ਹਾਈਕੋਰਟ ਵਲੋਂ ਯੂਥ ਕਾਂਗਰਸੀ ਪ੍ਰਧਾਨ ਜੋਸ਼ੀ ਵਿਰੁੱਧ ਜਬਰ-ਜ਼ਿਨਾਹ ਦੀ ਮੋਗਾ ਪੁਲਸ ਵਲੋਂ ਕੀਤੀ ਤਫ਼ਤੀਸ਼ ਰੱਦ
Wednesday, Oct 07, 2020 - 08:28 PM (IST)
ਮੋਗਾ (ਗੋਪੀ ਰਾਊਕੇ) : ਇਕ ਜਨਾਨੀ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਜ਼ਿਲ੍ਹਾ ਯੂਥ ਕਾਂਗਰਸ ਮੋਗਾ ਦੇ ਮੁਅੱਤਲ ਕੀਤੇ ਪ੍ਰਧਾਨ ਵਰੁਣ ਜੋਸ਼ੀ ਦੀਆਂ ਜੇਲ ਜਾਣ ਮਗਰੋਂ ਵੀ ਮੁਸ਼ਕਲਾ ਘੱਟਣ ਦੀ ਬਜਾਏ ਵੱਧਦੀਆਂ ਜਾ ਰਹੀਆ ਹਨ। ਦੱਸਣਾ ਬਣਦਾ ਹੈ ਕਿ ਯੂਥ ਕਾਂਗਰਸੀ ਪ੍ਰਧਾਨ ਵਰੁਣ ਜੋਸ਼ੀ ਵਿਰੁੱਧ ਇੰਟਰਨੈਟ 'ਤੇ ਅਸ਼ਲੀਲ ਤਸਵੀਰਾਂ ਪਾਉਣ ਅਤੇ ਬਲੈਕਮੇਲ ਕਰ ਕੇ ਲੱਖਾਂ ਰੁਪਏ ਹੜੱਪਣ ਦੇ ਦੋਸ਼ ਲੱਗੇ ਸਨ। ਥਾਣਾ ਨਿਹਾਲ ਸਿੰਘ ਵਾਲਾ ਪੁਲਸ ਦੀ ਮੁੱਢਲੀ ਜਾਂਚ 'ਤੇ ਜਦੋਂ ਸਵਾਲ ਉਠੇ ਤਾਂ ਪੀੜਤਾਂ ਵਲੋਂ ਨਿਹਾਲ ਸਿੰਘ ਵਾਲਾ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਅਤੇ ਇਸ ਆਧਾਰ 'ਤੇ ਹੀ 2 ਜੂਨ ਨੂੰ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਹੋਇਆ ਸੀ।
ਮੋਗਾ ਪੁਲਸ ਵਲੋਂ ਇਸ ਮਾਮਲੇ ਵਿਚ ਕੀਤੀ ਗਈ ਤਫਤੀਸ਼ ਨੂੰ ਮਾਣਯੋਗ ਹਾਈਕੋਰਟ ਨੇ ਤਸੱਲੀਬਖਸ਼ ਨਾ ਮੰਨਦੇ ਹੋਏ ਪੰਜਾਬ ਦੇ ਡਾਇਰੈਕਟਰ ਜਰਨਲ ਆਫ਼ ਪੁਲਸ ਨੂੰ ਹੁਕਮ ਦਿੱਤਾ ਕਿ ਇਸ ਮਾਮਲੇ ਦੀ ਡੀ.ਆਈ.ਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਸਿੱਟ ਬਣਾ ਕੇ ਜਾਂਚ ਕੀਤੀ ਜਾਵੇ ਅਤੇ ਰਿਪੋਰਟ 30 ਦਿਨਾਂ ਦੇ ਅੰਦਰ ਅੰਦਰ ਪੇਸ਼ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਯੂਥ ਕਾਂਗਰਸੀ ਆਗੂ ਦੀ ਪੇਸ਼ਗੀ ਜ਼ਮਾਨਤ ਮਾਣਯੋਗ ਹਾਈਕੋਰਟ ਤੋਂ ਵੀ ਰੱਦ ਹੋ ਗਈ ਸੀ ਅਤੇ ਇਸ ਮਗਰੋਂ ਹੀ 17 ਜੁਲਾਈ ਨੂੰ ਯੂਥ ਕਾਂਗਰਸ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਇਸ ਵੇਲੇ ਨਿਆਇਕ ਹਿਰਾਸਤ ਵਿਚ ਹੈ।