ਹਨੀਪ੍ਰੀਤ ਨੇ ਕਬੂਲਿਆ-ਪੰਚਕੂਲਾ ''ਚ ਹਿੰਸਾ ਭੜਕਾਉਣ ਦਾ ਮਾਸਟਰ ਪਲਾਨ ਕੀਤਾ ਸੀ ਤਿਆਰ

10/12/2017 7:03:02 AM

ਚੰਡੀਗੜ੍ਹ - ਸਾਧਵੀਆਂ ਨਾਲ ਰੇਪ ਦੇ ਜੁਰਮ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾਂ ਕਈ ਦਿਨ ਜਾਂਚ ਵਿਚ ਸਹਿਯੋਗ ਨਾ ਦੇਣ ਮਗਰੋਂ ਅੱਜ ਰਾਜ਼ ਉਗਲਣ ਲੱਗੀ ਹੈ। ਸੂਤਰਾਂ ਅਨੁਸਾਰ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ, ਹਾਲਾਂਕਿ ਇਸਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ। ਹਨੀਪ੍ਰੀਤ 'ਤੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪੰਚਕੂਲਾ ਵਿਚ ਹਿੰਸਾ ਭੜਕਾਉਣ ਦਾ ਦੋਸ਼ ਹੈ, ਜਿਸ ਵਿਚ 38 ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ।
ਓਧਰ, ਪੁਲਸ ਦੀ ਪੁੱਛਗਿੱਛ ਵਿਚ ਹਨੀਪ੍ਰੀਤ ਦੇ ਡਰਾਈਵਰ ਰਾਕੇਸ਼ ਨੇ ਵੀ ਖੁਲਾਸਾ ਕੀਤਾ ਕਿ ਪੰਚਕੂਲਾ ਦੰਗਿਆਂ ਲਈ ਹਨੀਪ੍ਰੀਤ ਨੇ ਮਾਸਟਰ ਪਲਾਨ ਤਿਆਰ ਕੀਤਾ ਸੀ।
ਸੂਤਰਾਂ ਅਨੁਸਾਰ ਹਨੀਪ੍ਰੀਤ ਦੇ ਲੈਪਟਾਪ ਵਿਚ ਉਸ ਦਾ ਪੂਰਾ ਪਲਾਨ ਬਣਿਆ ਹੋਇਆ ਹੈ। ਇਸ ਨੂੰ ਹਨੀਪ੍ਰੀਤ ਵਿਰੁੱਧ ਪੁਖਤਾ ਸਬੂਤ ਮੰਨਿਆ ਜਾ ਰਿਹਾ ਹੈ ਪਰ ਅਜੇ ਤੱਕ  ਇਹ ਪੁਲਸ ਦੇ ਹੱਥ ਨਹੀਂ ਲੱਗਾ। ਪੁਲਸ ਹਨੀਪ੍ਰੀਤ ਦਾ ਲੈਪਟਾਪ ਅਤੇ ਮੋਬਾਈਲ ਬਰਾਮਦ ਕਰਨ ਦੀ ਕੋਸ਼ਿਸ਼ ਕਰਨ ਵਿਚ ਲੱਗੀ ਹੋਈ ਹੈ। ਹਨੀਪ੍ਰੀਤ ਨੂੰ ਨਿਸ਼ਾਨਦੇਹੀ ਅਤੇ ਸਾਮਾਨ ਦੀ ਬਰਾਮਦਗੀ ਲਈ ਲਿਜਾਇਆ ਜਾ ਸਕਦਾ ਹੈ।
ਬੁੱਧਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ ਵਿਚ ਸੀ. ਬੀ. ਆਈ. ਨੇ ਰਾਮ ਰਹੀਮ ਕੋਲੋਂ ਲਗਭਗ 3 ਘੰਟੇ ਪੁੱਛਗਿੱਛ ਕੀਤੀ। ਇਸ  ਦੌਰਾਨ ਉਹ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਾ ਰਿਹਾ। ਡੇਰੇ ਨਾਲ ਜੁੜੇ ਕੁਝ ਲੋਕਾਂ ਨੇ ਦੋਸ਼ ਲਗਾਇਆ ਕਿ ਰਾਮ ਰਹੀਮ ਨੇ ਉਨ੍ਹਾਂ ਨੂੰ ਨਿਪੁੰਸਕ ਬਣਾਇਆ। ਸੀ. ਬੀ. ਆਈ. ਹੁਣ ਧਾਰਾ 164 ਦੇ ਤਹਿਤ ਬਿਆਨ ਦਰਜ ਕਰਵਾਉਣ 'ਤੇ ਵਿਚਾਰ ਕਰ ਰਹੀ ਹੈ।


Related News