ਹੋਲੇ-ਮਹੱਲੇ ਦੇ ਪਹਿਲੇ ਦਿਨ ਹਜ਼ਾਰਾਂ ਦੀ ਤਦਾਦ ''ਚ ਸੰਗਤਾਂ ਧਾਰਮਿਕ ਅਸਥਾਨਾਂ ’ਤੇ ਹੋਈਆਂ ਨਤਮਸਤਕ

Saturday, Mar 04, 2023 - 11:20 AM (IST)

ਹੋਲੇ-ਮਹੱਲੇ ਦੇ ਪਹਿਲੇ ਦਿਨ ਹਜ਼ਾਰਾਂ ਦੀ ਤਦਾਦ ''ਚ ਸੰਗਤਾਂ ਧਾਰਮਿਕ ਅਸਥਾਨਾਂ ’ਤੇ ਹੋਈਆਂ ਨਤਮਸਤਕ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਲਾਨਾ 6 ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਜੋੜ ਮੇਲੇ ਦਾ ਪਹਿਲਾ ਪੜਾਅ ਸ਼ੁੱਕਰਵਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਆਰੰਭ ਹੋ ਗਿਆ। ਹੋਲ-ਮਹੱਲੇ ਮੇਲੇ ਦੇ ਪਹਿਲੇ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਧਾਰਮਿਕ ਅਸਥਾਨਾਂ 'ਤੇ ਮੱਥਾ ਟੇਕਿਆ। ਮੇਲੇ ਦੇ ਸ਼ੁਰੂ ਹੋਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਵੀ ਮੇਲੇ ਦੀ ਚੜ੍ਹਦੀ ਕਲਾ ਅਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਗਈ। ਇਸ ਤੋਂ ਇਲਾਵਾ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ ਵਿਖੇ ਵੀ ਸਮੂਹ ਪ੍ਰਬੰਧਕਾਂ ਵੱਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਦੇ ਹੋਏ ਮੇਲੇ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ। ਦਰਗਾਹ ਦੇ ਪ੍ਰਬੰਧਕਾਂ ਮੋਹਤਮਿਮ ਬਾਬਾ ਦਿਲਬਾਗ ਮੁਹੰਮਦ ਸ਼ਾਹ, ਸਹਾਇਕ ਐਡਵੋਕੇਟ ਅਹਿਮਦ ਦੀਨ, ਨਾਜਿਰ ਨਿੰਦੀ, ਪ੍ਰਵੇਜ਼ ਸਾਹ ਨੇ ਦੱਸਿਆ ਕਿ ਦਰਗਾਹ ’ਤੇ ਸੰਗਤ ਦੀ ਸਹੂਲਤ ਲਈ 24 ਘੰਟੇ ਲੰਗਰ, ਜੋੜਾ ਘਰ, ਗਠੜੀ ਘਰ, ਪਾਰਕਿੰਗ ਆਦਿ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਅਦਾਲਤ ਦਾ ਵੱਡਾ ਫ਼ੈਸਲਾ, ਮਾਜਰਾ ਜੱਟਾਂ ਦੇ 27 ਦੋਸ਼ੀਆਂ ਨੂੰ ਸੁਣਾਈ ਸਜ਼ਾ

PunjabKesari

ਸ੍ਰੀ ਕੀਰਤਪੁਰ ਸਾਹਿਬ ਵਿਖੇ ਮੇਲੇ ਦੇ ਪਹਿਲੇ ਦਿਨ ਸੰਗਤਾਂ ਨੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਬਾਬਾ ਬੁੱਢਣ ਸ਼ਾਹ ਜੀ, ਗੁਰਦੁਆਰਾ ਪਤਾਲਪੁਰੀ ਸਾਹਿਬ, ਡੇਰਾ ਬਾਬਾ ਸ਼੍ਰੀ ਚੰਦ ਜੀ, ਗੁਰਦੁਆਰਾ ਸੀਸ ਮਹਿਲ ਸਾਹਿਬ, ਗੁਰਦੁਆਰਾ ਬਿਬਾਣ ਗੜ੍ਹ ਸਾਹਿਬ ਜੀ, ਗੁਰਦੁਆਰਾ ਚਰਨ ਕੰਵਲ ਸਾਹਿਬ ਆਦਿ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਿਆ। ਸੰਗਤਾਂ ਰਾਤ ਨੂੰ ਹੀ ਆਪਣੇ ਵਾਹਨਾਂ ਟ੍ਰੈਕਟਰ ਟਰਾਲੀਆਂ, ਗੱਡੀਆਂ, ਕਾਰਾਂ, ਮੋਟਰਸਾਈਕਲਾਂ ਅਤੇ ਬੱਸਾਂ ਰਾਹੀਂ ਸ੍ਰੀ ਕੀਰਤਪੁਰ ਸਾਹਿਬ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਸੰਗਤਾਂ ਨੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਸਰੋਵਰ ਅਤੇ ਅਸਥਘਾਟ ਵਿਚ ਇਸ਼ਨਾਨ ਵੀ ਕੀਤਾ। ਇਸ ਮੌਕੇ ਸੰਗਤਾਂ ਨੇ ਗੁਰਦੁਆਰਾ ਚਰਨ ਕੰਵਲ ਸਾਹਿਬ ਅਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸਜਾਏ ਗਏ ਧਾਰਮਿਕ ਦੀਵਾਨਾਂ ਵਿਚ ਬੈਠ ਕੇ ਢਾਡੀ ਵਾਰਾਂ ਦਾ ਆਨੰਦ ਮਾਣਿਆ।

PunjabKesari

ਬਾਬਾ ਅਮਰੀਕ ਸਿੰਘ ਪਟਿਆਲਾ ਵੱਲੋਂ ਲੰਗਰ ਦੀ ਸੇਵਾ ਸ਼ੁਰੂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਗੁਰਦੁਆਰਾ ਦੁੱਖ਼ ਨਿਵਾਰਣ ਸਾਹਿਬ ਪਟਿਆਲਾ ਵਾਲਿਆਂ ਵੱਲੋਂ ਮੇਲੇ ਵਿਚ ਆਉਣ ਵਾਲੀ ਸੰਗਤ ਲਈ 3 ਮਾਰਚ ਤੋਂ 9 ਮਾਰਚ ਤੱਕ 24 ਘੰਟੇ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਜਥੇਦਾਰ ਬਾਬਾ ਕੁਲਦੀਪ ਸਿੰਘ ਕਾਲਾ ਨੇ ਦੱਸਿਆ ਕਿ ਲੰਗਰ ਵਿਚ ਰੋਜ਼ਾਨਾ ਵੱਖ-ਵੱਖ ਪਕਵਾਨ ਤਿਆਰ ਕਰ ਕੇ ਸੰਗਤ ਨੂੰ ਪਰੋਸੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਬਾਬਾ ਭੁਪਿੰਦਰ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਜਲੰਧਰ 'ਚ ਘਰਾਂ ਦੇ ਬਾਹਰ ਲੱਗ ਰਹੀਆਂ UID ਨੰਬਰ ਪਲੇਟਾਂ, ਲਿੰਕ ਕੀਤਾ ਜਾ ਰਿਹੈ ਮੋਬਾਇਲ ਨੰਬਰ

PunjabKesari

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਤਲਾਣੀ ਸਾਹਿਬ ਡੇਰਾ ਨੇੜੇ ਬਾਘਾ ਬਾਰਡਰ ਦੀ ਸੰਗਤ ਵੱਲੋਂ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਗੁਰਪਿੰਦਰ ਸਿੰਘ ਅਤੇ ਬਾਬਾ ਇੰਦਰਬੀਰ ਸਿੰਘ ਦੀ ਯੋਗ ਅਗਵਾਈ ਹੇਠ ਸ੍ਰੀ ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਪਿੰਡ ਭਟੋਲੀ ਵਿਖੇ 24 ਘੰਟੇ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਜੋ ਤੋਂ ਸ਼ੁਰੂ ਹੋ ਕੇ 9 ਮਾਰਚ ਤੱਕ ਚੱਲੇਗੀ। ਇਸ ਮੌਕੇ ਸ਼ਮਸ਼ੇਰ ਸਿੰਘ ਕਲੇਰ, ਬਾਬਾ ਭਜਨ ਸਿੰਘ, ਬਾਬਾ ਨਿਰਭੈ ਸਿੰਘ, ਜੋਗਿੰਦਰ ਸਿੰਘ, ਬਾਬਾ ਕਾਬਲ ਸਿੰਘ ਆਦਿ ਹਾਜ਼ਰ ਸਨ। ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਜੀ ਦੀ ਰਹਿਨੁਮਾਈ ਹੇਠ ਡੇਰਾ ਬਾਬਾ ਸ਼੍ਰੀ ਚੰਦ ਜੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੀ ਗੁਰੂ ਦੇ ਲੰਗਰ ਅਤੁੱਟ ਵਰਤ ਰਹੇ ਹਨ।

PunjabKesari

150 ਪੁਲਸ ਮੁਲਾਜ਼ਮ ਤਾਇਨਾਤ 
ਐੱਸ. ਪੀ. ਡੀ. ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਹੋਲੇ-ਮਹੱਲੇ ਮੇਲੇ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਵੱਲੋਂ 32 ਹਾਈ ਡੈਫੀਨੇਸ਼ਨ ਸੀ. ਸੀ. ਟੀ. ਵੀ. ਕੈਮਰੇ ਵਿਸ਼ੇਸ਼ ਤੌਰ ’ਤੇ ਲਗਾਏ ਗਏ ਹਨ, ਜਿਨ੍ਹਾਂ ਵੱਲੋਂ ਹਰ ਆਉਣ ਵਾਲੇ ’ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ 150 ਤੋਂ ਵੱਧ ਪੁਲਸ ਅਧਿਕਾਰੀ ਅਤੇ ਕਰਮਚਾਰੀ ਮੇਲੇ ਵਿਚ ਲਗਾਏ ਗਏ ਹਨ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 11 ਵੱਖ-ਵੱਖ ਥਾਂਵਾਂ ’ਤੇ ਵਿਸ਼ੇਸ਼ ਪੁਲਸ ਨਾਕਾਬੰਦੀ ਕੀਤੀ ਗਈ ਹੈ। ਇਸ ਦੇ ਨਾਲ ਹੀ ਗੁਰਦੁਆਰਾ ਪਤਾਲਪੁਰੀ ਸਾਹਿਬ ਨੇੜੇ ਪੁਲਸ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿੱਥੇ ਪੁਲਸ ਦੇ ਉੱਚ ਅਧਿਕਾਰੀ ਅਤੇ ਹੋਰ ਪੁਲਸ ਮੁਲਾਜ਼ਮ 24 ਘੰਟੇ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ : ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਸਰਕਾਰ ਨੂੰ ਘੇਰਣ ਦੀ ਖਿੱਚੀ ਤਿਆਰੀ, ਹਮਲਾਵਰ ਰਣਨੀਤੀ ਕੀਤੀ ਤੈਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News