ਪੰਜਾਬ ਕਾਂਗਰਸ ’ਚ ਕਲੇਸ਼ ਖ਼ਤਮ ਕਰਾਉਣ ਲਈ ਹਾਈਕਮਾਨ ਦਾ ਮਾਸਟਰ ਪਲਾਨ, ਹੁਣ ਚੰਨੀ, ਰੰਧਾਵਾ ਤੇ...
Saturday, Sep 05, 2026 - 08:58 AM (IST)
ਚੰਡੀਗੜ੍ਹ (ਅੰਕੁਰ) : ਪੰਜਾਬ ਕਾਂਗਰਸ ’ਚ ਲੰਬੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈਕਮਾਨ ਹੁਣ ਸਿੱਧੇ ਤੌਰ ’ਤੇ ਦਖ਼ਲ ਦੇਣ ਦੀ ਤਿਆਰੀ ’ਚ ਹੈ। ਰਾਹੁਲ ਗਾਂਧੀ ਦੀ ਇਸ ਮਹੀਨੇ ਸੰਭਾਵਿਤ ਪੰਜਾਬ ਫੇਰੀ ਤੋਂ ਪਹਿਲਾਂ ਸੂਬੇ ਦੇ ਕਈ ਸੀਨੀਅਰ ਆਗੂਆਂ ਨੂੰ ਦਿੱਲੀ ਬੁਲਾਇਆ ਜਾ ਸਕਦਾ ਹੈ। ਇਸ ਮੀਟਿੰਗ ਦਾ ਮਕਸਦ ਸਿਰਫ਼ ਚੋਣ ਰਣਨੀਤੀ ਤੈਅ ਕਰਨਾ ਨਹੀਂ, ਸਗੋਂ ਪੰਜਾਬ ਕਾਂਗਰਸ ਅੰਦਰ ਵੱਧ ਰਹੀ ਧੜੇਬੰਦੀ ’ਤੇ ‘ਡੈਮੇਜ ਕੰਟਰੋਲ’ ਕਰਨਾ ਵੀ ਦੱਸਿਆ ਜਾ ਰਿਹਾ ਹੈ। ਪੰਜਾਬ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਕਾਂਗਰਸ ਸੱਤਾ ’ਚ ਵਾਪਸੀ ਲਈ ਆਪਣੀ ਜ਼ਮੀਨ ਤਿਆਰ ਕਰ ਰਹੀ ਹੈ ਪਰ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਵਿਰੋਧੀ ਪਾਰਟੀਆਂ ਨਹੀਂ, ਸਗੋਂ ਆਪਣੇ ਘਰ ਨੂੰ ਇਕਜੁੱਟ ਰੱਖਣਾ ਬਣਦੀ ਜਾ ਰਹੀ ਹੈ। ਹੁਣ ਸਾਰੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਕੀ ਹਾਈਕਮਾਨ ਚੰਨੀ, ਬਾਜਵਾ, ਵੜਿੰਗ, ਰੰਧਾਵਾ ਅਤੇ ਹੋਰ ਸੀਨੀਅਰ ਆਗੂਆਂ ਨੂੰ ਇੱਕੋ ਮੇਜ਼ ’ਤੇ ਬਿਠਾ ਕੇ ਕੋਈ ਸਾਂਝਾ ਫਾਰਮੂਲਾ ਤਿਆਰ ਕਰ ਸਕਦੀ ਹੈ। ਰਾਹੁਲ ਗਾਂਧੀ ਦੀ ਸੰਭਾਵਿਤ 15 ਸਤੰਬਰ ਦੀ ਪੰਜਾਬ ਯਾਤਰਾ ਤੋਂ ਪਹਿਲਾਂ ਜੇਕਰ ਇਹ ਮੀਟਿੰਗ ਹੁੰਦੀ ਹੈ ਤਾਂ ਇਸ ਨੂੰ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਠੰਡਾ ਕਰਨ ਲਈ ਹਾਈਕਮਾਨ ਦਾ ਸਭ ਤੋਂ ਵੱਡਾ ‘ਡੈਮੇਜ ਕੰਟਰੋਲ’ ਕਦਮ ਮੰਨਿਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਦਿੱਲੀ ਦੀ ਮੇਜ਼ ’ਤੇ ਸਿਆਸੀ ਦੂਰੀਆਂ ਘੱਟਦੀਆਂ ਹਨ ਜਾਂ ਪੰਜਾਬ ਕਾਂਗਰਸ ਦੀ ਧੜੇਬੰਦੀ 2027 ਦੀ ਚੋਣ ਤੱਕ ਵੀ ਪਾਰਟੀ ਦਾ ਪਿੱਛਾ ਕਰਦੀ ਰਹਿੰਦੀ ਹੈ।
