ਸੰਪਰਕ ਕੇਂਦਰ : ਹੋਮ ਡਲਿਵਰੀ ਨੂੰ ਪ੍ਰਸ਼ਾਸਕ ਨੇ ਦਿੱਤੀ ਮਨਜ਼ੂਰੀ, ਸਰਵਿਸ ਦਾ ਲਾਭ ਲੈਣ ਲਈ ਲੋਕਾਂ ਨੂੰ ਦੇਣੀ ਪਵੇਗੀ ਫੀਸ
Saturday, Feb 04, 2023 - 04:12 PM (IST)
ਚੰਡੀਗੜ੍ਹ (ਰਾਜਿੰਦਰ) : ਹੁਣ ਤਕ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਲਈ ਸੰਪਰਕ ਕੇਂਦਰ ਜਾਣਾ ਪੈਂਦਾ ਸੀ ਪਰ ਹੁਣ ਸੰਪਰਕ ਕੇਂਦਰ ਲੋਕਾਂ ਦੇ ਘਰਾਂ ਤਕ ਜਾਵੇਗਾ। ਆਈ. ਟੀ. ਵਿਭਾਗ ਦੀ ਡੋਰ ਸਟੈੱਪ ਡਲਿਵਰੀ ਸੇਵਾ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਸ਼ੁੱਕਰਵਾਰ ਮਨਜ਼ੂਰੀ ਦੇ ਦਿੱਤੀ ਹੈ। ਵਿਭਾਗ ਵਲੋਂ ਸ਼ਨੀਵਾਰ ਫੀਸਾਂ ਜਾਰੀ ਕੀਤੀਆਂ ਜਾ ਸਕਦੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਜਿਹੜੇ ਲੋਕ ਸੰਪਰਕ ਕੇਂਦਰ ਨਹੀਂ ਜਾਣਾ ਚਾਹੁੰਦੇ, ਘਰ ਹੀ ਕੰਮ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਯੋਜਨਾ ਨਾਲ ਕਾਫ਼ੀ ਫਾਇਦਾ ਹੋਵੇਗਾ। ਇਹ ਸੇਵਾ ਸ਼ਹਿਰ ਦੇ ਬਜ਼ੁਰਗ ਲੋਕਾਂ ਲਈ ਵੀ ਫਾਇਦੇਮੰਦ ਹੋਵੇਗੀ। ਜਾਣਕਾਰੀ ਅਨੁਸਾਰ ਸ਼ੁਰੂ ਵਿਚ ਬਿਜਲੀ-ਪਾਣੀ ਦਾ ਬਿੱਲ, ਪ੍ਰਾਪਰਟੀ ਟੈਕਸ, ਆਧਾਰ ਕਾਰਡ ਦੀਆਂ ਸੇਵਾਵਾਂ ਸਮੇਤ ਕਈ ਹੋਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਸੇਵਾ ਦਾ ਲਾਭ ਲੈਣ ਲਈ ਲੋਕਾਂ ਨੂੰ ਫ਼ੀਸ ਵੀ ਅਦਾ ਕਰਨੀ ਹੋਵੇਗੀ, ਜਿਸ ਨੂੰ ਵਿਭਾਗ ਨੇ ਤੈਅ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਹਾਈਟੈੱਕ ਪੁਲਸ ਅਤੇ ਹਾਈਟੈੱਕ ਕੈਮਰੇ ਦੇ ਬਾਵਜੂਦ ਸੜਕਾਂ ’ਤੇ ਖਰੂਦ ਮਚਾਉਂਦਾ ਰਿਹਾ ਐਕਟਿਵਾ ਚੋਰ
ਪ੍ਰਸ਼ਾਸਨ ਫਿਰ ਸੰਪਰਕ ਕੇਂਦਰਾਂ ਦੀਆਂ ਸੇਵਾਵਾਂ ’ਤੇ ਲਾਏਗਾ ਫ਼ੀਸ
ਇਸ ਤੋਂ ਇਲਾਵਾ ਯੂ. ਟੀ. ਪ੍ਰਸ਼ਾਸਨ ਫਿਰ ਸੰਪਰਕ ਕੇਂਦਰਾਂ ਦੀਆਂ ਸੇਵਾਵਾਂ ’ਤੇ ਫ਼ੀਸ ਲਾਉਣ ਜਾ ਰਿਹਾ ਹੈ। ਪਿਛਲਾ ਪ੍ਰਸਤਾਵ ਖਾਰਜ ਹੋਣ ਤੋਂ ਬਾਅਦ ਪੁਰਾਣੀ ਫ਼ੀਸ ਵਿਚ ਸੋਧ ਕਰ ਕੇ ਆਈ. ਟੀ. ਵਿਭਾਗ ਨੇ ਨਵਾਂ ਪ੍ਰਸਤਾਵ ਬਣਾਇਆ ਹੈ, ਜਿਸ ਨੂੰ ਸ਼ੁੱਕਰਵਾਰ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮਨਜ਼ੂਰੀ ਦੇ ਦਿੱਤੀ। ਨਵੀਆਂ ਫੀਸਾਂ ਪੰਜਾਬ ਅਤੇ ਹਰਿਆਣਾ ਵਿਚ ਲਈਆਂ ਜਾ ਰਹੀਆਂ ਫ਼ੀਸਾਂ ਨੂੰ ਵੇਖ ਕੇ ਤੈਅ ਕੀਤੀਆਂ ਗਈਆਂ ਹਨ। ਪੁਰਾਣੇ ਪ੍ਰਸਤਾਵ ਵਿਚ ਸਾਰੀਆਂ ਸੇਵਾਵਾਂ ’ਤੇ 20 ਤੋਂ 25 ਰੁਪਏ ਦੀ ਫ਼ੀਸ ਲਾਈ ਗਈ ਸੀ, ਜਿਸ ਦਾ ਲੋਕਾਂ ਵਲੋਂ ਕਾਫ਼ੀ ਵਿਰੋਧ ਹੋਇਆ। ਵਿਭਾਗ ਦੀ ਦਲੀਲ ਹੈ ਕਿ ਸੰਪਰਕ ਕੇਂਦਰਾਂ ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ, ਹੋਰ ਕੇਂਦਰ ਖੋਲ੍ਹਣ, ਨਵੀਆਂ ਸੇਵਾਵਾਂ ਨੂੰ ਲਾਂਚ ਕਰਨ ਤੇ ਸਾਫ਼ਟਵੇਅਰ-ਸਰਵਰ ਆਦਿ ਨੂੰ ਅਪਗ੍ਰੇਡ ਕਰਨ ਲਈ ਪੈਸਿਆਂ ਦੀ ਜ਼ਰੂਰਤ ਹੈ। ਇਸ ਲਈ ਇਹ ਫ਼ੀਸ ਲਾਈ ਗਈ ਹੈ।
ਇਹ ਵੀ ਪੜ੍ਹੋ : ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਮਜ਼ਦੂਰ ਨੇ ਲਿਆ ਗਲ ਫਾਹਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