ਪੰਜਾਬ ਦੇ ਇਸ ਸਕੂਲ ''ਚ ਛੁੱਟੀ ਦਾ ਐਲਾਨ
Tuesday, Dec 17, 2024 - 07:57 AM (IST)
ਲੁਧਿਆਣਾ: ਬੀਤੇ ਦਿਨੀਂ ਮਹਾਨਗਰ ’ਚ ਇਕ ਦਰਦਨਾਕ ਘਟਨਾ ’ਚ ਦੂਜੀ ਕਲਾਸ ਦੀ ਮਾਸੂਮ ਵਿਦਿਆਰਥਣ ਦੀ ਮੌਤ ਹੋ ਗਈ। ਚਾਲਕ ਵੱਲੋਂ ਸਕੂਲ ਬੱਸ ਬੈਕ ਕਰਦੇ ਸਮੇਂ ਬੱਚੀ ਲਪੇਟ ’ਚ ਆ ਗਈ ਅਤੇ ਪਿਛਲੇ ਟਾਇਰਾਂ ਦੇ ਥੱਲੇ ਕੁਚਲੀ ਗਈ, ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਭਾਮੀਆਂ ਰੋਡ ਦੇ ਜੀ. ਕੇ. ਅਸਟੇਟ ਦੀ ਰਹਿਣ ਵਾਲੀ 7 ਸਾਲ ਦੀ ਅਮਾਇਰਾ ਹੈ, ਜੋ ਦੂਜੀ ਕਲਾਸ ’ਚ ਪੜ੍ਹਦੀ ਸੀ। ਬੀਤੇ ਦਿਨੀਂ ਬੱਚੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਵਿਚ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਕਾਰਨ ਅੱਜ ਯਾਨੀ ਮੰਗਲਵਾਰ ਨੂੰ ਬੀਸੀਐੱਮ ਸਕੂਲ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਸਕੂਲ ਦੇ ਬਾਕੀ ਵਿਦਿਆਰਥੀ ਵੀ ਕਾਫ਼ੀ ਸਹਿਮੇ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਲੱਗੀਆਂ ਮੌਜਾਂ, ਜਿੱਤ ਲਏ 2,11,42,495 ਰੁਪਏ ਦੇ ਇਨਾਮ
ਦੱਸ ਦਈਏ ਕਿ ਬੀਤੇ ਦਿਨੀਂ ਪਰਿਵਾਰ ਵੱਲੋਂ ਸਕੂਲ ਵਿਚ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੀ ਸੂਚਨਾ ਤੋਂ ਬਾਅਦ ਏ. ਸੀ. ਪੀ. ਸੁਮਿਤ ਸੂਦ, ਥਾਣਾ ਡਵੀਜ਼ਨ ਨੰ. 7 ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਪੁਲਸ ਪਾਰਟੀ ਨਾਲ ਪੁੱਜ ਗਏ। ਪੁਲਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਪਰਿਵਾਰ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਪੁਲਸ ਨੇ ਬੱਸ ਡਰਾਈਵਰ ਸਿਮਰਨਜੀਤ ਸਿੰਘ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਬੱਚੀ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ।
