'ਹਾਈ ਕੋਰਟ ਵਲੋਂ ਸਿੱਟ ਦੀ ਰਿਪੋਰਟ ਰੱਦ ਕਰਨ ’ਤੇ ਅਕਾਲੀਆਂ ਨੂੰ ਭੰਗੜਾ ਪਾਉਣ ਦਾ ਭੁਗਤਣਾ ਪਵੇਗਾ ਖਮਿਆਜ਼ਾ'

Thursday, Apr 15, 2021 - 01:18 AM (IST)

'ਹਾਈ ਕੋਰਟ ਵਲੋਂ ਸਿੱਟ ਦੀ ਰਿਪੋਰਟ ਰੱਦ ਕਰਨ ’ਤੇ ਅਕਾਲੀਆਂ ਨੂੰ ਭੰਗੜਾ ਪਾਉਣ ਦਾ ਭੁਗਤਣਾ ਪਵੇਗਾ ਖਮਿਆਜ਼ਾ'

ਮੁਹਾਲੀ (ਨਿਆਮੀਆਂ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਕਾਲੀ ਸਰਕਾਰ ਦੌਰਾਨ ਹੋਈਆਂ ਬੇਅਦਬੀਆਂ ਬਾਰੇ ਹਾਈ ਕੋਰਟ ਵੱਲੋਂ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੇ ਗਏ ਝਟਕੇ ਨੂੰ ਲੈ ਕੇ ਜੋ ਸੁਖਬੀਰ ਬਾਦਲ ਅਤੇ ਉਸਦੇ ਸਾਥੀਆਂ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਆਉਂਦੀਆਂ ਵਿਧਾਨਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਇਹ ਗੱਲ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਮੁਖੀ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਖੀ। ਉਨ੍ਹਾਂ ਕਿਹਾ ਕਿ ਲੋਕੀਂ ਕਦੇ ਵੀ ਕਿਸੇ ਧਾਰਮਿਕ ਤਰਾਸਦੀ ਨੂੰ ਨਹੀਂ ਭੁੱਲਦੇ ਭਾਵੇਂ ਰਾਜਨੀਤਕ ਤ੍ਰਾਸਦੀ ਨੂੰ ਉਹ ਭੁੱਲ ਜਾਣ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਪੰਜਾਬ ਵਿੱਚ ਜੋ ਸਰਕਾਰ ਬਣੇਗੀ ਉਹ ਕਿਸੇ ਇੱਕ ਪਾਰਟੀ ਦੀ ਨਹੀਂ ਬਲਕਿ ਵੱਖ-ਵੱਖ ਪਾਰਟੀਆਂ ਵੱਲੋਂ ਮਿਲ ਕੇ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਹੁਣ ਚਾਹੁੰਦੇ ਹਨ ਕਿ ਚੌਥਾ ਫਰੰਟ ਕਾਇਮ ਕੀਤਾ ਜਾਵੇ।

ਇਹ ਵੀ ਪੜ੍ਹੋ- ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 8.50 ਲੱਖ ਰੁਪਏ ਦੀ ਠੱਗੀ ਕਰਨ ਵਾਲਾ ਭਗੌੜਾ ਗ੍ਰਿਫਤਾਰ
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਉਨ੍ਹਾਂ ਦੀ ਪਾਰਟੀ ਦਾ ਰਲੇਵਾਂ ਬੜੀ ਜਲਦੀ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 17 ਅਪ੍ਰੈਲ ਨੂੰ ਦੋਵਾਂ ਪਾਰਟੀਆਂ ਦੀ ਬਣਾਈ ਗਈ ਸਾਂਝੀ ਕਮੇਟੀ ਦੀ ਮੀਟਿੰਗ ਹੋਵੇਗੀ, ਜਿਸ ਤੋਂ ਬਾਅਦ ਇਕ ਨਵਾਂ ਅਕਾਲੀ ਦਲ ਬਣਾ ਕੇ ਦੋਵੇਂ ਪਾਰਟੀਆਂ ਉਸ ਵਿੱਚ ਸ਼ਾਮਲ ਹੋ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਦੋਵੇਂ ਪਾਰਟੀਆਂ ਵੱਲੋਂ ਤਿੰਨ ਤਿੰਨ ਵਿਅਕਤੀਆਂ ਤੇ ਆਧਾਰਤ ਵਿਸ਼ੇਸ਼ ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਕਿ ਗੱਲਬਾਤ ਨੂੰ ਸਿਰੇ ਲਾ ਰਹੀਆਂ ਹਨ। ਜਲਦੀ ਹੀ ਦੋਵੇਂ ਪਾਰਟੀਆਂ ਮਿਲ ਕੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਸ਼ੁਰੂ ਕਰਨਗੀਆਂ।

ਇਹ ਵੀ ਪੜ੍ਹੋ-'ਕੈਪਟਨ ਨੇ ਕੁੰਵਰ ਵਿਜੇ ਪ੍ਰਤਾਪ ਵਰਗੇ ਇਮਾਨਦਾਰ ਪੁਲਸ ਅਧਿਕਾਰੀ ਦੀ ਸੇਵਾ ਨੂੰ ਕਲੰਕਿਤ ਕੀਤਾ'
ਢੀਂਡਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਜਿੰਨੀ ਬਦਨੀਅਤੀ ਅਕਾਲੀ ਸਰਕਾਰ ਦੀ ਸੀ ਓਨੀ ਹੀ ਕੈਪਟਨ ਸਰਕਾਰ ਦੀ ਵੀ ਹੈ, ਕਿਉਂਕਿ ਹੁਣ ਤੱਕ ਜਸਟਿਸ ਰਣਜੀਤ ਸਿੰਘ ਵਾਲੀ ਰਿਪੋਰਟ ਵੀ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਰਿਪੋਰਟ ਜਨਤਕ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਇਸ ਰਿਪੋਰਟ ਨੂੰ ਸਰਕਾਰ ਜਨਤਕ ਨਹੀਂ ਕਰ ਸਕਦੀ। ਇਸ ਮੌਕੇ ਸਾਬਕਾ ਡਿਪਟੀ ਕਮਿਸ਼ਨਰ ਅਤੇ ਪਾਰਟੀ ਵੱਲੋਂ ਮੋਹਾਲੀ ਦੇ ਇੰਚਾਰਜ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਡਾ. ਮੇਜਰ ਸਿੰਘ ਵੀ ਮੌਜੂਦ ਸਨ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

Sunny Mehra

Content Editor

Related News