11 ਅਗਸਤ ਨੂੰ ਸਿਰਜਿਆ ਜਾਵੇਗਾ ਇਤਿਹਾਸ, ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਇੱਕਮੁੱਠ : ਪੀਰ ਮੁਹੰਮਦ
Sunday, Aug 10, 2025 - 04:13 AM (IST)

ਅੰਮ੍ਰਿਤਸਰ (ਸਰਬਜੀਤ) : ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ 11 ਅਗਸਤ ਦੇ ਦਿਨ ਨੂੰ ਇਤਿਹਾਸਕ ਬਣਾਉਣ ਲਈ ਪੂਰੀ ਤਰ੍ਹਾਂ ਇਕਜੁੱਟ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀਤਾ। ਉਨ੍ਹਾਂ ਪੰਜ ਮੈਂਬਰੀ ਭਰਤੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੀਮਤ ਸਮੇਂ ਵਿੱਚ ਪੰਥ ਅਤੇ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਦੇਣ ਲਈ ਪੁਨਰ ਸੁਰਜੀਤੀ ਮੁਹਿੰਮ ਨੂੰ ਘਰ ਘਰ ਤੱਕ ਲਿਜਾਣ ਵਿੱਚ ਆਪਣਾ ਇਤਿਹਾਸਿਕ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇੱਕਮੱਤ ਅਤੇ ਇਕਜੁੱਟਤਾ ਨਾਲ ਅਤੇ ਇੱਕਮੁੱਠ ਹੋ ਕੇ ਪੰਥ ਅਤੇ ਪੰਜਾਬ ਦੇ ਵਢੇਰੇ ਹਿੱਤਾਂ ਦੇ ਲਈ ਪਹਿਲਕਦਮੀ ਕਰਨੀ ਸਮੇ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ 11 ਅਗਸਤ ਦੇ ਜਨਰਲ ਇਜਲਾਸ ਲਈ ਪੰਥ ਅਤੇ ਪੰਜਾਬ ਪ੍ਰਤੀ ਏਜੰਡਾ ਤੇ ਡੂੰਘਾ ਮੰਥਨ ਕੀਤਾ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਅਗਲੇ ਦਿਨਾਂ ਵਿੱਚ ਭਵਿੱਖ ਦੀ ਰਣਨੀਤੀ, ਪੰਥ ਅਤੇ ਪੰਜਾਬ ਨੂੰ ਬਿਹਤਰ ਪਾਲਿਸੀ ਅਤੇ ਪ੍ਰੋਗਰਾਮ ਦੇਣਾ ਵੀ ਸਮੇ ਦੀ ਮੰਗ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨ, ਰੱਖੜੀ ਮੌਕੇ ਪਰਿਵਾਰਾਂ 'ਚ ਛਾਇਆ ਮਾਤਮ
ਪੀਰ ਮੁਹੰਮਦ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਰਾਜਨੀਤੀ ਦਾ ਧਰਮ ਵਿੱਚ ਬੇਹੱਦ ਬੇਲੋੜੀ ਦਖਲ ਅੰਦਾਜ਼ੀ ਨੇ ਜਿੱਥੇ ਪੰਥਕ ਸੰਸਥਾਵਾਂ ਦੀ ਸਰਵਉੱਚਤਾ, ਪ੍ਰਭਸੱਤਾ ਨੂੰ ਬਹੁੱਤ ਵੱਡੀ ਢਾਅ ਲਾਈ ਹੈ, ਉੱਥੇ ਹੀ ਦਖਲ ਅੰਦਾਜ਼ੀ ਕਾਰਨ ਹੋਏ ਫੈਸਲਿਆਂ ਦਾ ਵੱਡਾ ਨੁਕਸਾਨ ਵੀ ਪੰਥ ਨੂੰ ਝੱਲਣਾ ਪਿਆ। ਇਸ ਲਈ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਘੜੀ ਜਾਣ ਵਾਲੀ ਨਵੀਂ ਰਣਨੀਤੀ ਪੂਰਨ ਤੌਰ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਦ੍ਰਿੜ੍ਹਤਾ ਨਾਲ ਮੰਨਣ ਅਤੇ ਉਸ ਉਪਰ ਪਹਿਰਾ ਦੇਣ ਵਾਲੀ ਹੋਵੇਗੀ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬੇਹੱਦ ਦੁੱਖਦਾਈ ਘਟਨਾਕ੍ਰਮ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਦੇਣ ਤੋਂ ਇਨਕਾਰ ਕੀਤਾ ਅਤੇ ਹੁਣ ਐਨ ਮੌਕੇ 'ਤੇ ਕਹਿ ਦਿੱਤਾ ਗਿਆ ਕਿ ਤੁਸੀਂ ਡੈਲੀਗੇਟ ਇਜਲਾਸ ਸਮੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰ ਸਕਦੇ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਲਿਖਤੀ ਕਹਿ ਦਿੱਤਾ ਗਿਆ ਕਿ ਕੋਈ ਵੀ ਅਕਾਲੀ ਧੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਅਵਾ ਨਾ ਕਰੇ ਇਹ ਆਪਣੇ ਆਪ ਵਿੱਚ ਬੇਹੱਦ ਦੁੱਖਦਾਈ ਪਹਿਲੂ ਹੈ ਕਿ ਹਉਮੇ ਹੰਕਾਰ ਅਤੇ ਕਬਜ਼ਾਧਾਰੀ ਸੋਚ ਤਹਿਤ ਤੁਗਲਕੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਜੋ ਕਿ ਬੇਹੱਦ ਨਿੰਦਣਯੋਗ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8