ਹਾਈ ਕੋਰਟ ''ਚ ਨੌਕਰੀ ਦਿਵਾਉਣ ਦੇ ਨਾਂ ''ਤੇ ਨੌਜਵਾਨ ਨਾਲ ਠੱਗੀ ਦੀ ਕੋਸ਼ਿਸ਼
Sunday, Jun 24, 2018 - 05:17 AM (IST)
ਚੰਡੀਗੜ੍ਹ, (ਸੁਸ਼ੀਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸਕਿਓਰਿਟੀ ਗਾਰਡ ਦੀ ਨੌਕਰੀ ਦਿਵਾਉਣ ਦੇ ਨਾਂ 'ਤੇ ਕੈਥਲ ਦੇ ਨੌਜਵਾਨ ਨਾਲ 40 ਹਜ਼ਾਰ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ । ਨੌਜਵਾਨ ਨੇ ਇਸ ਸਬੰਧੀ ਰਿਸ਼ਤੇਦਾਰ ਨੂੰ ਦੱਸਿਆ ਤੇ ਰਿਸ਼ਤੇਦਾਰ ਮਲੋਆ ਨਿਵਾਸੀ ਮਾਨਸਾ ਰਾਮ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ । ਸੈਕਟਰ-3 ਥਾਣਾ ਪੁਲਸ ਨੇ ਮਾਨਸਾ ਰਾਮ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ ਧੋਖਾਦੇਹੀ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ।
ਮਾਨਸਾ ਰਾਮ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਰਿਸ਼ਤੇਦਾਰ ਕੈਥਲ ਨਿਵਾਸੀ ਮੋਨੂੰ ਨੇ ਫਰਵਰੀ ਵਿਚ ਹਾਈ ਕੋਰਟ ਵਿਚ ਸਕਿਓਰਿਟੀ ਗਾਰਡ ਦੀ ਨੌਕਰੀ ਲਈ ਅਪਲਾਈ ਕੀਤਾ ਸੀ । ਮਾਰਚ ਵਿਚ ਮੋਨੂੰ ਦੀ ਇੰਟਰਵਿਊ ਹੋ ਗਈ । 19 ਜੂਨ ਨੂੰ ਮੋਨੂੰ ਨੂੰ ਹਾਈ ਕੋਰਟ ਤੋਂ ਅਸਿਸਟੈਂਟ ਰਜਿਸਟਰਾਰ ਓਮ ਪ੍ਰਕਾਸ਼ ਦਾ ਫੋਨ ਆਇਆ, ਜਿਸ ਨੇ ਕਿਹਾ ਕਿ ਨੌਕਰੀ ਦੀ ਲਿਸਟ ਵਿਚ ਉਸਦਾ ਨਾਂ ਵੇਟਿੰਗ ਵਿਚ ਹੈ ਜੇਕਰ ਨੌਕਰੀ ਲੱਗਣਾ ਹੈ ਤਾਂ 40 ਹਜ਼ਾਰ ਰੁਪਏ ਦੇਣੇ ਹੋਣਗੇ । ਮੋਨੂੰ ਨੇ ਓਮ ਪ੍ਰਕਾਸ਼ ਨੂੰ ਕਿਹਾ ਕਿ ਉਹ 20 ਹਜ਼ਾਰ ਐਡਵਾਂਸ ਵਿਚ ਦੇ ਦੇਵੇਗਾ, ਜਿਸ 'ਤੇ ਮੋਨੂੰ ਨੂੰ 20 ਹਜ਼ਾਰ ਰੁਪਏ ਲੈ ਕੇ ਹਾਈ ਕੋਰਟ ਦੀ ਪਾਰਕਿੰਗ ਵਿਚ ਬੁਲਾਇਆ । ਇਸ ਬਾਰੇ ਮੋਨੂੰ ਨੇ ਰਿਸ਼ਤੇਦਾਰ ਮਾਨਸਾ ਰਾਮ ਨੂੰ ਵੀ ਦੱਸ ਦਿੱਤਾ। ਮਾਨਸਾ ਰਾਮ ਜਦੋਂ ਪੈਸੇ ਲੈ ਕੇ ਗਿਆ ਤਾਂ ਉਥੇ ਕੋਈ ਵੀ ਅਸਿਸਟੈਂਟ ਰਜਿਸਟਰਾਰ ਨਾ ਮਿਲਿਆ। ਜਦੋਂ ਮਾਨਸਾ ਰਾਮ ਨੇ ਓਮਪ੍ਰਕਾਸ਼ ਨੂੰ ਫੋਨ ਕੀਤਾ ਤਾਂ ਉਸਨੇ ਫੋਨ ਨਹੀਂ ਚੁੱਕਿਆ । ਉਸ ਨੂੰ ਠੱਗੀ ਦਾ ਅਹਿਸਾਸ ਹੋਇਆ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ । ਸੈਕਟਰ-3 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਕੇ ਫੋਨ ਕਰਨ ਵਾਲੇ ਖਿਲਾਫ ਮਾਮਲਾ ਦਰਜ ਕਰ ਲਿਆ । ਹੁਣ ਪੁਲਸ ਫੋਨ ਨੰਬਰ ਤੋਂ ਅਸਲੀ ਮੁਲਜ਼ਮ ਦਾ ਪਤਾ ਲਾਉਣ ਵਿਚ ਲੱਗੀ ਹੋਈ ਹੈ ।