1947 ਹਿਜਰਤਨਾਮਾ 4 : ਥਮਾਲੀ ਪਿੰਡ ਦਾ ਸਾਕਾ

Wednesday, Apr 22, 2020 - 06:36 PM (IST)

1947 ਹਿਜਰਤਨਾਮਾ 4 : ਥਮਾਲੀ ਪਿੰਡ ਦਾ ਸਾਕਾ

ਸਤਵੀਰ ਸਿੰਘ ਚਾਨੀਆਂ 

92569 -73626

ਰਾਵਲਪਿੰਡੀ ਕਤਲੇਆਮ :ਥਮਾਲੀ ਪਿੰਡ ਦੀ ਕਹਾਣੀ- ਬੀਰ ਬਹਾਦਰ ਸਿੰਘ ਦੀ ਜ਼ੁਬਾਨੀ

"ਸਾਡੇ ਪਿੰਡ ਥੋਹਾ ਖਾਲਸਾ (ਤਹਿਸੀਲ ਕਹੂਟਾ ਜ਼ਿਲਾ ਰਾਵਲਪਿੰਡੀ) ਤੋਂ 8 ਕਿ:ਮੀ: ਪੂਰਬ ਵੱਲ ਪੈਂਦਾ ਹੈ, ਮੇਰਾ ਨਾਨਕਾ ਪਿੰਡ ਥਮਾਲੀ। ਸ਼ਰੀਕੇ ’ਚੋਂ ਮੇਰੇ ਚਾਚਾ ਜੀ ਸੰਤ ਸਿੰਘ ਬਿੰਦਰਾ ਵੀ ਥਮਾਲੀ ਹੀ ਵਿਆਹੇ ਹੋਏ ਸਨ। ਸਾਡੇ ਥੋਹਾ ਖਾਲਸਾ ਦੀਆਂ ਬਹੁਤੀਆਂ ਰਿਸ਼ਤੇਦਾਰੀਆਂ ਇਸੇ ਪਿੰਡ ਨਾਲ ਸਨ। ਇਹ ਪਿੰਡ ਵੀ ਸ.ਹਰੀ ਸਿੰਘ ਨਲਵਾ ਦਾ ਵਸਾਇਆ ਹੋਇਆ ਹੈ। ਇਹ ਪਿੰਡ ਬਹੁਤਾਤ ਸਿੱਖ ਵਸੋਂ ਵਾਲਾ ਸੀ। ਹਰੀ ਸਿੰਘ ਨਲਵਾ ਦੇ ਸਮੇਂ ਤੋਂ ਹੁਕਮ ਸੀ ਕਿ ਕੋਈ ਵੀ ਗੈਰ ਵਸਨੀਕ ਢੋਲ ਨਾਲ ਜਾਂ ਘੋੜੀ ਚੜ੍ਹ ਕੇ ਪਿੰਡ ਵਿਚੋਂ ਨਹੀਂ ਗੁਜ਼ਰ ਸਕਦਾ ਸੀ। 47 ਵਿਚ ਰੌਲਿਆਂ ਵਕਤ ਹੋਰਸ ਗੁਆਂਢੀ ਪਿੰਡਾਂ ਤੋਂ ਵੀ ਇੱਕਾ-ਦੁੱਕਾ ਹਿੰਦੂ-ਸਿੱਖ ਪਰਿਵਾਰ ਉੱਠ ਕੇ ਇੱਥੇ ਆ ਗਏ। ਲਗਾਤਾਰ 12-13 ਦਿਨ ਪਿੰਡ ਦਿਆਂ ਸਿੱਖਾਂ, ਮੁਸਲਿਮ ਦੰਗਈਆਂ ਨੂੰ ਨੇੜੇ ਨਾ ਲੱਗਣ ਦਿੱਤਾ। ਬਰਾਬਰ ਦੀ ਟੱਕਰ ਦਿੰਦੇ ਰਹੇ। ਆਖੀਰ ਭੁੱਖ ਮਰੀ ਅਤੇ ਬੇਆਰਾਮੀ ਦੇ ਝੰਬੇ ਸਿੱਖਾਂ ਪਾਸ ਅਸਲੇ ਦੀ ਵੀ ਘਾਟ ਹੋ ਗਈ ।                 