ਅਮਾਇਰਾ ਦੇ ਪਿਤਾ ਅਨੁਰਾਗ ਸੂਦ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਸਥਿਤ ਆਰ. ਐਂਡ ਡੀ. ਸਕੂਲ ’ਚ ਬਤੌਰ ਪ੍ਰਿੰਸੀਪਲ ਹੈ। ਇਸੇ ਸਾਲ ਉਨ੍ਹਾਂ ਨੇ ਅਮਾਇਰਾ ਨੂੰ ਚੰਡੀਗੜ੍ਹ ਰੋਡ ਸਥਿਤ ਸਕੂਲ ’ਚ ਦਾਖਲ ਕਰਵਾਇਆ ਸੀ। ਰੋਜ਼ਾਨਾ ਬੱਸ ਹੀ ਉਸ ਨੂੰ ਸਕੂਲ ਲੈ ਕੇ ਆਉਂਦੀ ਸੀ ਅਤੇ ਬੱਸ ਹੀ ਘਰ ਵਾਪਸ ਛੱਡਦੀ ਸੀ। ਸੋਮਵਾਰ ਨੂੰ ਬੱਸ ਰੋਜ਼ਾਨਾ ਵਾਂਗ ਅਮਾਇਰਾ ਨੂੰ ਸਕੂਲ ਲੈ ਕੇ ਪੁੱਜੀ ਸੀ। ਜਿਉਂ ਹੀ ਉਹ ਬੱਸ ’ਚੋਂ ਉਤਰ ਕੇ ਪਿੱਛੇ ਵੱਲ ਜਾਣ ਲੱਗੀ ਤਾਂ ਲਾਪ੍ਰਵਾਹੀ ਵਰਤਦੇ ਹੋਏ ਡਰਾਈਵਰ ਨੇ ਬਿਨਾਂ ਅੱਗੇ-ਪਿੱਛੇ ਦੇਖ ਕੇ ਬੱਸ ਬੈਕ ਕਰਨ ਲੱਗਾ ਅਤੇ ਉਸੇ ਦੌਰਾਨ ਅਮਾਇਰਾ ਬੱਸ ਦੀ ਲਪੇਟ ਵਿਚ ਆ ਗਈ। ਬੱਸ ਦਾ ਟਾਇਰ ਅਮਾਇਰਾ ਦੇ ਸਿਰ ਦੇ ਉੱਪਰੋਂ ਗੁਜ਼ਰ ਗਿਆ। ਉਥੇ ਮੌਜੂਦ ਬੱਚਿਆਂ ਨੇ ਰੌਲਾ ਪਾਇਆ ਤਾਂ ਬੱਸ ਚਾਲਕ ਨੇ ਬੱਸ ਰੋਕੀ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਬਦਲਿਆ ਜਾਵੇਗਾ SGPC ਪ੍ਰਧਾਨ! ਧਾਮੀ ਦੀ ਜਗ੍ਹਾ ਇਸ ਆਗੂ ਨੂੰ ਸੌਂਪੀ ਜਾ ਸਕਦੀ ਹੈ ਜ਼ਿੰਮੇਵਾਰੀ
ਵੱਡੀ ਕਲਾਸ ਦੇ ਬੱਚੇ ਨੇ ਤੁਰੰਤ ਅਮਾਇਰਾ ਨੂੰ ਚੁੱਕਿਆ ਅਤੇ ਉਸ ਨੂੰ ਚੁੱਕ ਕੇ ਅੰਦਰ ਲੈ ਗਏ। ਸਕੂਲ ਪ੍ਰਸ਼ਾਸਨ ਨੇ ਤੁਰੰਤ ਇਲਾਜ ਲਈ ਫੋਰਟਿਸ ਹਸਪਤਾਲ ਪਹੁੰਚਾਇਆ ਪਰ ਬੱਚੀ ਦੀ ਮੌਤ ਹੋ ਚੁੱਕੀ ਸੀ। ਸਕੂਲ ਪ੍ਰਸ਼ਾਸਨ ਨੇ ਡਰਾਈਵਰ ਨੂੰ ਕਿਤੇ ਭੱਜਣ ਨਹੀਂ ਦਿੱਤਾ ਅਤੇ ਉਸ ਨੂੰ ਫੜ ਕੇ ਪੁਲਸ ਨੂੰ ਸੂਚਨਾ ਦਿੱਤੀ। ਦੇਰ ਸ਼ਾਮ ਨੂੰ ਪੀੜਤ ਪਰਿਵਾਰ ਨੇ ਫਿਰ ਥਾਣਾ ਡਵੀਜ਼ਨ ਨੰ. 7 ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਪੁਲਸ ਨੇ ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜੋ ਬਿਲਕੁਲ ਗਲਤ ਹੈ।
