ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਨੇ ''ਜੁਗਾੜੀ'' ਵਾਹਨ

Thursday, Jun 21, 2018 - 02:29 PM (IST)

ਨਾਭਾ(ਭੁਪਿੰਦਰ ਭੂਪਾ) - ਸੂਬਾ ਸਰਕਾਰ ਵਲੋਂ ਜਿਥੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਨੂੰ ਸੈਮੀਨਾਰਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਜ਼ਿਲੇ 'ਚ ਕੁਝ ਅਜਿਹੇ 'ਜੁਗਾੜੀ' ਵਾਹਨ ਸੜਕਾਂ 'ਤੇ ਦੌੜ ਰਹੇ ਹਨ, ਜੋ ਕਿ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਸਥਾਨਕ ਬੌੜਾਂ ਗੇਟ ਨੇੜੇ ਪੰਜਾਬੀ ਬਾਗ ਵਿਖੇ ਕਮਰਸ਼ੀਅਲਾਂ ਵਾਹਨਾਂ ਦੇ ਮਾਲਕ ਦਰਸ਼ਨ ਸਿੰਘ, ਚੀਕਾ ਮੈਹਸ ਗੇਟ, ਇੰਦਰਜੀਤ ਸਿੰਘ, ਸੁਖਚੈਨ ਸਿੰਘ, ਕਾਕਾ ਰਾਮ, ਅਮਰੀਕ ਸਿੰਘ, ਕੁਲਵੰਤ ਸਿੰਘ ਤੇ ਗੁਰਚਰਨ ਸਿੰਘ ਆਦਿ ਨੇ ਟਰਾਂਸਪੋਰਟ ਵਿਭਾਗ ਤੇ ਪ੍ਰਸ਼ਾਸਨ ਪ੍ਰਤੀ ਰੋਸ ਜਾਹਰ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਆਪਣੇ ਮੋਟਰਸਾਈਕਲ ਆਦਿ ਦੇ ਅੱਧੇ ਹਿੱਸੇ ਨੂੰ ਕਟਵਾ ਕੇ ਵੱਖ-ਵੱਖ ਤਰ੍ਹਾਂ ਦੇ ਜੁਗਾੜ ਨੂੰ ਕਟਵਾ ਕੇ ਵੱਖ-ਵੱਖ ਤਰ੍ਹਾਂ ਦੇ ਜੁਗਾੜ ਬਣਾਏ ਹੋਏ ਹਨ। ਅਸੀਂ ਕਮਰਸ਼ੀਅਲ ਵਾਹਨਾਂ ਦਾ ਟੈਕਸ ਵੀ ਅਦਾ ਕਰਦੇ ਹਾਂ। ਇਨ੍ਹਾਂ ਲੋਕਾਂ ਵਲੋਂ ਬਿਨਾਂ ਕਿਸੇ ਟੈਕਸ ਦਿੱਤੇ ਵੱਡੇ ਪੱਧਰ 'ਤੇ ਢੋਆ-ਢੁਆਈ ਕੀਤੀ ਜਾ ਰਹੀ ਹੈ, ਜਿਸ ਕਰ ਕੇ ਸਾਡਾ ਕਾਫੀ ਮਾਲੀ ਨੁਕਸਾਨ ਹੋ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੁੰਭਕਰਨੀ ਨੀਂਦ ਸੁੱਤਾ ਟਰਾਂਸਪੋਰਟ ਵਿਭਾਗ ਇਨ੍ਹਾਂ ਨੂੰ ਰੋਕਣ ਲਈ ਕੀ ਠੋਸ ਕਦਮ ਚੁੱਕੇਗਾ। ਅਜਿਹੇ ਵਾਹਨਾਂ ਨੂੰ ਚਲਾਉਣ ਮੌਕੇ ਨਾ ਤਾਂ ਵਾਹਨ ਚਾਲਕ ਸੁਰੱਖਿਅਤ ਹਨ ਤੇ ਨਾ ਹੀ ਰਸਤੇ 'ਚ ਜਾ ਰਹੇ ਰਾਹਗੀਰ। ਇਨ੍ਹਾਂ ਵਾਹਨਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਨਹੀਂ ਹੁੰਦੀ ਕੋਈ ਰਜਿਸਟਰੇਸ਼ਨ
ਲੋਕਾਂ ਵਲੋਂ ਆਪ ਮੁਹਾਰੇ ਤਿਆਰ ਕੀਤੇ ਮੋਟਰਸਾਈਕਲ ਰੇਹੜੀ ਆਦਿ ਨੂੰ ਬਿਨਾਂ ਰਜਿਸਟਰੇਸ਼ਨ ਤੋਂ ਹੀ ਸੜਕਾਂ 'ਤੇ ਓਵਰਲੋਡ ਕਰਕੇ ਸ਼ਰੇਆਮ ਦੌੜਾਇਆ ਜਾ ਰਿਹਾ ਹੈ। ਹਰ ਇਕ ਵਾਹਨ ਦੀ ਆਵਾਜਾਈ ਵਿਭਾਗ ਕੋਲ ਰਜਿਸਟਰੇਸ਼ਨ ਹੋਣੀ ਬੇਹੱਦ ਜ਼ਰੂਰੀ ਹੈ। ਲੋਕਾਂ ਵਲੋਂ ਆਪਣੇ ਪੱਧਰ 'ਤੇ ਤਿਆਰ ਕੀਤੇ ਗਏ ਵਾਹਨਾਂ ਦੀ ਟਰਾਂਸਪੋਰਟ ਵਿਭਾਗ ਕੋਲ ਰਜਿਸਟਰੇਸ਼ਨ ਨਹੀਂ ਹੈ। ਭਾਵੇਂ ਕਿ ਇਨ੍ਹਾਂ ਵਾਹਨਾਂ ਦਾ ਮਾਮਲਾ ਪ੍ਰਸ਼ਾਸਨ ਦੇ ਵੀ ਧਿਆਨ 'ਚ ਹੈ ਪਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਅਜਿਹੇ ਵਾਹਨਾਂ ਨੂੰ ਰੋਕਣ ਲਈ ਹਿੰਮਤ ਨਹੀਂ ਕੀਤੀ। ਨਾ ਹੀ ਟ੍ਰੈਫਿਕ ਪੁਲਸ ਵਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਕੀਤੀ ਜਾ ਰਹੀ ਹੈ।


Related News