ਛੱਤ ਉਪਰੋਂ ਲੰਘਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ’ਚ ਆਈ ਜਨਾਨੀ, ਬੁਰੀ ਤਰ੍ਹਾਂ ਝੁਲਸੀ
Tuesday, Feb 23, 2021 - 12:55 PM (IST)
ਗੁਰਦਾਸਪੁਰ (ਹਰਮਨ, ਸਰਬਜੀਤ, ਹੇਮੰਤ) - ਗੁਰਦਾਸਪੁਰ ਨੇੜੇ ਪਿੰਡ ਅੱਬਲਖੈਰ ’ਚ ਇਕ ਘਰ ਦੀ ਛੱਤ ਉਪਰੋਂ ਲੰਘਦੀ ਰਹੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਕੇ ਇਕ ਜਨਾਨੀ ਬੁਰੀ ਤਰ੍ਹਾਂ ਝੁਲਸ ਗਈ ਹੈ। ਕੰਰਟ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਹੋਣ ’ਤੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਦੂਜੇ ਪਾਸੇ ਇਸ ਘਟਨਾ ਦਾ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ’ਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਪਾਵਰਕਾਮ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੰਭੀਰ ਤੌਰ ’ਤੇ ਜ਼ਖ਼ਮੀ ਹੋਈ ਜਨਾਨੀ ਪ੍ਰਵੀਨ ਦੇ ਪਤੀ ਗੁਲਜਾਰ ਮਸੀਹ ਨੇ ਸਰਪੰਚ ਅਤੇ ਹੋਰ ਪਿੰਡ ਵਾਸੀਆਂ ਦੀ ਮੌਜੂਦਗੀ ’ਚ ਦੱਸਿਆ ਕਿ ਪਿੰਡ ’ਚ ਘਰਾਂ ਦੀਆਂ ਛੱਤਾਂ ਤੋਂ ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ, ਜਿਸ ਸਬੰਧੀ ਕਈ ਵਾਰ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਤਾਰਾਂ ਹਟਾਉਣ ਲਈ ਉਹ ਬਣਦੀ ਪੇਮੈਂਟ ਵੀ ਪਾਵਰਕਾਮ ਕੋਲ ਜਮ੍ਹਾ ਕਰਵਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਤਾਰਾਂ ਨਹੀਂ ਹਟਾਈਆਂ ਗਈਆਂ। ਇਸੇ ਕਾਰਨ ਉਕਤ ਜਨਾਨੀ ਤਾਰਾਂ ਦੀ ਲਪੇਟ ਵਿਚ ਆ ਕੇ ਝੁਲਸ ਗਈ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।
ਦੂਸਰੇ ਪਾਸੇ ਪਾਵਰਕਾਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਤਾਰਾਂ ਹਟਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਨੇੜਲੇ ਪਿੰਡ ਦੇ ਕਿਸੇ ਵਿਅਕਤੀ ਨੇ ਕੰਮ ਵਿਚ ਅੜਚਨ ਪੈਦਾ ਕੀਤੀ ਹੈ, ਜਿਸ ਕਾਰਣ ਤਾਰਾਂ ਹਟਾਉਣ ਦਾ ਕੰਮ ਰੁਕਿਆ ਹੈ। ਇਸ ਸਬੰਧੀ ਜਲਦੀ ਹੀ ਕੋਈ ਹੱਲ ਕੀਤਾ ਜਾਵੇਗਾ। ਦੂਸਰੇ ਪਾਸੇ ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤਾਰਾਂ ਨਾ ਹਟਾਈਆਂ ਗਈਆਂ ਤਾਂ ਉਹ ਹੋਰ ਵੀ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨਗੇ।