ਅਣਪਛਾਤਿਆਂ ਨੇ ਘਰ ’ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, ਇਕ ਜ਼ਖਮੀ

05/31/2023 6:20:38 PM

ਬੰਗਾ (ਚਮਨ ਲਾਲ/ਰਾਕੇਸ਼) : ਇੱਥੋ ਨਜ਼ਦੀਕ ਪੈਂਦੇ ਪਿੰਡ ਹੀਉ ਵਿਖੇ ਅਣਪਛਾਤੇ ਵਿਅਕਤੀਆ ਵੱਲੋਂ ਇਕ ਘਰ ’ਤੇ ਕੀਤੀ ਫਾਈਰਿੰਗ ਦੌਰਾਨ ਇਕ ਵਿਅਕਤੀ ਦੇ ਮਾਮੂਲੀ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮਹਿੰਦਰ ਰਾਮ ਉਰਫ ਰੂਪਾ ਪੁੱਤਰ ਬੀਰੂ ਰਾਮ ਨਿਵਾਸੀ ਹੀਉ ਨੇ ਦੱਸਿਆ ਕਿ ਉਹ ਦੇਰ ਰਾਤ 10 ਵਜੇ ਦੇ ਕਰੀਬ ਆਪਣੇ ਘਰ ਮੌਜੂਦ ਸੀ ਅਤੇ ਰਾਤ ਦਾ ਖਾਣਾ ਖਾਣ ਲੱਗਾ ਸੀ। ਟੀਵੀ ਚੱਲ ਰਿਹਾ ਸੀ ਤਾਂ ਅਚਾਨਕ ਪਟਾਕੇ ਚੱਲਣ ਦੀ ਆਵਾਜ਼ ਆਈ ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮਝਿਆ ਸ਼ਾਇਦ ਬੱਚੇ ਪਟਾਕੇ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਉਕਤ ਅਣਪਛਾਤਿਆ ਨੇ ਉਨ੍ਹਾਂ ਦੇ ਘਰ ਦੇ ਗੇਟ ਵਿਚ ਗੋਲੀਆਂ ਮਾਰੀਆ ਉਪੰਰਤ ਇਕ ਗੋਲੀ ਉਨ੍ਹਾਂ ਦੇ ਘਰ ਅੰਦਰ ਬਣੇ ਕਮਰੇ ਦੀ ਕੰਧ ਵਿਚ ਆ ਵੱਜੀ। ਉਨ੍ਹਾਂ ਦੱਸਿਆ ਕਿ ਧੂੰਆਂ ਨਿਕਲਦਾ ਦੇਖ ਉਹ ਟੀਵੀ ਵੱਲ ਨੂੰ ਵੇਖਣ ਲੱਗ ਪਏ ਤਾ ਇੰਨੇ ਨੂੰ ਇਕ ਹੋਰ ਗੋਲੀ ਉਨ੍ਹਾਂ ਦੀ ਖੱਬੀ ਬਾਂਹ ਵਿਚ ਆ ਲੱਗੀ ਅਤੇ ਉਹ ਮਾਮੂਲੀ ਜ਼ਖਮੀ ਹੋ ਗਏ।

ਉਨ੍ਹਾਂ ਦੱਸਿਆ ਕਿ ਅਣਪਛਾਤਿਆ ਵੱਲੋਂ ਉਕਤ ਫਾਈਰਿੰਗ ਘਰ ਦੇ ਗੇਟ ਤੋਂ ਬਾਹਰੋਂ ਹੀ ਕੀਤੀ ਗਈ। ਉਨ੍ਹਾਂ ਦਾ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਵੈਰ/ਵਿਰੋਧ ਨਹੀਂ ਪਰ ਫਿਰ ਵੀ ਉਨ੍ਹਾਂ ’ਤੇ ਇਹ ਫਾਈਰਿੰਗ ਕਿਸ ਨੇ ਅਤੇ ਕਿਉਂ ਕੀਤੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਜਾਣਕਾਰੀ ਬੰਗਾ ਪੁਲਸ ਨੂੰ ਦਿੱਤੀ ਜੋ ਕਿ ਸੂਚਨਾ ਮਿਲਦੇ ਹੀ ਬੰਗਾ ਪੁਲਸ ਦੇ ਐੱਸ. ਐੱਚ. ਓ. ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਹ ਸਿਵਲ ਹਸਪਤਾਲ ਬੰਗਾ ਇਲਾਜ ਲਈ ਗਏ ਸਨ ਤਾਂ ਡਿਊਟੀ ’ਤੇ ਤਨਾਇਤ ਡਾਕਟਰ ਵੱਲੋਂ ਬਾਂਹ ’ਤੇ ਹੋਏ ਜ਼ਖਮ ਦੀ ਮਲ੍ਹਮ ਪੱਟੀ ਕਰ ਅਤੇ ਉਸ ਨੂੰ ਦਵਾਈ ਦੇ ਕੇ ਅਤੇ ਰੋਜ਼ਾਨਾ ਪੱਟੀ ਕਰਾਉਣ ਲਈ ਕਹਿ ਘਰ ਭੇਜ ਦਿੱਤਾ। ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਐੱਸ. ਐੱਚ. ਓ ਐੱਸ. ਆਈ. ਮਹਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਰਾਤ ਮੌਕੇ ’ਤੇ ਗਏ ਸਨ ਅਤੇ ਇਸ ਸਬੰਧੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਜਾਂਚ ਉਪੰਰਤ ਦੱਸੇ ਜਾਣਗੇ।


Gurminder Singh

Content Editor

Related News