂ ਕੋਈ ਮੁਹਿੰਮ ਚਲਾਈ ਗਈ ਹੈ ਤੇ ਨਾ ਹੀ ਟੰਗਣ ਵਾਲਿਆਂ ਖਿਲਾਫ ਕਿਸੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ, ਜਦਕਿ ਖੁਦ ਕੌਂਸਲ ਵੱਲੋਂ ਸ਼ਹਿਰ 'ਚ ਹੋਰਡਿੰਗਜ਼ ਤੇ ਬੋਰਡ ਲਾਉਣ ਲਈ ਕੌਂਸਲ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਕੀਤਾ ਗਿਆ ਹੈ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸੰਬੰਧ 'ਚ ਕੌਂਸਲ ਦੇ ਈ. ਓ. ਰਣਵੀਰ ਸਿੰਘ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ ਸਮੇਂ-ਸਮੇਂ 'ਤੇ ਮੁੱਖ ਸੜਕਾਂ 'ਤੇ ਲੱਗੇ ਹੋਰਡਿੰਗਜ਼ ਤੇ ਬੋਰਡ ਲਾਹੇ ਜਾਂਦੇ ਹਨ। ਜਲਦੀ ਹੀ ਸ਼ਹਿਰ 'ਚ ਹੋਰਡਿੰਗਜ਼ ਤੇ ਬੋਰਡ ਮੁੱਖ ਸੜਕਾਂ ਤੋਂ ਲਾਹੇ ਜਾਣਗੇ।
ਲੋਕਾਂ 'ਤੇ ਪਵੇਗਾ ਮਾੜਾ ਅਸਰ
ਐਡਵੋਕੇਟ ਪਰਮਜੀਤ ਸਿੰਘ ਬਖਸ਼ੀ ਦਾ ਕਹਿਣਾ ਹੈ ਕਿ ਪਬਲਿਕ ਪ੍ਰਾਪਰਟੀ ਦੇ ਨਾਲ-ਨਾਲ ਹਾਈਵੇ 'ਤੇ ਕਿਸੇ ਵੀ ਤਰ੍ਹਾਂ ਦੇ ਬੈਨਰ, ਬੋਰਡ ਤੇ ਹੋਰਡਿੰਗਜ਼ ਲਾਉਣ ਵਾਲਿਆਂ ਖਿਲਾਫ ਕੌਂਸਲ ਨੂੰ ਸਖਤ ਕਾਰਵਾਈ ਅਮਲ 'ਚ ਲਿਆਉਣੀ ਚਾਹੀਦੀ ਹੈ। ਰਮਨ ਕੁਮਾਰ ਨੇ ਕਿਹਾ ਕਿ ਨਿਯਮ ਤੇ ਕਾਨੂੰਨ ਸਭ ਲਈ ਇਕ ਹਨ। ਇਨ੍ਹਾਂ ਨਾਲ ਆਉਣ-ਜਾਣ ਵਾਲੇ ਲੋਕਾਂ 'ਤੇ ਮਾੜਾ ਅਸਰ ਪੈਂਦਾ ਹੈ ਤੇ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ। ਕੌਂਸਲ ਨੂੰ ਜਲਦ ਤੋਂ ਜਲਦ ਇਨ੍ਹਾਂ ਨੂੰ ਲਹਾਉਣਾ ਚਾਹੀਦਾ ਹੈ।