14 ਮਾਰਚ ਦਾ ਵਾਕਿਆ ਹੈ ਕਿ ਥੋਹਾ ਖਾਲਸਾ ਸਮੇਤ ਆਲੇ ਦੁਆਲੇ ਪਿੰਡਾਂ 'ਚ ਹੁੜਦੰਗ ਮਚਾ ਰਹੇ, ਮੁਸਲਿਮ ਦੰਗਈਆਂ, ਜਿੰਨਾਂ ਵਿਚ ਬਹੁਤੀ ਗਿਣਤੀ ਕਬਾਇਲੀ ਲੋਕਾਂ ਦੀ ਹੀ ਸੀ ।ਪਰ ਕੁਝ ਸਥਾਨਕ ਬਦਮਾਸ਼ ਬਿਰਤੀ ਵਾਲੇ ਪੋਠੋਹਾਰੀ ਲੂੰਬੜ, ਥੋਹਾ ਖਾਲਸਾ ਦੇ ਗੁਲਾਮ ਰਸੂਲ, ਜੋ ਮੇਰੇ ਚਾਚਾ ਜੀ ਸੰਤ ਸਿੰਘ ਬਿੰਦਰਾ ਦੀਆਂ ਅੱਡੇ ਵਿਚਲੀਆਂ ਦੁਕਾਨਾਂ ਵਿਚ, ਚਾਹ ਦੀ ਦੁਕਾਨ ਕਰਦਾ ਸੀ। ਗੁਆਂਢੀ ਪਿੰਡ ਭਲਾਖਾਂ ਤੋਂ ਸ਼ਰੀਫਾਂ, ਜੋ ਮੇਰੇ ਪਿਤਾ ਜੀ ਕੋਲ ਸੈਂਥਾ ਪਿੰਡ ਵਿਚ ਆੜਤ ਦੀ ਦੁਕਾਨ ’ਤੇ 4 ਰੁ:ਮਹੀਨਾ ’ਤੇ ਨੌਕਰ ਸੀ, ਸਾਬਕਾ ਫੌਜੀ ਫਿਰੋਜਾ ਵਗੈਰਾ ਸ਼ੁਮਾਰ ਸਨ ਹੋਰਾਂ ਥਮਾਲੀ ਤੇ ਆਖੀਰੀ ਜ਼ੋਰਦਾਰ ਹੱਲਾ ਬੋਲ ਕੇ ਅੱਗ ਲਗਾ ਦਿੱਤੀ। ਬਹੁਤੇ ਸਿੱਖਾਂ ਨੂੰ ਜਿਊਂਦਾ ਸਾੜ ਦਿੱਤਾ ਗਿਆ ਜਾਂ ਛਵੀਆਂ/ਗੋਲੀਆਂ ਨਾਲ ਵਿੰਨ ਦਿੱਤਾ ਗਿਆ। ਇਥੇ ਇੱਕਾ ਦੁੱਕਾ ਮੈਂਬਰਾਂ ਨੂੰ ਛੱਡ ਕੇ ਮੇਰਾ ਸਾਰਾ ਹੀ ਨਾਨਕਾ ਪਰਿਵਾਰ 47 ਦੀ ਭੇਟ ਚੜ੍ਹ ਗਿਆ।

ਨਾਨਾ ਜੀ ਸ: ਲਾਭ ਸਿੰਘ ਗਾਂਧੀ, ਨਾਨੀ ਜੀ ਮਾਇਆ ਦੇਵੀ, ਮਾਮਾ ਜੀ ਮਾਸਟਰ ਲਾਭ ਸਿੰਘ। ਨਾਨਾ ਜੀ ਦੇ ਭਰਾ ਗੋਕਲ ਸਿੰਘ ਵਗੈਰਾ। ਮੇਰੀ ਮਾਸੀ ਪਰਮੇਸ਼ਰ ਕੌਰ ਜੀ ਵੀ ਥਮਾਲੀ ਵਿਆਹੇ ਹੋਏ ਸਨ। ਮਾਸੜ ਜੀ ਸ: ਖੜਕ ਸਿੰਘ ਬੰਦੂਕ ਆਪਣੇ ਪਾਸ ਰੱਖਦੇ ਸਨ। ਉਨ੍ਹਾਂ ਦਾ ਐਬਟਾਬਾਦ ਵਿਚ ਟਰਾਂਸਪੋਰਟ ਦਾ ਕੰਮ ਸੀ। ਰੌਲਿਆਂ ਤੋਂ ਕੁਝ ਮਹੀਨੇ ਪਹਿਲਾਂ ਥਮਾਲੀ ਤੋਂ ਸਮੇਤ ਪਰਿਵਾਰ ਐਬਟਾਬਾਦ ਸ਼ਿਫਟ ਹੋ ਗਏ ਸਨ, ਇਸ ਤਰਾਂ ਉਹ ਬਚ ਰਹੇ। ਮੇਰੇ ਮਾਮਾ ਜੀ ਮਹਿੰਦਰ ਸਿੰਘ ਇਸ ਹਮਲੇ ਦੇ ਦਿਨ ਘਰੋਂ ਬਾਹਰ ਸਨ। ਥੋਹਾ ਖਾਲਸਾ ਨਜ਼ਦੀਕ ਬੰਡਿਆਲਾ ਪਿੰਡ ਪੈਂਦਾ ਹੈ। ਇਥੇ ਅਸੀਂ ਇਕ ਪਹਾੜੀ ਦੀ ਗੁੱਠ ਵਿਚ ਕਿਸੇ ਵੇਲੇ ਇਕ ਗੁਫਾ ਪੁੱਟੀ ਹੋਈ ਸੀ। ਮਾਮਾ ਜੀ ਉਸ ਤੋਂ ਵਾਕਫ ਸਨ। ਉਹ ਤਿੰਨ ਦਿਨ ਉਥੇ ਲੁਕੇ ਰਹੇ। ਇਸ ਤਰਾਂ ਬਚ ਰਹੇ, ਉਹ।

