ਹਾਈਕੋਰਟ ਵਲੋਂ ਪੰਜਾਬ ਦੇ ਮੁੱਖ ਸਕੱਤਰ ਤੇ ਪਾਵਰਕਾਮ ਦੇ ਸੀ. ਐੱਮ. ਡੀ. ਨੂੰ ਨੋਟਿਸ ਜਾਰੀ

Wednesday, Jan 16, 2019 - 09:53 AM (IST)

ਲੁਧਿਆਣਾ (ਸਲੂਜਾ) : ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਸੂਬੇ ਦੇ ਮੁੱਖ ਸਕੱਤਰ ਤੇ ਪਾਵਰਕਾਮ ਦੇ ਸੀ. ਐੱਮ. ਡੀ.  ਬਲਦੇਵ ਸਿੰਘ ਸਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਮਾਣਯੋਗ ਅਦਾਲਤ ਵਲੋਂ ਗਊ ਸੈੱਸ ਲੈਣ ਤੋਂ ਬਾਅਦ ਵੀ ਪਾਵਰਕਾਮ ਵਲੋਂ ਗਊਸ਼ਾਲਾ ਨੂੰ ਮੁਫਤ ਬਿਜਲੀ ਨਾ ਦੇਣ 'ਤੇ ਜਾਰੀ ਕੀਤਾ ਗਿਆ ਹੈ।  
ਮਾਣਯੋਗ ਜਸਟਿਸ ਨਿਰਮਲਜੀਤ ਕੌਰ ਦੀ ਅਦਾਲਤ ਨੇ ਸਿਵਲ ਰਿਟ ਪਟੀਸ਼ਨ ਨੰਬਰ 26443 ਆਫ  2018 'ਚ ਸ੍ਰੀ ਗਊ ਰੱਖਣੀ ਸਭਾ  ਸਟੇਟ ਆਫ ਪੰਜਾਬ ਤੇ  ਨਿਤਿਨ ਠਠਈ ਐਡਵੋਕੇਟ ਦੀਆਂ  ਦਲੀਲਾਂ ਸੁਣਦੇ ਹੋਏ 10 ਅਪ੍ਰੈਲ 2019  ਲਈ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਪਟੀਸ਼ਨ 'ਚ ਇਹ ਕਿਹਾ ਗਿਆ ਸੀ ਕਿ ਰਾਜ ਨਾਗਰਿਕਾਂ ਤੋਂ ਗਊ ਸੈੱਸ ਵਸੂਲ ਕਰ  ਰਿਹਾ ਹੈ ਪਰ ਪਿਛਲੀ ਸਰਕਾਰ ਵਲੋਂ ਗਊਸ਼ਾਲਾ ਨੂੰ ਮੁਫਤ ਬਿਜਲੀ ਨਹੀਂ ਦਿੱਤੀ ਗਈ। ਮਾਣਯੋਗ  ਜਸਟਿਸ ਰਾਜਨ ਗੁਪਤਾ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਚੀਫ ਸੈਕਟਰੀ ਪੰਜਾਬ ਤੇ ਪਾਵਰਕਾਮ  ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਇਸ ਸਬੰਧ 'ਚ 2 ਮਹੀਨੇ ਦੇ ਅੰਦਰ ਸਾਕਾਰਾਤਮਕ ਕਦਮ ਚੁੱਕਣ ਪਰ ਨਿਰਧਾਰਤ ਸਮੇਂ 'ਚ ਪਾਵਰਕਾਮ ਵਲੋਂ ਇਸ ਸਬੰਧ ਵਿਚ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ  ਕਾਰਨ ਮਾਣਯੋਗ ਅਦਾਲਤ ਨੇ ਨਿਰਦੇਸ਼ਾਂ ਦੀ ਉਲੰਘਣਾ ਦੇ ਮਾਮਲੇ 'ਤੇ ਉਕਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ।  


Babita

Content Editor

Related News