PGI 'ਚ ਹਾਈਕੋਰਟ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ, ਹਰ ਸਾਲ 10 ਹਜ਼ਾਰ ਮਰੀਜ਼ਾਂ ਨੂੰ ਮਿਲਦੀ ਹੈ ਮਦਦ
Wednesday, Jun 26, 2024 - 10:33 AM (IST)
ਚੰਡੀਗੜ੍ਹ (ਪਾਲ) : ਪੀ. ਜੀ. ਆਈ. ਪੂਅਰ ਪੇਸ਼ੰਟ ਵੈਲਫੇਅਰ ਫੰਡ ’ਚ ਵੱਡਾ ਹਿੱਸਾ ਹਾਈਕੋਰਟ ਤੋਂ ਵੀ ਆਉਂਦਾ ਹੈ। ਹਾਈਕੋਰਟ ਵਲੋਂ ਸਜ਼ਾ ਭੁਗਤਣ ਵਾਲੇ ਲੋਕਾਂ ਨੂੰ ਗ਼ਰੀਬ ਰੋਗੀ ਨਿਧੀ ’ਚ ਜੁਰਮਾਨਾ ਜਮ੍ਹਾਂ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ, ਜੋ ਮਰੀਜ਼ਾਂ ਦੇ ਇਲਾਜ ’ਤੇ ਖ਼ਰਚ ਕੀਤਾ ਜਾਂਦਾ ਹੈ। ਹਾਈਕੋਰਟ ਤੋਂ ਮਿਲੇ ਦਾਨ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਸਾਲ 2023 ਤੋਂ 2024 ਦਰਮਿਆਨ ਹੁਣ ਤੱਕ 89,50,046 ਰੁਪਏ ਦਾਨ ਕੀਤੇ ਗਏ ਹਨ। ਇਹ ਪੰਜ ਸਾਲਾਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ। ਸਾਲ 2021-2022 ’ਚ ਸਭ ਤੋਂ ਘੱਟ 35,78,500 ਰੁਪਏ ਦਾਨ ਵੱਜੋਂ ਆਏ ਸਨ। ਪੀ. ਜੀ. ਆਈ. ਪ੍ਰਸ਼ਾਸਨ ਮੁਤਾਬਕ ਕਈ ਅਜਿਹੀਆਂ ਵੱਡੀਆਂ ਸੰਸਥਾਵਾਂ ਹਨ, ਜਿਨ੍ਹਾਂ ਤੋਂ ਨਿਯਮਿਤ ਸਮੇਂ ’ਤੇ ਮਰੀਜ਼ਾਂ ਲਈ ਦਾਨ ਆਉਂਦਾ ਹੈ। ਹਾਈਕੋਰਟ ਵੀ ਇਨ੍ਹਾਂ ਸੰਸਥਾਵਾਂ ’ਚੋਂ ਇਕ ਹੈ, ਜੋ ਮਰੀਜ਼ਾਂ ਦੀ ਮਦਦ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕੋਵਿਡ ਦੇ ਸਮੇਂ ਦੌਰਾਨ ਭਾਵ ਸਾਲ 2020-2021 ’ਚ ਦਾਨ ਵਜੋਂ 45,30,000 ਰੁਪਏ ਆਏ ਸਨ, ਪਰ ਉਸ ਦੇ ਬਾਅਦ ਤੋਂ ਰਕਮ ’ਚ ਕਮੀ ਨਹੀਂ ਆਈ ਹੈ।
ਇਹ ਵੀ ਪੜ੍ਹੋ : PSEB ਨੇ ਖੋਲ੍ਹਿਆ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਪੋਰਟਲ, ਫਾਰਮ ਭਰਨ 'ਚ ਹੋਈ ਦੇਰ ਤਾਂ ਲੱਗੇਗਾ ਭਾਰੀ ਜੁਰਮਾਨਾ
ਹਰ ਸਾਲ 10 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਮਿਲਦੀ ਹੈ ਮਦਦ
ਪੂਅਰ ਪੇਸ਼ੰਟ ਸੈੱਲ ਹਰ ਸਾਲ ਗ਼ਰੀਬੀ ਰੇਖਾ ਤੋਂ ਹੇਠਾਂ 10 ਹਜ਼ਾਰ ਮਰੀਜ਼ਾਂ ਦਾ ਨਾ ਸਿਰਫ਼ ਖ਼ਰਚਾ ਚੁੱਕਦਾ ਹੈ, ਸਗੋਂ ਨਵੀਂ ਜ਼ਿੰਦਗੀ ਦੇਣ ’ਚ ਵੀ ਮਦਦ ਕਰ ਰਿਹਾ ਹੈ। ਪਬਲਿਕ ਡੋਨੇਸ਼ਨ, ਸਰਕਾਰੀ ਗ੍ਰਾਂਟ ਅਤੇ ਪੇਸ਼ੰਟ ਗਾਈਡੈਂਸ ਰਾਹੀਂ ਗ਼ਰੀਬੀ ਰੇਖਾ ਤੋਂ ਹੇਠਾਂ ਦੇ ਮਰੀਜ਼ਾਂ ਦੀ ਮਦਦ ਕੀਤੀ ਜਾਂਦੀ ਹੈ। ਐਕਸੀਡੈਂਟਲ, ਟਰੌਮਾ, ਐਮਰਜੈਂਸੀ, ਕਿਡਨੀ, ਵਾਰਡਾਂ ’ਚ ਦਾਖ਼ਲ ਗੰਭੀਰ ਮਰੀਜ਼, ਨਿਊਰੋ ਨਾਲ ਸਬੰਧਿਤ ਮਾਮਲਿਆਂ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਵਾਲੇ ਗ਼ਰੀਬ ਮਰੀਜ਼ਾਂ ਦੀ ਸੈੱਲ ਵੱਲੋਂ ਮਦਦ ਕੀਤੀ ਜਾਂਦੀ ਹੈ, ਪਰ ਪੀ. ਜੀ. ਆਈ. ਪ੍ਰਸ਼ਾਸਨ ਦੀ ਪਹਿਲੀ ਤਰਜ਼ੀਹ ਐਮਰਜੈਂਸੀ ਅਤੇ ਜਾਨਲੇਵਾ ਬਿਮਾਰੀਆਂ ਦਾ ਇਲਾਜ ਕਰਨਾ ਹੈ, ਤਾਂ ਜੋ ਮਰੀਜ਼ ਦੀ ਜਾਨ ਬਚਾਈ ਜਾ ਸਕੇ।
ਇਹ ਵੀ ਪੜ੍ਹੋ : ਕੁਰਾਲੀ 'ਚ ਭਿਆਨਕ ਗਰਮੀ ਕਾਰਨ AC 'ਚ ਹੋਇਆ ਧਮਾਕਾ, ਘਰ ਨੂੰ ਲੱਗੀ ਅੱਗ (ਵੀਡੀਓ)
ਆਨਲਾਈਨ ਦਾਨ ਨਾਲ ਵੀ ਹੋ ਰਹੀ ਮਦਦ
ਪੀ. ਜੀ. ਆਈ. ਨੇ ਮਰੀਜ਼ਾਂ ਦੀ ਮਦਦ ਲਈ ਕੁੱਝ ਸਾਲ ਪਹਿਲਾਂ ਆਨਲਾਈਨ ਦਾਨ ਵੀ ਸ਼ੁਰੂ ਕੀਤਾ ਹੈ, ਜਿਸ ਨੂੰ ਵੈੱਬਸਾਈਟ ’ਤੇ ਸ਼ੁਰੂ ਕੀਤਾ ਗਿਆ ਹੈ। ਵੈੱਬ ਪੇਜ ’ਤੇ ਡੋਨੇਟ ਫਾਰ ਪੂਅਰ ਪੇਸ਼ੰਟ ’ਤੇ ਕਲਿੱਕ ਕਰ ਕੇ ਯੂਜ਼ਰ ਵਰਤੋਂ ਕਰ ਸਕਦਾ ਹੈ। ਆਨਲਾਈਨ ਪਾਰਦਰਸ਼ਤਾ ਲਈ ਯੂਜ਼ਰ ਆਨਲਾਈਨ ਰਸੀਦ ਨੂੰ ਵੀ ਡਾਊਨਲੋਡ ਕਰ ਸਕਦੇ ਹਨ।
5 ਸਾਲਾਂ ’ਚ ਹਾਈ ਕੋਰਟ ਤੋਂ ਆਈ ਰਕਮ
ਸਾਲ ਦਾਨ
2019-2020 41,00,000 ਰੁਪਏ
2020 -2021 45,30,000 ਰੁਪਏ
2021-2022 35,78,500 ਰੁਪਏ
2022- 2023 60,42,370 ਰੁਪਏ
2023-2024 89,50,046 ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8