ਫਰਜ਼ੀ ਡਾਕਟਰ ਨੂੰ ਜ਼ਮਾਨਤ ਦੇਣ ਤੋਂ ਹਾਈਕੋਰਟ ਦਾ ਇਨਕਾਰ
Sunday, Aug 25, 2024 - 03:20 PM (IST)
ਚੰਡੀਗੜ੍ਹ (ਗੰਭੀਰ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫਰਜ਼ੀ ਡਾਕਟਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੋਸ਼ ਹੈ ਕਿ ਇਲਾਜ ਦੌਰਾਨ ਵਿਅਕਤੀ ਦੀ ਮੌਤ ਹੋ ਗਈ ਸੀ। ਮੁਲਜ਼ਮ ਮੁਹੰਮਦ ਫਹੀਮ ਨੇ ਸਬੂਤਾਂ ਨੂੰ ਨਸ਼ਟ ਕਰਨ ਦੀ ਨੀਅਤ ਨਾਲ ਲਾਸ਼ ਨੂੰ ਪੀ. ਜੀ. ਨੇੜੇ ਸੜਕ ਕਿਨਾਰੇ ਸੁੱਟ ਦਿੱਤਾ ਸੀ। ਹਾਈਕੋਰਟ ਨੇ ਪਾਇਆ ਕਿ ਮੁਲਜ਼ਮ ਬਿਨਾਂ ਕਿਸੇ ਡਿਗਰੀ ਦੇ ਕਲੀਨਿਕ ਚਲਾ ਰਿਹਾ ਸੀ। ਜਸਟਿਸ ਨਮਿਤ ਕੁਮਾਰ ਨੇ ਕਿਹਾ ਕਿ ਗੈਰ-ਮਾਨਤਾ ਪ੍ਰਾਪਤ ਲੋਕ ਜੋ ਮੈਡੀਕਲ ਖ਼ੇਤਰ ’ਚ ਹਨ, ਉਹ ਸਮਾਜ ਦੀ ਸਿਹਤ ਲਈ ਖ਼ਤਰਾ ਹਨ।
ਦੇਸ਼ ’ਚ ਮੈਡੀਕਲ ਪ੍ਰਣਾਲੀ ਲਈ ਸਥਾਪਿਤ ਕਾਨੂੰਨ ਹਨ ਪਰ ਕਈ ਲੋਕ ਬਿਨਾਂ ਸਿੱਖਿਆ ਦੇ ਇਸ ਪੇਸ਼ੇ ’ਚ ਕੰਮ ਕਰ ਰਹੇ ਹਨ। ਮੌਜੂਦਾ ਮਾਮਲੇ ’ਚ ਮੁਲਜ਼ਮ ਮਾਨੇਸਰ ਦੇ ਅਲੀਯਰ ’ਚ ਕਲੀਨਿਕ ਚਲਾ ਰਿਹਾ ਸੀ। ਪੁਲਸ ਨੇ ਰਾਮ ਅਵਤਾਰ ਨਾ ਦੇ ਵਿਅਕਤੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ। ਦੋਸ਼ ਹੈ ਕਿ ਰਾਮ ਅਵਤਾਰ ਦੇ ਭਤੀਜੇ ਲੀਲਾਧਰ ਦੀ ਮੌਤ ਮੁਹੰਮਦ ਫਹੀਮ ਤੋਂ ਇਲਾਜ ਕਰਵਾਉਣ ਦੌਰਾਨ ਹੋ ਗਈ ਸੀ। ਮੁਲਜ਼ਮ ਪੱਖ ਨੇ ਦਲੀਲ ਦਿੱਤੀ ਕਿ ਲੀਲਾਧਰ ਨੂੰ ਕੋਈ ਅਜਿਹੀ ਦਵਾਈ ਨਹੀਂ ਦਿੱਤੀ ਗਈ ਸੀ ਜਿਸ ਨਾਲ ਉਸ ਦੀ ਮੌਤ ਹੋ ਸਕੇ। ਇਹ ਮੌਤ ਕੁਦਰਤੀ ਸੀ। ਇਸ ’ਤੇ ਕੋਰਟ ਨੇ ਕਿਹਾ ਕਿ ਮੌਜੂਦਾ ਹਾਲਾਤਾਂ ’ਚ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਟ੍ਰਾਇਲ ਕੋਰਟ ਫਿਲਹਾਲ ਮਾਮਲੇ ’ਤੇ ਵਿਚਾਰ ਕਰ ਰਹੀ ਹੈ।