ਮੇਰੇ ਤਾਇਆ ਜੀ ਪਰਤਾਪ ਸਿੰਘ ਦੀ ਬੇਟੀ ਨੰਦ ਕੌਰ ਵੀ ਥਮਾਲੀ ਦੇ ਹਰਬੰਸ ਸਿੰਘ ਗਾਂਧੀ ਨਾਲ ਵਿਆਹੀ ਹੋਈ ਸੀ। ਬਹੁਤ ਦਬੰਗ ਸੀ, ਉਹ। ਦੰਗਈਆਂ ਨੂੰ ਮਰਦਾਂ ਵਾਂਗ ਗਾਲਾਂ ਦੇਵੇ, ਉਹ। ਕੁਹਾੜੀ ਲੈ ਕੇ ਬੁਰਛਿਆਂ ਨਾਲ ਮੁਕਾਬਲੇ ਲਈ ਨਿੱਕਲੀ।ਲੜਦਿਆਂ ਸ਼ਹੀਦੀ ਪਾਈ ,ਉਸ ਨੇ। ਥਮਾਲੀ ਵਿਚ ਕੁਝ ਖਟੀਕ ਸਿੱਖਾਂ ਦੇ ਵੀ ਘਰ ਸਨ, ਜੋ ਡੰਗਰਾਂ ਦਾ ਵਪਾਰ ਕਰਦੇ ਸਨ। ਉਨ੍ਹਾਂ ਪੈਸਿਆਂ ਦੇ ਭਰੇ ਬਰਤਨ ਲੈ ਜਾ ਕੇ ਮੁਸਲਿਮ ਦੰਗਈ ਚੌਧਰੀਆਂ ਨਾਲ ਮੁਲਾਕਾਤ ਕੀਤੀ । ਆਖਿਓਸ ਕਿ ਇਹ ਖਜ਼ਾਨਾ ਲੈ ਲਓ ਪਰ ਉਥੋਂ ਨਿਕਲਣ ਲਈ ਸੁਰੱਖਿਅਤ ਲਾਂਘਾ ਦਿਓ। ਦੰਗਈਆਂ ਪੈਸੇ ਰੱਖ ਕੇ ਉਨ੍ਹਾਂ ਨੂੰ ਹਿਫਾਜਤ ਦਾ ਵਚਨ ਦਿੱਤਾ ਪਰ ਉਸ ਵਿਚ ਉਨ੍ਹਾਂ ਕਮੀਨਗੀ ਕੀਤੀ। ਤੇ ਆਖੀਰੀ ਹੱਲੇ ਵੇਲੇ ਸਭ ਨੂੰ ਜਿੰਦਾ ਜਲਾ ਦਿੱਤਾ। ਉੱਚਾ ਲੰਬਾ ਬਦਮਾਸ਼ ਬਿਰਤੀ ਵਾਲਾ ਮੁਸਲਿਮ ਦੰਗਈ ਸ਼ਰੀਫਾਂ, ਥਮਾਲੀ ਹੱਲੇ ਸਮੇਂ, ਤਿੰਨ ਲੜਕੀਆਂ ਕੱਢ ਕੇ ਲੈ ਗਿਆ। ਡੋਗਰਾ ਫੌਜ ਥੋੜੇ ਦਿਨ ਬਾਅਦ, ਉਹ ਤਿੰਨੋਂ ਲੜਕੀਆਂ ਬਰਾਮਦ ਕਰਕੇ ਸ਼ਰੀਫਾਂ ਬਦਮਾਸ਼ ਨੂੰ ਵੀ ਟਰੱਕ ਵਿਚ ਬਿਠਾ ਲਿਆਈ। ਕੱਲਰ ਪਿੰਡ ਕੋਲ ਆਉਂਦਿਆਂ ਸ਼ਰੀਫਾਂ ਬਦਮਾਸ਼ ਟਰੱਕ ਵਿਚੋਂ ਛਾਲ ਮਾਰ ਦੌੜ ਪਿਆ। ਜਿਸ ਨੂੰ ਡੋਗਰਾ ਫੌਜ ਨੇ ਤਦੋਂ ਗੋਲੀਆਂ ਮਾਰ ਕੇ ਪਰਲੇ ਪਾਰ ਕਰ ਦਿੱਤਾ। ਥੋਹਾ ਖਾਲਸਾ ਪਿੰਡ ਦੇ ਬਾਹਰ ਪਹਾੜੀ ਤੇ ਇਕ ਮੁਸਲਿਮ ਫਕੀਰ ਦੀ ਸਾਂਈ ਢੇਰੀ ਨਾਮੇ ਜਗ੍ਹਾ ਸੀ। ਹਾੜ ਦੇ ਮਹੀਨੇ ਮੇਲਾ ਲਗਦਾ ਸੀ, ਉਥੇ। ਇਥੇ ਵੀ ਸ਼ਰੀਫਾਂ ਬਦਮਾਸ਼ ਆਇਆ ਕਰਦਾ ਸੀ।   

