ਤੇਜ਼ ਰਫਤਾਰ ਟਿੱਪਰ ਨੇ ਬਲੈਰੋ ਨੂੰ ਮਾਰੀ ਟੱਕਰ, ਇਕ ਦੀ ਮੌਤ

Saturday, Apr 21, 2018 - 06:07 AM (IST)

ਦੀਨਾਨਗਰ, (ਕਪੂਰ)- ਦੀਨਾਨਗਰ ਬਾਈਪਾਸ 'ਤੇ ਛੀਨਾ ਪੈਟਰੋਲ ਪੰਪ ਵਿਖੇ ਹੋਏ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦਾ ਦੂਜਾ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਣ 'ਤੇ ਹਸਪਤਾਲ ਪਹੁੰਚਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਕ ਮਹਿੰਦਰਾ ਬਲੈਰੋ ਗੱਡੀ ਜੋ ਕਿ ਸਬਜ਼ੀ ਭਰ ਕੇ ਗੁਰਦਾਸਪੁਰ ਵੱਲੋਂ ਆ ਰਹੀ ਸੀ ਤਾਂ ਦੀਨਾਨਗਰ ਬਾਈਪਾਸ 'ਤੇ ਛੀਨਾ ਪੈਟਰੋਲ ਪੰਪ ਕੋਲ ਪਹੁੰਚਣ ਤੇ ਪਿੱਛੋਂ ਆਏ ਇਕ ਤੇਜ਼ ਰਫਤਾਰ ਟਿੱਪਰ ਉਸ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਤੇ ਮਹਿੰਦਰਾ ਬਲੈਰੋ ਗੱਡੀ ਸੰਤੁਲਨ ਵਿਗੜ ਜਾਣ ਕਾਰਨ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਈ ਅਤੇ ਪਲਟ ਗਈ। 
ਬਲੈਰੋ ਦੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਤਰਸੇਮ ਲਾਲ ਪੁੱਤਰ ਗਿਰਧਾਰੀ ਲਾਲ ਨਿਵਾਸੀ ਹੀਰਾਨਗਰ ਜੰਮੂ ਵਜੋਂ ਹੋਈ ਹੈ। ਇਸ ਦੁਰਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪ੍ਰਭਾਰੀ ਕੁਲਵਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਬਲੈਰੋ ਗੱਡੀ ਦਾ ਅਗਲਾ ਹਿੱਸਾ ਪ੍ਰੈੱਸ ਹੋ ਜਾਣ ਨਾਲ ਗੱਡੀ 'ਚ ਫਸੀ ਚਾਲਕ ਦੀ ਲਾਸ਼ ਅਤੇ ਜ਼ਖਮੀ ਵਿਅਕਤੀ ਨੂੰ ਬਾਹਰ ਕੱਢਿਆ।
ਪੁਲਸ ਨੇ ਜ਼ਖਮੀ ਵਿਅਕਤੀ ਨੂੰ ਤੁਰੰਤ ਗੁਰਦਾਸਪੁਰ ਹਸਪਤਾਲ ਪਹੁੰਚਾਇਆ। ਥਾਣਾ ਪ੍ਰਭਾਰੀ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


Related News