ਹੋਲੇ ਮਹੱਲੇ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਪੱਬਾਂ ਭਾਰ, ਰੇਲਵੇ ਸਟੇਸ਼ਨ 'ਤੇ ਦਿਸੀ ਸਹੂਲਤਾਂ ਦੀ ਘਾਟ
Sunday, Feb 25, 2018 - 04:30 PM (IST)
ਰੂਪਨਗਰ (ਕੈਲਾਸ਼)— ਮਨਾਏ ਜਾ ਰਹੇ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਸਬੰਧ 'ਚ ਜਿੱਥੇ ਜ਼ਿਲਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਹੋਇਆ ਹੈ, ਉੱਥੇ ਹੀ ਰੇਲਵੇ ਵਿਭਾਗ ਇਸ ਨੂੰ ਲੈ ਕੇ ਗੰਭੀਰ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਲਈ ਵਾਇਆ ਰੂਪਨਗਰ ਤੋਂ ਹੋ ਕੇ ਜਾਣ ਵਾਲੇ ਸ਼ਰਧਾਲੂਆਂ ਲਈ ਹਾਲੇ ਤੱਕ ਨਾ ਤਾਂ ਕੋਈ ਵਿਸ਼ੇਸ਼ ਰੇਲ ਗੱਡੀ ਚਲਾਉਣਾ ਦਾ ਐਲਾਨ ਕੀਤਾ ਗਿਆ ਅਤੇ ਨਾ ਹੀ ਰੇਲਵੇ ਸਟੇਸ਼ਨ ਰੂਪਨਗਰ 'ਤੇ ਸ਼ਰਧਾਲੂ ਮੁਸਾਫਿਰਾਂ ਦੀ ਸੁਵਿਧਾ ਲਈ ਵਿਸ਼ੇਸ਼ ਪ੍ਰਬੰਧ ਅਮਲ 'ਚ ਲਿਆਂਦੇ ਗਏ।
ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਰੂਪਨਗਰ 'ਤੇ ਜੇਕਰ ਸ਼ਰਧਾਲੂਆਂ ਦੀ ਸੁਵਿਧਾ ਲਈ ਪਖਾਨਿਆਂ ਦੀ ਗੱਲ ਕਰੀਏ ਤਾਂ ਇਕ ਸਾਲ ਪਹਿਲਾਂ ਸਟੇਸ਼ਨ 'ਤੇ ਨਵੇਂ ਪਖਾਨਿਆਂ ਦਾ ਨਿਰਮਾਣ ਕਰਵਾਇਆ ਗਿਆ ਸੀ ਪਰ ਉਨ੍ਹਾਂ ਦਾ ਉਦਘਾਟਨ ਨਾ ਹੋਣ ਕਾਰਨ ਉਹ ਅੱਜ ਵੀ ਬੰਦ ਪਏ ਹਨ। ਭਾਵੇਂ ਵਿਭਾਗ ਵੱਲੋਂ ਪਖਾਨਿਆਂ ਨੂੰ ਬਣਾਉਣ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ ਗਏ ਪਰ ਇਸ ਦੀ ਸੁਵਿਧਾ ਲੋਕਾਂ ਨੂੰ ਨਹੀਂ ਮਿਲ ਰਹੀ। ਦੂਜੇ ਪਾਸੇ ਪੁਰਾਣੇ ਪਏ ਪਖਾਨੇ ਦੁਰਦਸ਼ਾ ਦਾ ਸ਼ਿਕਾਰ ਹਨ। ਪੁਰਾਣੇ ਪਖਾਨਿਆਂ ਦੇ ਬਾਹਰ ਅਤੇ ਅੰਦਰ ਗੰਦਾ ਪਾਣੀ ਖੜ੍ਹਾ ਹੈ। ਇਸ ਤੋਂ ਇਲਾਵਾ ਪੁਰਾਣੇ ਪਖਾਨਿਆਂ 'ਚ ਸਫਾਈ ਨਾ ਹੋਣ ਕਾਰਨ ਗੰਦਗੀ ਦਾ ਆਲਮ ਹੈ। ਔਰਤਾਂ ਲਈ ਬਣੇ ਬਾਥਰੂਮਾਂ ਦੇ ਅੱਗੇ ਵੀ ਤਾਲਾ ਲੱਗਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਮਹਿਲਾਵਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਬੀਤੇ ਦਿਨ ਪਏ ਮੀਂਹ ਕਾਰਨ ਸਟੇਸ਼ਨ 'ਤੇ ਆਉਣ ਜਾਣ ਵਾਲੇ ਰਸਤਿਆਂ 'ਤੇ ਵੀ ਮੀਂਹ ਦਾ ਗੰਦਾ ਪਾਣੀ ਖੜ੍ਹਾ ਦੇਖਿਆ ਗਿਆ, ਜਿਸ ਕਾਰਨ ਯਾਤਰੀ ਪਰੇਸ਼ਾਨ ਹੁੰਦੇ ਵੀ ਦੇਖੇ ਗਏ।
ਨਹੀ ਚਲਾਈ ਕੋਈ ਸਪੈਸ਼ਲ ਰੇਲ ਗੱਡੀ
ਧਾਰਮਕ ਪੱਖੋਂ ਇਤਿਹਾਸਕ ਨਗਰ ਰੂਪਨਗਰ ਦਾ ਸ੍ਰੀ ਅਨੰਦਪੁਰ ਸਾਹਿਬ ਨਾਲ ਡੂੰਘਾ ਸਬੰਧ ਹੈ ਕਿਉਂਕਿ ਰੂਪਨਗਰ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੇ ਪੌੜਾਂ ਦੇ ਨਿਸ਼ਾਨ ਹਨ ਅਤੇ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਇਥੇ ਨਤਮਸਤਕ ਹੁੰਦੀਆਂ ਹਨ ਪਰ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਰੇਲਵੇ ਪ੍ਰਸ਼ਾਸਨ ਵੱਲੋਂ ਯਾਤਰੀਆਂ ਦੀ ਸੁਵਿਧਾ ਲਈ ਕੋਈ ਵਿਸ਼ੇਸ਼ ਗੱਡੀ ਨਹੀਂ ਚਲਾਈ ਗਈ, ਜਿਸ ਨੂੰ ਲੈ ਕੇ ਸ਼ਰਧਾਲੂਆਂ 'ਚ ਚਰਚਾ ਹੈ।