1947 ਹਿਜਰਤਨਾਮਾ- 3 : ਦਲਬੀਰ ਕੌਰ ਮਲਸੀਹਾਂ

ਥਮਾਲੀ ਪਿੰਡ ਨਜ਼ਦੀਕ ਇਕ ਕਾਨੋਹਾ ਨਾਮੇ ਪਿੰਡ ਹੈ। ਉਥੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਨੇ ਇਕ ਇਮਾਰਤ ਤਾਮੀਰ ਕਰਵਾਈ ਸੀ। ਪਿੰਡ ਚੋਹਾ ਖਾਲਸਾ ਅਤੇ ਪਿੰਡ ਦੋਬੇਰਨ ਤੋਂ ਕਈ ਹਿੰਦੂ-ਸਿੱਖਾਂ ਦੇ ਨਾਲ-ਨਾਲ ਪਿੰਡ ਥਮਾਲੀ ਤੋਂ ਕੁਝ ਬਚ ਗਏ ਸਿੱਖਾਂ ਜਿੰਨਾਂ ਵਿਚ ਮੇਰੇ ਮਾਮਾ ਮਹਿੰਦਰ ਸਿੰਘ ਅਤੇ ਸ.ਲਾਲ ਸਿੰਘ ਵੀ ਸ਼ਾਮਲ ਸਨ, ਨੇ ਉਥੇ ਜਾ ਸ਼ਰਨ ਲਈ। ਇਸੇ ਲਾਲ ਸਿੰਘ ਦਾ ਬੇਟਾ ਤਲਵਿੰਦਰ ਸਿੰਘ ਮਰਵਾਹਾ ਇਧਰ ਦਿੱਲੀ ਆ ਕੇ ਵਿਧਾਨ ਸਭਾ ਦਾ ਮੈਂਬਰ ਬਣਿਆਂ। ਥਮਾਲੀ ਪਿੰਡ, ਹਰੀ ਸਿੰਘ ਨਲਵਾ ਨੇ ਹਵੇਲੀ ਵੀ ਤਾਮੀਰ ਕਰਵਾਈ ਸੀ, ਜਿਸ ਨੂੰ ਮਾਈ ਰਾਮੀ ਦੀ ਹਵੇਲੀ ਕਿਹਾ ਜਾਂਦਾ ਸੀ। ਕਈਆਂ ਦਾ ਇਹ ਖਿਆਲ ਸੀ ਕਿ ਹਰੀ ਸਿੰਘ ਨਲਵਾ ਉਸ ਪਿੰਡ ਵਿਆਹਿਆ ਹੋਇਆ ਸੀ ਤੇ ਉਹ ਹਵੇਲੀ ਉਸ ਦੇ ਸਹੁਰਿਆਂ ਦੀ ਹੀ ਸੀ। ਸ. ਮੰਗਤ ਸਿੰਘ ਦੇ ਘਰ ਦੇ ਸਾਹਮਣੇ ਇਕ ਖੂਹ ਹੁੰਦਾ ਸੀ ਉਹ ਵੀ ਸ. ਨਲਵਾ ਦਾ ਹੀ ਲਗਵਾਇਆ ਹੋਇਆ ਸੀ। ਦੋਬੇਰਨ ਪਿੰਡ ਵਿਚ ਸੰਤ ਫਕੀਰ ਸਿੰਘ ਦਾ ਡੇਰਾ ਸੀ। 47 ਵਿਚ ਸੰਤ ਜੋਤਾ ਸਿੰਘ ਜੀ ਉਸ ਡੇਰੇ ਦੇ ਇੰਚਾਰਜ ਸਨ। ਮੇਰੇ ਪਿਤਾ ਜੀ ਨਾਲ ਉਨ੍ਹਾਂ ਦੀ ਕਾਫੀ ਮੁਹੱਬਤ ਸੀ। ਦੰਗਈਆਂ ਉਸ ਨੂੰ ਮੁਸਲਿਮ ਬਣਨ ਲਈ ਕਿਹਾ । ਨਾਂਹ ਕਰਨ ’ਤੇ ਸੰਤ ਨੂੰ ਦੰਗਈਆਂ ਨੇ ਘੋੜੀ ਪਿੱਛੇ ਬੰਨ੍ਹ ਕੇ ਪਿੰਡ ਵਿਚ ਘੜੀਸ-ਘੜੀਸ ਸ਼ਹੀਦ ਕੀਤਾ।"  

1947 ਹਿਜਰਤਨਾਮਾ-2 : ਸੰਤੋਖ ਸਿੰਘ ਵਲਦ ਸਾਧੂ ਸਿੰਘ ਵਲਦ ਅਮਰ ਸਿੰਘ ਦੀ ਕਹਾਣੀ

ਬਚਪਨ ਦੀਆਂ ਕਈ ਯਾਦਾਂ ਮੇਰੇ ਚੇਤਿਆਂ 'ਚ ਸ਼ੁਮਾਰ ਨੇ। ਛੋਟੇ ਹੁੰਦੇ ਇੱਕੀ ਟਿੱਲਾ, ਟੰਗ ਟਪਾਲਾ, ਛੱਪਣ ਸ਼ੋਤ, ਬਾਂਦਰ ਕੀਲਾ ਆਦਿ ਰਵਾਇਤੀ ਖੇਡਾਂ ਖੇਡਿਆਂ ਕਰਦੇ ਸਾਂ। ਇਕ ਖੇਡ ਘਟਨਾਂ ਮੇਰੇ ਚੇਤੇ 'ਚ ਆਉਂਦੀ ਐ। ਹਮ ਉਮਰ ਮੁੰਡੇ ਮਿਲ ਕੇ ਸ਼ਾਮ ਘੁਸ ਮੁਸਾ ਹੋਣ ’ਤੇ ਛਪਣ ਸ਼ੋਤ ਖੇਡਿਆ ਕਰਦੇ ਸਾਂ। ਸਿਵਿਆਂ ਵਿਚ ਜਾ ਕੇ ਲੁਕਦੇ ਸਾਂ। ਜਿਸ ਸਿਰ ਮਾਅਟੀ/ਬਾਜ਼ੀ ਹੁੰਦੀ ਸੀ, ਉਸ ਨੂੰ ਸਿਵਿਆਂ ਵਿਚ ਵੀ ਲੜਕਿਆਂ ਨੂੰ ਲੱਭਣ ਜਾਣਾ ਜਰੂਰੀ ਹੁੰਦਾ ਸੀ। ਤਸਦੀਕ ਵਜੋਂ ਉਸ ਨੂੰ ਉਥੇ ਸੋਟੀ ਗੱਡ ਕੇ ਆਉਣਾ ਪੈਂਦਾ ਸੀ। ਇਕ ਪਰਲਿਹਾਦ ਨਾਮੇ ਮੁੰਡਾ ਹੁੰਦਾ ਸੀ, ਜਿੰਨਾਂ ਦੀ ਬੱਸ ਸਟੈਂਡ ਤੇ ਹਾਰਡਵੇਅਰ ਦੀ ਦੁਕਾਨ ਵੀ ਹੈ ਸੀ, ਜਦ ਆਪਣੀ ਵਾਰੀ ਤੇ ਸਿਵਿਆਂ 'ਚ ਗਿਆ ਤਾਂ ਸੋਟੀ ਗਡਦਿਆਂ ਉਸ ਦਾ ਨਾਲਾ ਵੀ ਨਾਲ ਹੀ ਗੱਡ ਹੋ ਗਿਆ। ਉਹ ਉਥੇ ਬਹੁੜੀਆਂ ਪਿਆ ਪਾਏ ਕਿ ਛੁਡਾਏ ਕੋਈ, ਮੈਨੂੰ ਭੂਤ ਨੇ ਫੜ ਲਿਐ। ਇਕ ਹਲਵਾਈ ਭਗਵਾਨ ਸਿੰਘ ਹੁੰਦਾ ਸੀ ਬਹੁਤ ਮੋਟਾ ਭਾਰਾ ਤੇ ਉਹ ਇਧਰ ਦਿੱਲੀ ਆ ਕੇ ਆਬਾਦ ਹੋਏ ਪਰ ਪਿੱਛੇ ਜਿਹੇ ਉਸ ਦੀ ਮੌਤ ਹੋ ਚੁੱਕੀ ਹੈ। ਉਸ ਨੂੰ ਅਸੀਂ ਖੋਤੇ ’ਤੇ ਬਿਠਾ ਕੇ ਪਿੱਛਿਓਂ ਖੋਤੇ ਨੂੰ ਕੁੱਟ-ਕੁੱਟ ਦੁੜਾਉਣਾ, ਉਸ ਦਾ ਧੈਅ-ਧੈਅ ਕਰਕੇ ਡਿੱਗਣਾ, ਬੜਾ ਯਾਦ ਆਉਂਦਾ ਐ। ਬਹੁਤੇ ਘਰਾਂ ਦੇ ਛੋਟੇ-ਛੋਟੇ ਫਲਾਂ ਅਤੇ ਮੇਵਿਆਂ ਦੇ ਬੂਟੇ ਲਗਾਏ ਹੁੰਦੇ ਸਨ। ਜਦ ਫਲ ਪੱਕਣੇ ਤਾਂ ਘਰਦਿਆਂ ਨੇ ਮਹੱਲੇ ਦੇ ਨਿਆਣਿਆਂ ਨੂੰ ਘਰੋਂ ਸੱਦ ਲਿਆਉਣਾ। ਫਲ ਵੇਚਣ ਦਾ ਰਿਵਾਜ ਨਹੀਂ ਹੁੰਦਾ ਸੀ ਉਦੋਂ। 

