ਰਾਜਪਾਲ ਪੁਰੋਹਿਤ ਤੇ ਮੰਤਰੀ ਸੋਮ ਪ੍ਰਕਾਸ਼ ਅੱਜ ਆਉਣਗੇ ਸਿਟੀ ਰੇਲਵੇ ਸਟੇਸ਼ਨ, ਸੁਰੱਖਿਆ ਦੇ ਕੀਤੇ ਜਾ ਰਹੇ ਸਖ਼ਤ ਪ੍ਰਬੰਧ
Monday, Feb 26, 2024 - 04:49 AM (IST)
ਜਲੰਧਰ (ਗੁਲਸ਼ਨ)- ਅੰਮ੍ਰਿਤ ਭਾਰਤ ਯੋਜਨਾ ਅਧੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਫਰਵਰੀ ਨੂੰ ਦੇਸ਼ ਦੇ ਵੱਖ-ਵੱਖ ਰੇਲਵੇ ਸਟੇਸ਼ਨ ਦੀ ਰੀ-ਡਿਵੈੱਲਪਮੈਂਟ ਕਰਨ ਤੋਂ ਇਲਾਵਾ ਆਰ.ਓ.ਬੀ. ਅਤੇ ਆਰ.ਯੂ.ਬੀ. ਵਰਗੇ 554 ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ ਕਰਨਗੇ, ਜਿਸਦਾ ਕਈ ਥਾਵਾਂ ’ਤੇ ਲਾਈਵ ਪ੍ਰਸਾਰਣ ਵੀ ਕੀਤਾ ਜਾਵੇਗਾ।
ਸਿਟੀ ਰੇਲਵੇ ਸਟੇਸ਼ਨ ’ਤੇ ਵੀ ਇਸ ਸਬੰਧ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੰਸਦ ਮੈਂਬਰ ਸੁਸ਼ੀਲ ਰਿੰਕੂ, ਫਿਰੋਜ਼ਪੁਰ ਰੇਲ ਮੰਡਲ ਦੇ ਡੀ.ਆਰ.ਐੱਮ. ਸੰਜੇ ਸਾਹੂ ਸਣੇ ਕਈ ਪਤਵੰਤੇ ਵਿਸ਼ੇਸ਼ ਰੂਪ ਨਾਲ ਪਹੁੰਚ ਰਹੇ ਹਨ। ਇਸ ਲਈ ਸਿਟੀ ਰੇਲਵੇ ਸਟੇਸ਼ਨ ਦੇ ਸਰਕੁਲੇਟਿੰਗ ਏਰੀਆ ਵਿਚ ਇਕ ਵਿਸ਼ਾਲ ਪੰਡਾਲ ਤਿਆਰ ਕੀਤਾ ਗਿਆ ਹੈ। ਐਤਵਾਰ ਸਾਰਾ ਦਿਨ ਰੇਲਵੇ ਅਧਿਕਾਰੀ ਤਿਆਰੀਆਂ ਵਿਚ ਜੁਟੇ ਰਹੇ।
ਉਥੇ ਹੀ, ਦੂਜੇ ਪਾਸੇ ਰਾਜਪਾਲ ਪੁਰੋਹਿਤ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਪਹੁੰਚਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਹੈ। ਐਤਵਾਰ ਨੂੰ ਸਟੇਸ਼ਨ ਦੇ ਬਾਹਰ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ। ਡਾਗ ਸਕੁਆਡ ਅਤੇ ਬੰਬ ਨਿਰੋਧਕ ਦਸਤੇ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਵੀ ਚੌਕਸ ਹਨ।
ਜਾਣਕਾਰੀ ਮੁਤਾਬਕ ਸਵੇਰੇ 10.45 ਵਜੇ ਤੋਂ ਦਿੱਲੀ ਪਬਲਿਕ ਸਕੂਲ ਅਤੇ ਜਲੰਧਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਹਾਜ਼ਰ ਆਗੂਆਂ ਦਾ ਸੰਬੋਧਨ ਹੋਵੇਗਾ। ਦੁਪਹਿਰ 12.20 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਈਵ ਹੋ ਕੇ 554 ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ ਕਰਨਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e