ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਾਕੀ ਖਿਡਾਰੀਆਂ ਨੂੰ SGPC ਨੇ ਸੌਂਪਿਆ 1 ਕਰੋੜ ਰੁਪਏ ਦਾ ਚੈੱਕ
Wednesday, Aug 11, 2021 - 05:16 PM (IST)
ਅੰਮ੍ਰਿਤਸਰ (ਸਰਬਜੀਤ) - ਟੋਕੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀ ਸਵੇਰੇ ਹਵਾਈ ਜਹਾਜ਼ ਰਾਹੀਂ ਤੜਕਸਾਰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਪੁੱਜੇ, ਜਿਥੇ ਗਰਮ ਜ਼ੋਸੀ ਨਾਲ ਵਿਧਾਇਕ ਅਤੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਸ: ਪ੍ਰਗਟ ਸਿੰਘ, ਵਿਧਾਇਕ ਸ਼੍ਰੀ ਸੁਨੀਲ ਦੱਤੀ, ਮੇਅਰ ਨਗਰ ਨਿਗਮ ਸ: ਕਰਮਜੀਤ ਸਿੰਘ ਰਿੰਟੂ ਅਤੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਉਨ੍ਹਾਂ ਨੂੰ ਹਾਰ ਅਤੇ ਭੰਗੜਾ ਟੀਮ ਵੱਲੋਂ ਭੰਗੜਾ ਪਾ ਕੇ ਸਵਾਗਤ ਕੀਤਾ ਗਿਆ। ਅੰਮ੍ਰਿਤਸਰ ਏਅਰਪੋਰਟ ’ਤੇ ਪੁੱਜੇ ਖਿਡਾਰੀਆਂ ਵਿਚ ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਕ੍ਰਿਸਨ ਸਿਮਰਨਜੀਤ ਸਿੰਘ, ਗੁਰਜੀਤ ਕੌਰ ਸ਼ਾਮਲ ਸਨ।
ਇਹ ਵੀ ਪੜ੍ਹੋ: ਨੀਰਜ ਚੋਪੜਾ ਨੂੰ ਇਕ ਹੋਰ ਵੱਡਾ ਸਨਮਾਨ, ਹੁਣ ਹਰ ਸਾਲ 7 ਅਗਸਤ ਨੂੰ ਮਨਾਇਆ ਜਾਵੇਗਾ ‘ਜੈਵਲਿਨ ਥ੍ਰੋਅ ਡੇਅ’
ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਵਾਗਤ ਕਰਨ ਉਪਰੰਤ ਸਾਰੇ ਖਿਡਾਰੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦਾਵਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਹਾਕੀ ਖਿਡਾਰੀਆਂ ਨੂੰ 1 ਕਰੋੜ ਰੁਪਏ ਦਾ ਚੈੱਕ, ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸਮਾਗਮ ਉਪਰੰਤ ਇਨ੍ਹਾਂ ਖਿਡਾਰੀਆਂ ਨੂੰ ਇਨ੍ਹਾਂ ਦੇ ਜ਼ਿਲ੍ਹਿਆਂ ਲਈ ਪੁਲਸ ਟੀਮ ਨਾਲ ਰਵਾਨਾ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆ, ਐੱਸ.ਡੀ.ਐੱਮ. ਰਾਜੇਸ਼ ਸ਼ਰਮਾ, ਡੀ.ਸੀ.ਪੀ. ਸ੍ਰੀ ਪੀ.ਸੀ ਭੰਡਾਲ, ਜ਼ਿਲ੍ਹਾ ਖੇਡ ਅਫ਼ਸਰ ਗੁਰਲਾਲ ਸਿੰਘ, ਹਾਕੀ ਪੰਜਾਬ ਦਾ ਪ੍ਰਧਾਨ ਨਿਤਿਨ ਕੋਹਲੀ, ਵਾਇਸ ਪ੍ਰਧਾਨ ਗੁਰਵਿੰਦਰ ਸਿੰਘ ਸ਼ੱਮੀ, ਅਮਰੀਕ ਸਿੰਘ ਪਵਾਰ ਆਦਿ ਤੋਂ ਇਲਾਵਾ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰ. ਪ੍ਰਗਟ ਸਿੰਘ ਨੇ ਕਿਹਾ ਕਿ 41 ਸਾਲਾਂ ਬਾਅਦ ਹਾਕੀ ਵਿਚ ਮੈਡਲ ਜਿੱਤ ਕੇ ਖਿਡਾਰੀਆਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਪੂਰੀ ਦੁਨੀਆ ਵਿਚ ਦੇਸ਼ ਦਾ ਨਾਮ ਉਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡੀ ਨੌਜਵਾਨ ਪੀੜੀ ਨੂੰ ਸੇਧ ਲੈ ਕੇ ਖੇਡਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਸ੍ਰ. ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਗੁਰੂ ਨਗਰੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਹਾਕੀ ਟੀਮ ਦੇ 6 ਖਿਡਾਰੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਜਿਥੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਅੰਮ੍ਰਿਤਸਰ ਦਾ ਨਾਮ ਵੀ ਸੰਸਾਰ ਭਰ ਵਿਚ ਉਜਾਗਰ ਕੀਤਾ ਹੈ।