ਸੈਂਥਾ ਪਿੰਡ ਵਿਚ ਪਿਤਾ ਜੀ ਦੁਕਾਨ ਕਰਦੇ ਸਨ ਤੇ ਨਾਲ ਫਾਈਨਾਂਸ ਦਾ ਕੰਮ ਵੀ, ਕੁਝ ਖੇਤੀਬਾੜੀ ਦਾ ਕੰਮ ਵੀ ਸੀ। ਸੋ ਸਾਡੀ ਮੁਢਲੀ ਰਿਹਾਇਸ਼ ਇਸੇ ਪਿੰਡ ਵਿਚ ਸੀ, ਇਸ ਪਿੰਡ ਵਿਚ ਸਿੱਖ ਆਬਾਦੀ ਮੁਕਾਬਲਤਨ ਬਹੁਤ ਘੱਟ ਸੀ, ਸੋ ਭਵਿੱਖੀ ਸਮੱਸਿਆਵਾਂ ਦੇ ਮੱਦੇ ਨਜ਼ਰ ਪਿਤਾ ਜੀ ਸਮੇਤ ਪਰਿਵਾਰ 1945 ਵਿਚ ਥੋਹਾ ਖਾਲਸਾ ਜਾ ਆਬਾਦ ਹੋਏ। ਮੈਂ ਚੌਥੀ ਸੈਂਥਾ ਪਿੰਡ  ਤੋਂ, ਸਕੂਲ ਸ਼ੁਰੂ ਹੋਣ ਦੇ ਸੱਭ ਤੋਂ ਪਹਿਲੇ ਬੈਚ ਰਾਹੀਂ ਪਾਸ ਕੀਤੀ। ਭਾਵ ਮੈਂ ਇਸ ਸਕੂਲ ਦਾ ਫਾਊਂਡਰ ਸਟੂਡੈਂਟ ਸਾਂ। ਇੱਥੇ ਚਾਰ ਸੱਦੇ ਪਿੰਡ ਤੋਂ ਮਾਸਟਰ ਸੈਫ ਅਲੀ ਅਤੇ ਨਲਾ ਮੁਸਲਮਾਨ ਤੋਂ ਮਾਸਟਰ ਬਰਕਤ ਅਲੀ, ਦੋਹੇਂ ਬਹੁਤ ਹੀ ਮਿਹਨਤੀ ਅਤੇ ਮੁਹੱਬਤ ਕਰਨ ਵਾਲੇ  ਸਨ। ਜਮਾਤ ਵਿਚ ਮੈਂ 'ਕੱਲਾ ਹੀ ਸਿੱਖ ਮੁੰਡਾ ਸਾਂ। ਉਨ੍ਹਾਂ ਕਦੇ ਮੇਰੀ ਕਲਮ ਘਟ ਕੇ ਦੇਣੀ ਤੇ ਕਦੇ ਬੋਰੀ ਵਿਛਾ ਦੇਣੀ। ਪੜਾਈ ਵਿਚ ਮੈਂ ਹੁਸ਼ਿਆਰ ਸਾਂ। ਲਿਖਤ ਵੀ ਖੁਸ਼ਕਤ ਸੀ।ਦੂਜੀ ਵਿਚ ਪੜ੍ਹਦਾ-ਪੜ੍ਹਦਾ ਲੋਕਾਂ ਦੀਆਂ ਚਿੱਠੀਆਂ ਪੜ੍ਹਨ ਲਿਖਣ ਲੱਗ ਪਿਆ ਸਾਂ। ਹੋਰ ਮੇਰੇ ਹਮ ਜਮਾਤੀਆਂ ਵਿਚ ਗੁਆਂਢੀ ਪਿੰਡ ਤੋਂ ਸਾਡੇ ਪਿੰਡ ਲੁਹਾਰ ਦੀ ਦੁਕਾਨ ਕਰਦੇ ਦਿੱਤੇ ਦਾ ਮੁੰਡਾ, ਸੈਂਥਾ ਦੇ ਚਾਚਾ ਦਰਾਵ ਦਾ ਮੁੰਡਾ, ਚਾਚਾ ਮੁਣਸ਼ੀ ਦਾ ਮੁੰਡਾ, ਸਜਾਵਲ ਦਾ ਰਹਿਮਤ, ਚਾਚਾ ਬਰਾਨ ਦਾ ਮੁਣਸ਼ੀ ਅਤੇ ਚਾਚਾ ਸਾਦਕ/ਮਾਂ ਹੁਸੈਨਾ ਦਾ ਬਰਕਤ ਵਗੈਰਾ ਹੁੰਦੇ ਸਨ।

ਮਿਡਲ ਸਕੂਲ ਥੋਹਾ ਖਾਲਸਾ ਵਿੱਚ ਵੀ ਸੀ ਪਰ ਉਥੇ ਪੰਜਵੀਂ ਤੋਂ ਫਾਰਸੀ ਪੜਨੀ ਪੈਂਦੀ ਸੀ।ਜਦ ਕਿ ਮਟੋਰ ਵਿੱਚ ਪੰਜਵੀਂ ਤੋਂ ਅੰਗਰੇਜ਼ੀ ਹੁੰਦੀ ਸੀ ਸੋ ਮੈਂ ਮਿਡਲ ਮੈਂ ਮਟੋਰ ਖਾਲਸਾ ਸਕੂਲ ਤੋਂ ਪਾਸ ਕੀਤੀ । ਇੱਥੇ  ਮਾਸਟਰ ਅਵਾਣ ਸਾਹਿਬ ਅਤੇ ਅਵਤਾਰ ਚੰਦ ਜੀ ਸਾਨੂੰ ਪੜਾਇਆ ਕਰਦੇ ਸਨ। ਠਾਕਰ ਦਾਸ ਜੀ ਮੁੱਖ ਅਧਿਆਪਕ ਸਨ।     

1947 ਹਿਜਰਤਨਾਮਾ 1 : ਪਿੰਡ ਥੋਹਾ ਖ਼ਾਲਸਾ ਵਿਖੇ ਕਤਲੇਆਮ ਦੀ ਕਹਾਣੀ

ਸੈਂਥਾ ਵਿਚ ਮੁਸਲਮਾਨਾ ਨਾਲ ਬਹੁਤ ਪਿਆਰ ਸੀ।ਦੁੱਖ ਸੁੱਖ ਦੇ ਸਾਂਝੀ ਸਾਂ।ਗੁਆਂਢ 'ਚ ਮਾਸੀ ਫੱਜੋ ਦਾ ਘਰ ਸੀ ਉਹਨਾ ਦੇ ਘਰ ਖੇਡਿਆ ਕਰਦੇ ਸਾਂ। ਉਸ ਤੋਂ ਅੱਗੇ ਮਾਸੀ ਸੁਲਤਾਨਾ ਦਾ ਘਰ ਸੀ । ਉਹਦੀ ਬੇਟੀ ਮੇਰੀ ਹਾਣੀ ਸੀ।  ਉਹਨੂੰ  ਗੁੱਤ ਤੋਂ  ਖਿੱਚ  ਮਾਸੀ ਦੀ ਗੋਦੀ ਚੋਂ ਠਾਲ ਕੇ  ਅਪ ਜਾ ਬਹਿਣਾ। ਫਿਰ ਦੋਹਾਂ ਦੀ ਲੜਾਈ ਹੋਣੀ।ਆਖੀਰ ਮਾਸੀ ਸੁਲਤਾਨਾ ਨੇ ਦੋਹਾਂ ਨੂੰ ਗੋਦੀ 'ਚ ਬਿਠਾ ਲੈਣਾ। ਮੈਂ ਆਪਣੇ ਪਿੰਡ 2002 ਵਿਚ ਗਿਆ ਸਾਂ । ਇਸ ਮਾਸੀ ਨੇ ਬੜੀ ਭਾਵੁਕ ਕਰਨ ਵਾਲੀ ਇਕ ਰੌਚਕ ਗੱਲ ਸੁਣਾਈ।ਕਹਿਓਸ ਕਿ ਮੈਂ ਕੋਈ ਸਾਲ ਖੰਡ ਦਾ ਹੋਵਾਂਗਾ ।ਮੇਰੀ ਅੰਮਾ ਮੈਨੂੰ ਸੁੱਤਾ ਛੱਡ ਕੇ ਆਪ ਗੁਆਂਢੀ ਪਿੰਡ ਖੂਹੀ ਤੋਂ ਪਾਣੀ ਲੈਣ ਚਲੇ ਗਈ। ਮੈਂ ਉੱਠ ਖੜਿਆ। ਮਾਤਾ ਨੂੰ ਨਾ ਦੇਖ ਕੇ ਮੈਂ ਬਹੁਤ ਰੋਇਆ। ਮਾਸੀ ਸੁਲਤਾਨਾ ਦਾ ਬੇਟਾ ਮੇਰਾ ਹਾਣੀ ਸੀ ।ਉਹ ਸਾਡੇ  ਘਰ ਆਈ ।ਉਸ ਨੇ ਮੈਨੂੰ ਆਪਣਾ ਦੁੱਧ ਚੁੰਘਾਇਆ,ਮੈਨੂੰ ਚੁੱਪ ਕਰਾਇਆ।ਇਹ ਸੁਣ ਕੇ ਮੈਂ ਬੜਾ ਭਾਵੁਕ ਹੋਇਆ ਤੇ ਆਪਣਾ ਸਿਰ ਮਾਸੀ ਸੁਲਤਾਨਾ ਦੇ ਪੈਰਾਂ ਤੇ ਰੱਖ ਦਿੱਤਾ । ਇਥੇ ਚਾਚਾ ਮੁਹੰਮਦ ਜਮਾਨ ਤੇ ਮਾਸੀ ਬਰਕਤ ਦੇ ਬੇਟੇ ਰਮਜਾਨ ਤੇ ਰਹਿਮਾਨ ਵੀ ਮਿਲੇ।ਰਮਜਾਨ ਦੁਬਈ ਤੋਂ ਆਇਆ ਹੋਇਆ ਸੀ।

