ਅੰਮ੍ਰਿਤਸਰ ਏਅਰਪੋਰਟ ’ਤੇ ਉੱਚ ਪੱਧਰੀ ਮੀਟਿੰਗ, ਹਵਾਈ ਸਹੂਲਤਾਂ ਹੋਣਗੀਆਂ ਅਪਗ੍ਰੇਡ
Sunday, Dec 01, 2024 - 05:08 AM (IST)
ਅੰਮ੍ਰਿਤਸਰ (ਇੰਦਰਜੀਤ) - ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮ ਦਾਸ ਜੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਏਅਰਪੋਰਟ ਐਡਵਾਈਜ਼ਰੀ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਡਾਇਰੈਕਟਰ ਜਨਰਲ ਏਅਰਪੋਰਟ ਸੰਦੀਪ ਅਗਰਵਾਲ ਵੱਲੋਂ ਏਅਰਪੋਰਟ ਕੰਪਲੈਕਸ ਵਿਚ ਕੀਤੀ ਗਈ, ਜਿਸ ਵਿਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਪ੍ਰਸ਼ਾਸਕ ਵਜੋਂ ਹਾਜ਼ਰ ਹੋਏ।
ਹਵਾਈ ਅੱਡੇ ਦੇ ਡਾਇਰੈਕਟਰ ਜਨਰਲ ਸੰਦੀਪ ਅਗਰਵਾਲ ਨੇ ਦੱਸਿਆ ਕਿ ਮੀਟਿੰਗ ਵਿਚ ਏ. ਏ. ਆਈ. ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀਆਂ, ਏਅਰਲਾਈਨਜ਼ ਦੇ ਨੁਮਾਇੰਦੇ, ਫੈੱਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ (ਐੱਫ. ਆਈ. ਏ.), ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.), ਫੈੱਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਐੱਫ. ਆਈ. ਸੀ. ਸੀ. ਆਈ.), ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ. ਆਈ. ਆਈ.), ਬਿਜ਼ਨੈੱਸ ਏਅਰਕ੍ਰਾਫਟ ਆਪ੍ਰੇਟਰਜ਼ ਐਸੋਸੀਏਸ਼ਨ (ਬੀ. ਏ. ਓ. ਏ.) ਅਤੇ ਹੋਰ ਮੈਂਬਰਾਂ ਨੇ ਭਾਗ ਲਿਆ।
ਮੀਟਿੰਗ ਵਿਚ ਕੀਤੇ ਗਏ ਵਿਸ਼ਲੇਸ਼ਣ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ’ਤੇ ਹਵਾਈ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਸੰਚਾਲਨ ਸੁਰੱਖਿਆ, ਯਾਤਰੀ ਸਹੂਲਤਾਂ, ਹਵਾਈ ਅੱਡੇ ਦੀਆਂ ਸਹੂਲਤਾਂ ਨੂੰ ਅਪਗ੍ਰੇਡ ਕਰਨ ਅਤੇ ਵਿਕਾਸ ਲਈ ਅਗਲੇ 5 ਸਾਲਾਂ ਵਿਚ ਚੁੱਕੇ ਜਾਣ ਵਾਲੇ ਵੱਡੇ ਕਾਰਜਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਮੀਟਿੰਗ ਵਿਚ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਨੂੰ ਲਗਾਤਾਰ ਬਿਹਤਰ ਬਣਾਉਣ, ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀਆਂ ਲਈ ਇੱਕ ਪ੍ਰਮੁੱਖ ਗੇਟਵੇ ਵਜੋਂ ਇਸ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਵਿਚ ਸਾਰੇ ਸੰਬੰਧਤ ਵਿਭਾਗਾਂ ਦੀ ਸਮੂਹਿਕ ਭੂਮਿਕਾ ’ਤੇ ਧਿਆਨ ਕੇਂਦਰਿਤ ਅਤੇ ਵਿਸ਼ਲੇਸ਼ਣ ਕੀਤਾ ਗਿਆ।
ਏਅਰਪੋਰਟ ਡਾਇਰੈਕਟਰ ਸੰਦੀਪ ਅਗਰਵਾਲ ਨੇ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ ’ਤੇ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 31 ਲੱਖ ਯਾਤਰੀਆਂ ਨੇ ਇਸ ਹਵਾਈ ਅੱਡੇ ਦਾ ਦੌਰਾ ਕੀਤਾ ਸੀ, ਜਦਕਿ ਇਸ ਵਾਰ ਸਾਡਾ ਟੀਚਾ 33 ਲੱਖ ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ ਹਵਾਈ ਅੱਡਾ ਪ੍ਰਬੰਧਨ ਅੰਤਰਰਾਸ਼ਟਰੀ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਅਤੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਯਾਤਰੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਤੋਂ ਬਾਅਦ ਹੁਣ ਹੋਰ ਵੀ ਕਈ ਏਅਰਲਾਈਨਜ਼ ਇੱਥੇ ਉਡਾਣ ਭਰਨੀਆਂ ਸ਼ੁਰੂ ਹੋ ਰਹੀਆਂ ਹਨ, ਜਿਸ ਨਾਲ ਹਵਾਈ ਅੱਡੇ ’ਤੇ ਯਾਤਰੀਆਂ ਨੂੰ ਨਵੀਂ ਉਡਾਣ ਦੀ ਸਹੂਲਤ ਮਿਲੇਗੀ।