ਹਾਈ ਸਕਿਓਰਟੀ ਜੇਲ ''ਚੋਂ ਮੋਬਾਇਲ ਬਰਾਮਦ, 3 ਨਾਮਜ਼ਦ

Thursday, Jan 02, 2020 - 12:55 AM (IST)

ਹਾਈ ਸਕਿਓਰਟੀ ਜੇਲ ''ਚੋਂ ਮੋਬਾਇਲ ਬਰਾਮਦ, 3 ਨਾਮਜ਼ਦ

ਬਠਿੰਡਾ,(ਸੁਖਵਿੰਦਰ)- ਬਠਿੰਡਾ ਦੀ ਹਾਈ ਸਕਿਓਰਟੀ ਜੇਲ 'ਚੋਂ ਮੋਬਾਇਲ ਬਰਾਮਦ ਹੋਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਸੀ. ਆਰ. ਪੀ. ਐੱਫ. ਤਾਇਨਾਤ ਹੋਣ ਦੇ ਬਾਵਜੂਦ ਜੇਲ 'ਚ ਬੰਦ ਕੈਦੀਆਂ-ਹਵਾਲਾਤੀਆਂ ਕੋਲੋਂ ਮੋਬਾਇਲ ਬਰਾਮਦ ਕੀਤੇ ਜਾ ਰਹੇ ਹਨ। ਆਏ ਦਿਨ ਜੇਲ 'ਚੋਂ ਮੋਬਾਇਲ ਫੋਨ ਬਰਾਮਦ ਹੋਣ ਕਾਰਣ ਲਗਭਗ ਰੋਜ਼ਾਨਾ ਮਾਮਲੇ ਦਰਜ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਵੀ ਜੇਲ ਅਧਿਕਾਰੀਆਂ ਵੱਲੋਂ ਬੈਰਕਾਂ ਦੀ ਕੀਤੀ ਗਈ ਤਲਾਸ਼ੀ ਦੌਰਾਨ ਲਗਭਗ 15 ਮੋਬਾਇਲ ਫੋਨ ਅਤੇ ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਕ ਕੈਦੀ ਦੇ ਪਜਾਮੇ ਦੀ ਤਲਾਸ਼ੀ ਦੌਰਾਨ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਸੀ। ਬੁੱਧਵਾਰ ਨੂੰ ਜੇਲ ਦੇ ਸਹਾਇਕ ਸੁਪਰਡੈਂਟ ਜੋਗਿੰਦਰ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਜੇਲ ਪ੍ਰਸ਼ਾਸਨ ਵੱਲੋਂ ਬੈਰਕਾਂ ਦੀ ਤਲਾਸ਼ੀ ਦੌਰਾਨ ਕਰਮਵੀਰ ਸਿੰਘ ਵਾਸੀ ਭਾਈਕਾ, ਲਛਮਣ ਸਿੰਘ ਡੱਬਵਾਲੀ ਅਤੇ ਰੋਸ਼ਨ ਸਿੰਘ ਵਾਸੀ ਥਰਾਜ ਤੋਂ 3 ਮੋਬਾਇਲ ਫੋਨ ਬਰਾਮਦ ਕੀਤੇ ਹਨ। ਉਕਤ ਮੁਲਜ਼ਮ ਜੇਲ 'ਚ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਸਨ। ਕੈਂਟ ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ਼ ਜੇਲ ਮੈਨੂਅਲ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਇਕ ਐੱਸ. ਐੱਚ. ਓ. ਵੀ ਹੋ ਚੁੱਕੈ ਸਸਪੈਂਡ
ਪੁਲਸ ਅਧਿਕਾਰੀਆਂ ਵੱਲੋਂ ਜੇਲ ਵਿਚ ਬੰਦ ਇਕ ਗੈਂਗਸਟਰ ਨੂੰ ਮੋਬਾਇਲ ਫੋਨ ਪਹੁੰਚਾਉਣ ਦੇ ਦੋਸ਼ 'ਚ ਇਕ ਐੱਸ. ਐੱਚ. ਓ. ਨੂੰ ਵੀ ਸਸਪੈਂਡ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਹੀ ਸੂਬਾ ਸਰਕਾਰ ਦੇ ਨਿਰਦੇਸ਼ਾਂ 'ਤੇ ਬਠਿੰਡਾ ਦੀ ਕੇਂਦਰੀ ਜੇਲ 'ਚ ਸਿਕਿਓਰਟੀ ਨੂੰ ਸਖਤ ਕੀਤਾ ਗਿਆ ਸੀ। ਭਾਵੇਂ ਕਿ ਜੇਲ ਪ੍ਰਸ਼ਾਸਨ ਵੱਲੋਂ ਆਏ ਦਿਨ ਜੇਲ 'ਚ ਆਉਣ-ਜਾਣ ਵਾਲੇ ਲੋਕਾਂ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਪਰ ਜੇਲ 'ਚੋਂ ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ।


Related News