ਵਿਦੇਸ਼ ਜਾ ਕੇ ਛੁੱਟੀ ਵਧਵਾਉਣ ਵਾਲੇ ਮੁਲਾਜ਼ਮਾਂ ਲਈ ਬੁਰੀ ਖਬਰ

Friday, Jan 05, 2018 - 01:46 PM (IST)

ਵਿਦੇਸ਼ ਜਾ ਕੇ ਛੁੱਟੀ ਵਧਵਾਉਣ ਵਾਲੇ ਮੁਲਾਜ਼ਮਾਂ ਲਈ ਬੁਰੀ ਖਬਰ

ਲੁਧਿਆਣਾ (ਵਿੱਕੀ) : ਵੱਖ-ਵੱਖ ਮਕਸਦਾਂ ਤਹਿਤ ਵਿਦੇਸ਼ੀ ਛੁੱਟੀ ਮਨਜ਼ੂਰ ਕਰਵਾ ਕੇ ਵਾਪਸ ਪਰਤਣ ਸਮੇਂ ਛੁੱਟੀਆਂ ਵਧਾਉਣ ਦੀ ਮੰਗ ਕਰਨ ਵਾਲੇ ਸਿੱਖਿਆ ਵਿਭਾਗ ਦੇ ਅਧਿਆਪਕਾਂ ਤੇ ਕਰਮਚਾਰੀਆਂ ਦੀ ਇਸ ਆਦਤ ਦਾ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲਿਆ ਹੈ। ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੂਬੇ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਡੀ. ਪੀ. ਆਈ. ਅਤੇ ਸਕੂਲ ਮੁਖੀਆਂ ਨੂੰ ਵੀ ਉਕਤ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਅਜਿਹੇ ਅਧਿਆਪਕਾਂ ਅਤੇ ਕਰਮਚਾਰੀਆਂ 'ਤੇ ਸਖਤੀ ਵਰਤਣ ਤੇ ਸਮੂਹ ਅਧਿਕਾਰੀਆਂ ਨੂੰ ਉਕਤ ਨਿਰਦੇਸ਼ ਜਾਰੀ ਕਰਦੇ ਹੋਏ ਸਬੰਧਤ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਹੈ।
ਸਿੱਖਿਆ ਸਕੱਤਰ ਵਲੋਂ ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਅਧਿਕਾਰੀ ਤੇ ਕਰਮਚਾਰੀ ਮਨਜ਼ੂਰ ਹੋਈ ਵਿਦੇਸ਼ੀ ਛੁੱਟੀ ਪੂਰੀ ਕਰਨ ਉਪਰੰਤ ਆਪਣੀ ਡਿਊਟੀ 'ਤੇ ਹਾਜ਼ਰ ਨਹੀਂ ਹੁੰਦਾ ਤਾਂ ਉਸ ਦਾ ਲੀਅਨ ਮੁੱਖ ਦਫਤਰ ਵਿਚ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਇਹੀ ਨਹੀਂ, ਅਧਿਆਪਕ ਤੇ ਅਧਿਕਾਰੀ ਦੀ ਪੋਸਟਿੰਗ ਵਾਲੇ ਸਥਾਨ 'ਤੇ ਕਿਸੇ ਹੋਰ ਸਟਾਫ ਦੀ ਪੋਸਟਿੰਗ ਕੀਤੀ ਜਾਵੇਗੀ। ਇਹੀ ਨਹੀਂ, ਵਿਦੇਸ਼ੀ ਛੁੱਟੀ 'ਤੇ ਜਾਂਦੇ ਸਮੇਂ ਸਬੰਧਤ ਵਲੋਂ ਛੁੱਟੀ ਅਪਲਾਈ ਕਰਦੇ ਸਮੇਂ ਪੇਸ਼ ਕੀਤੇ ਗਏ ਐਫੀਡੇਵਿਟ ਦੇ ਸਨਮੁਖ ਉਸ ਵਿਰੁੱਧ ਤੁਰੰਤ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਅਧਿਕਾਰੀ, ਕਰਮਚਾਰੀ ਨੂੰ ਨਿਯਮਾਂ ਦੇ ਮੁਤਾਬਕ ਕਾਰਨ ਦੱਸੋ ਨੋਟਿਸ ਜਾਰੀ ਹੋਵੇਗਾ।
ਇਹੀ ਨਹੀਂ, ਸਕੱਤਰ ਨੇ ਸਾਫ ਕਿਹਾ ਹੈ ਕਿ ਜੇਕਰ ਕੋਈ ਅਧਿਕਾਰੀ ਅਤੇ ਕਰਮਚਾਰੀ ਮਨਜ਼ੂਰ ਵਿਦੇਸ਼ੀ ਛੁੱਟੀ ਤੋਂ ਜ਼ਿਆਦਾ ਛੁੱਟੀ ਵਰਤਣ ਤੋਂ ਬਾਅਦ ਹਾਜ਼ਰ ਹੋਣ ਦੌਰਾਨ ਹਾਜ਼ਰੀ ਰਿਪੋਰਟ ਪੇਸ਼ ਕਰਦਾ ਹੈ ਤਾਂ ਸਬੰਧਤ ਸਕੂਲ ਮੁਖੀ, ਡੀ. ਈ. ਓ. ਉਕਤ ਕਰਮਚਾਰੀ ਨੂੰ ਡਿਊਟੀ 'ਤੇ ਹਾਜ਼ਰ ਹੋਣ ਦੀ ਆਗਿਆ ਨਹੀਂ ਦੇਣਗੇ। ਅਜਿਹੇ ਵਿਚ ਸਬੰਧਤ ਕਰਮਚਾਰੀ ਨੂੰ ਆਪਣੀ ਹਾਜ਼ਰੀ ਰਿਪੋਰਟ ਡੀ. ਪੀ. ਆਈ. ਸੈਕੰਡਰੀ ਜਾਂ ਐਲੀਮੈਂਟਰੀ ਨੂੰ ਪੇਸ਼ ਕਰਨ ਲਈ ਕਿਹਾ ਜਾਵੇ।
ਵਿਦੇਸ਼ੀ ਛੁੱਟੀ 'ਤੇ ਜਾਣ ਉਪਰੰਤ ਮੈਡੀਕਲ ਆਧਾਰ 'ਤੇ ਆਪਣੀ ਛੁੱਟੀ ਵਿਚ ਵਾਧੇ ਦੀ ਮੰਗ ਕਰਨ 'ਤੇ ਡਿਊਟੀ ਜੁਆਇਨ ਨਾ ਕਰਨ ਵਾਲੇ ਅਧਿਕਾਰੀ ਅਤੇ ਕਰਮਚਾਰੀ ਨੂੰ ਆਪਣੀ ਹਾਜ਼ਰੀ ਤੋਂ ਪਹਿਲਾਂ ਜ਼ਿਲੇ ਦੇ ਸਿਵਲ ਸਰਜਨ ਤੋਂ ਡਿਊਟੀ 'ਤੇ ਹਾਜ਼ਰ ਹੋਣ ਲਈ ਆਪਣਾ ਫਿਟਨੈੱਸ ਸਰਟੀਫਿਕੇਟ ਡੀ. ਪੀ. ਆਈ. ਨੂੰ ਜਮ੍ਹਾ ਕਰਵਾਉਣਾ ਹੋਵੇਗਾ।


Related News