ਹੋਂਦ ਚਿੱਲੜ 'ਚ ਕਤਲੇਆਮ ਵਾਲੀ ਥਾਂ 'ਤੇ ਝੁਲਾਇਆ 51 ਫੁੱਟ ਦਾ ਕੇਸਰੀ ਨਿਸ਼ਾਨ ਸਾਹਿਬ

Sunday, Nov 17, 2019 - 10:32 AM (IST)

ਹੋਂਦ ਚਿੱਲੜ 'ਚ ਕਤਲੇਆਮ ਵਾਲੀ ਥਾਂ 'ਤੇ ਝੁਲਾਇਆ 51 ਫੁੱਟ ਦਾ ਕੇਸਰੀ ਨਿਸ਼ਾਨ ਸਾਹਿਬ

ਚੰਡੀਗੜ੍ਹ (ਭੁੱਲਰ) - ਨਵੰਬਰ 1984 ਦੌਰਾਨ ਹਰਿਆਣਾ ਦੇ ਪਿੰਡ ਰਿਵਾੜੀ ਨਜ਼ਦੀਕ ਪਿੰਡ ਹੋਂਦ ਚਿੱਲੜ, ਜਿੱਥੇ 32 ਸਿੱਖਾਂ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ ਗਿਆ ਸੀ, ਵਿਖੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਨੇ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਕੇਸਰੀ ਨਿਸ਼ਾਨ ਸਾਹਿਬ 35 ਸਾਲਾ ਬਾਅਦ ਦੁਬਾਰਾ ਝੁਲਾ ਦਿੱਤੇ। ਸਿੱਖ ਇਨਸਾਫ਼ ਕਮੇਟੀ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਸੰਤੋਖ ਸਿੰਘ ਸਾਹਨੀ, ਗੁਰਜੀਤ ਸਿੰਘ ਪਟੌਦੀ, ਬਾਬਾ ਸਰਬਜੋਤ ਸਿੰਘ ਡਾਗੋ, ਭਾਈ ਬਲਕਰਨ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ 'ਚ ਕੇਸਰੀ ਨਿਸ਼ਾਨ ਸਾਹਿਬ ਨੂੰ ਦੁਬਾਰਾ ਝੁਲਾਇਆ ਹੈ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਖਾਲਸਾ ਪੰਥ ਦੇ ਸੂਰਬੀਰ ਯੋਧੇ ਭਾਈ ਦਰਸ਼ਨ ਸਿੰਘ ਘੋਲੀਆ ਨੇ 7 ਨਵੰਬਰ ਨੂੰ ਸੰਗਤਾਂ ਦੇ ਇਕੱਠ 'ਚ ਅਰਦਾਸ ਕੀਤੀ ਸੀ ਕਿ ਉਨ੍ਹਾਂ ਦੀ ਸੰਸਥਾ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਹੋਂਦ ਚਿੱਲੜ ਵਿਖੇ ਦੁਬਾਰਾ ਨਿਸ਼ਾਨ ਸਾਹਿਬ ਸਥਾਪਿਤ ਕਰੇਗੀ। ਆਪਣੇ ਕੀਤੇ ਐਲਾਨ 'ਤੇ ਪਹਿਰਾ ਦਿੰਦਿਆਂ ਸ਼ਹੀਦੀ ਯਾਦਗਾਰ ਬਣਾਉਣ ਦੀ ਸ਼ੁਰੂਆਤ ਕਰਦਿਆਂ 51 ਫੁੱਟ ਉੱਚਾ ਕੇਸਰੀ ਨਿਸ਼ਾਨ ਸਾਹਿਬ ਚੜ੍ਹਾ ਦਿੱਤਾ। ਇਸ ਮੌਕੇ ਭਾਈ ਘੋਲੀਆ ਸਮੇਤ ਪੰਜ ਸਿੰਘਾਂ ਭਾਈ ਗੁਰਜੀਤ ਸਿੰਘ ਪਟੌਦੀ, ਭਾਈ ਰਜਿੰਦਰ ਸਿੰਘ ਥਰਾਜ, ਨਿਰਭੈ ਸਿੰਘ, ਮਿਸਤਰੀ ਭਾਈ ਚੰਦ ਸਿੰਘ ਖਾਲਸਾ ਨੇ ਅਰਦਾਸ ਕਰਕੇ ਇਸ ਕਾਰਜ ਨੂੰ ਸਿਰੇ ਚਾੜ੍ਹਿਆ। ਇਸ ਮੌਕੇ ਗਿਆਨ ਸਿੰਘ, ਪੀੜਤ ਗੋਪਾਲ ਸਿੰਘ ਰਿਵਾੜੀ, ਚਿੱਲੜ ਦੇ ਸਰਪੰਚ ਬਲਰਾਮ, ਬੀਬੀ ਜੀਵਨੀ ਬਾਈ, ਬੀਬੀ ਈਸਰੀ ਦੇਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


author

rajwinder kaur

Content Editor

Related News