ਘਰ ਦਾ ਇਕ ਬਾਹਰੀ ਕਮਰਾ ਉਸ ਨੇ ਬੜੀ ਰੀਝ ਨਾਲ ਸ਼ਿੰਗਾਰਿਆ ਹੋਇਆ ਸੀ।ਮੈਨੂੰ ਉਸ ਕਮਰੇ ਵਿੱਚ ਲੈ ਗਿਆ। ਕਹਿਓਸ ," ਬੀਰੇ ਇਹ ਕਮਰਾ ਤੇਰੇ ਨਾਮ ਪੁਰ ਕੀਤਾ ।ਤੂੰ ਜਾਹ ਨਾ ਇਥੇ ਰਹਿ।" ਇਥੇ ਦੋ ਹੋਰ ਸਕੇ ਭਰਾ ਰਹਿਮਤ ਅਤੇ ਸਾਦਕ ਜੋ ਆਪਸ ਵਿੱਚ ਬੋਲਦੇ ਨਹੀਂ ਸਨ , ਮੈ ਸਾਦਕ ਦੇ ਘਰ ਬੈਠਾ ਸਾਂ ਤਾਂ ਰਹਿਮਤ ਮੈਨੂੰ ਮਿਲਣ ਆਇਆ ਤਾਂ ਆਪਣੇ ਭਰਾ ਸਾਦਕ ਨੂੰ ਕਹਿਓਸ, "ਸਾਦਕ , ਮੈ ਤੈਨੂੰ ਮਿਲਣ ਨਹੀਂ ਆਇਆ।ਮੈਂ ਤਾਂ ਬੀਰੇ ਨੂੰ ਮਿਲਣ ਆਇਐਂ।" ਜਦ ਮੈਨੂੰ ਉਹਨਾ ਦੇ ਆਪਸੀ ਰੰਜੋ ਗਮ ਦਾ ਪਤਾ ਲੱਗਾ ਤਾਂ ਜੋਰ ਪਾ ਕੇ ਉਹਨਾ ਦੀ ਜੱਫੀ ਪੁਆਈ।ਤੇ ਅੱਗੇ ਵੀ ਬੋਲਚਾਲ ਬਰਕਰਾਰ ਰੱਖਣ ਦਾ ਵਚਨ ਲਿਆ । ਸਾਰੇ ਮੁਸਲਿਮ ਚਾਚੇ ਤਾਏ ਮੁਸਲਿਮ ਚਾਚੀਆਂ ਤਾਈਆਂ ਮੈਨੂੰ ਧਾਹ ਕੇ ਮਿਲੀਆਂ।ਓਧਰ ਪੋਠੋਹਾਰੀ ਚਲਦੀ ਆ ਤੇ ਮੇਰੀ ਠੇਠ ਪੰਜਾਬੀ ਸੁਣ ਕੇ ਉਹਨਾ ਗਿਲਾ ਕੀਤਾ ਕਿ ਤੇਰੀ ਤਾਂ ਜੁਬਾਨ ਈ ਬਦਲ ਗਈ ਐ।          

ਸੈਂਥਾ ਪਿੰਡ ਵਿੱਚ ਕੋਈ ਬਕਾਇਦਾ ਗੁਰਦੁਆਰਾ ਸਾਹਿਬ ਤਾਂ ਨਹੀਂ ਸੀ ਪਰ ਮੇਰੇ ਪਿਤਾ ਸੰਤ ਰਾਜਾ ਸਿੰਘ ਬਿੰਦਰਾ ਪਿੰਡ ਵਿਚ ਇਕ ਉਚੇ ਥੜੇ ਉਪਰ ਬੈਠ ਕੇ ਪਾਠ ਕਰਿਆ ਕਰਦੇ ਸਨ । ਪਿੰਡ ਦੇ ਲੋਕੀ ਹੁਣ ਵੀ  ਉਥੇ ਧੂਫ ਬੱਤੀ ਕਰਦੇ ਹਨ ਉਹਨਾ ਦਾ ਮੰਨਣਾ ਹੈ ਕਿ ਇਥੇ ਕਿਸੇ ਰਾਜੇ ਨੇ ਕਿਸੇ ਸਮੇਂ ਭਗਤੀ ਕੀਤੀ ਹੈ ।ਸੰਤ ਨਿਧਾਨ ਸਿੰਘ ਜੀ ਵੀ ਇਸ ਪਿੰਡ ਵਿੱਚ ਅਕਸਰ ਆਇਆ ਕਰਦੇ ਸਨ ।ਪਿਤਾ ਜੀ ਨਾਲ ਉਹਨਾ ਦਾ ਬਹੁਤ ਪਰੇਮ ਸੀ। ਮੇਰਾ ਨਾਮ ਉਹਨਾ ਹੀ ਰੱਖਿਆ ਹੈ ।

ਰੌਲਿਆਂ ਤੋਂ ਬਾਅਦ ਮੈਂ ਦੋ ਦਫਾ ਉਪਰੋਕਤ ਦਰਜ ਪਿੰਡਾਂ ਵਿੱਚ ਜਾ ਆਇਆਂ ਹਾਂ।ਬੜੀ ਮੁਹੱਬਤ ਦਿੱਤੀ, ਉਹਨਾ।ਭਲੇ ਗਲ਼ ਲੱਗ-ਲੱਗ ਰੋਏ, ਉਹ।ਪਰ 47 ਦੇ ਉਹ ਭਿਆਨਕ ਜ਼ਖ਼ਮ ਅੱਜ ਤੱਕ ਅੱਲੇ ਹਨ,ਜੋ ਭੁਲਾਇਆਂ ਵੀ ਨਹੀਂ ਭੁੱਲਦੇ।
 


author

rajwinder kaur

Content Editor

Related News