ਪੀੜਤ ਪਰਿਵਾਰ ਨੇ ਸਕੂਲ ਪ੍ਰਸ਼ਾਸਨ ’ਤੇ ਵੀ ਲਾਏ ਗੰਭੀਰ ਦੋਸ਼
ਅਮਾਇਰਾ ਦੀ ਮਾਂ ਰੁਪਿੰਦਰ ਕੌਰ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਝੂਠ ਬੋਲਿਆ, ਸਵੇਰੇ ਕਾਲ ਕਰ ਕੇ ਕਿਹਾ ਕਿ ਅਮਾਇਰਾ ਨੂੰ ਸੱਟ ਲੱਗੀ ਹੈ। ਉਹ ਹਸਪਤਾਲ ਪੁੱਜ ਜਾਣ ਪਰ ਜਦੋਂ ਉਹ ਹਸਪਤਾਲ ਪੁੱਜੇ ਤਾਂ ਪਤਾ ਲੱਗਾ ਕਿ ਅਮਾਇਰਾ ਦੀ ਮੌਤ ਹੋ ਚੁੱਕੀ ਹੈ। ਜਦੋਂ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਵਾਉਣ ਲਈ ਕਿਹਾ ਤਾਂ ਸਿਰਫ ਇਕ ਪਾਸੇ ਦੇ ਕੈਮਰੇ ਦੀ ਹੀ ਫੁਟੇਜ ਦਿਖਾਈ ਗਈ, ਜਦੋਂਕਿ ਜਿਥੇ ਹਾਦਸਾ ਵਾਪਰਿਆ ਉਸ ਪਾਸੇ ਦੀ ਫੁਟੇਜ ਵੀ ਡਿਲੀਟ ਕਰ ਦਿੱਤੀ ਗਈ ਸੀ। ਸਕੂਲ ਪ੍ਰਸ਼ਾਸਨ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਦੀ ਵਾਇਰ ਤੋੜ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਤਾਰ ਟੁੱਟੀ ਹੋਈ ਹੈ।
ਸਕੂਲ ਪ੍ਰਿੰਸੀਪਲ ਨੇ ਕਿਹਾ : ਬੱਸ ਪ੍ਰਾਈਵੇਟ ਸਕੂਲ ਦੀ ਨਹੀਂ ਹੈ
ਸਕੂਲ ਦੇ ਪ੍ਰਿੰਸੀਪਲ ਡੀ. ਪੀ. ਗੁਲੇਰੀਆ ਨੇ ਦੱਸਿਆ ਕਿ ਅੱਜ ਸਵੇਰੇ 8.25 ਵਜੇ ਬੱਚੇ ਸਕੂਲ ’ਚ ਆ-ਰਹੇ ਸਨ। ਬੱਚੀ ਬੱਸ ’ਚੋਂ ਉੱਤਰ ਕੇ ਡਿਸਬੈਲੇਂਸ ਹੋ ਗਈ ਅਤੇ ਬੱਸ ਨਾਲ ਟਕਰਾ ਕੇ ਉਸ ਦੀ ਮੌਤ ਹੋ ਗਈ, ਜਿਸ ਬੱਸ ਨਾਲ ਬੱਚੀ ਦੀ ਟੱਕਰ ਹੋਈ, ਉਹ ਸਕੂਲ ਦੀ ਨਹੀਂ ਸੀ। ਇਹ ਸਾਰੇ ਪ੍ਰਾਈਵੇਟ ਹਨ। ਬੱਸਾਂ ਬੱਚਿਆਂ ਨੂੰ ਛੱਡਣ ਲਈ ਸਕੂਲ ਦੇ ਅੰਦਰ ਆਉਂਦੀਆਂ ਹਨ।
ਇਸ ਸਬੰਧੀ ਲੁਧਿਆਣਾ ਪੂਰਬੀ ਦੇ ACP ਸੁਮਿਤ ਸੂਦ ਨੇ ਦੱਸਿਆ ਕਿ ਇਸ ਮਾਮਲੇ ’ਚ ਡਰਾਈਵਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਕਾਬੂ ਵੀ ਕਰ ਲਿਆ ਹੈ। ਪਰਿਵਾਰ ਦਾ ਗੁੱਸਾ ਜਾਇਜ਼ ਹੈ ਪਰ ਪੁਲਸ ਨਿਰਪੱਖ ਢੰਗ ਨਾਲ ਜਾਂਚ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8