ਵੀਰਵਾਰ ਨੂੰ ਨਵੀਂ ਦਿੱਲੀ ’ਚ ਪੰਜਾਬ ਕਾਂਗਰਸ ਨਾਲ ਸਬੰਧਿਤ ਕਈ ਸੀਨੀਅਰ ਆਗੂਆਂ ਦੀ ਮੀਟਿੰਗ ਹੋ ਚੁੱਕੀ ਹੈ। ਇਸ ਮੀਟਿੰਗ ’ਚ ਰਾਹੁਲ ਗਾਂਧੀ ਦੀ ਪ੍ਰਸਤਾਵਿਤ ਪੰਜਾਬ ਯਾਤਰਾ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਾਹੁਲ ਗਾਂਧੀ ਦੀ ਯਾਤਰਾ ਦਾ ਪ੍ਰਸਤਾਵ ਉਨ੍ਹਾਂ ਦੇ ਦਫ਼ਤਰ ਨੂੰ ਭੇਜਿਆ ਗਿਆ ਹੈ ਤੇ ਤਾਰੀਖ਼ ਜਲਦ ਤੈਅ ਕੀਤੀ ਜਾਵੇਗੀ। ਫ਼ਿਲਹਾਲ 15 ਸਤੰਬਰ ਦੇ ਆਸ-ਪਾਸ ਯਾਤਰਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਕੇਂਦਰੀ ਲੀਡਰਸ਼ਿਪ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਸੂਬਾਈ ਕਾਂਗਰਸ ਦੇ ਆਗੂਆਂ ਵਿਚਾਲੇ ਘੱਟੋ-ਘੱਟ ਸਿਆਸੀ ਤਾਲਮੇਲ ਕਾਇਮ ਹੋ ਜਾਵੇ। ਇਸੇ ਤਹਿਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਆਗੂਆਂ ਨੂੰ ਦਿੱਲੀ ਬੁਲਾਏ ਜਾਣ ਦੀ ਸੰਭਾਵਨਾ ਹੈ।
ਇਹ ਮੀਟਿੰਗ ਪੰਜਾਬ ਕਾਂਗਰਸ ਲਈ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਲੰਬੇ ਸਮੇਂ ਤੋਂ ਸੂਬੇ ਦੇ ਕਈ ਸੀਨੀਅਰ ਆਗੂਆਂ ਦੇ ਸਿਆਸੀ ਰੁਖ਼ ’ਚ ਅੰਤਰ ਖੁੱਲ੍ਹ ਕੇ ਸਾਹਮਣੇ ਆਉਂਦਾ ਰਿਹਾ ਹੈ। ਕਾਂਗਰਸ ਲਈ ਰਾਹੁਲ ਗਾਂਧੀ ਦੀ ਪੰਜਾਬ ਯਾਤਰਾ ਸਿਆਸੀ ਤੌਰ ’ਤੇ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਮੁੜ ਸੱਤਾ ਹਾਸਲ ਕਰਨ ਦੀ ਤਿਆਰੀ ਕਰ ਰਹੀ ਹੈ। ਰਾਹੁਲ ਸਾਹਮਣੇ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਜਨਤਕ ਤੌਰ ’ਤੇ ਨਾ ਆਵੇ, ਇਹ ਹਾਈਕਮਾਨ ਦੀ ਵੱਡੀ ਤਰਜ਼ੀਹ ਹੋ ਸਕਦੀ ਹੈ। ਇਸ ਲਈ ਸੀਨੀਅਰ ਆਗੂਆਂ ਨੂੰ ਦਿੱਲੀ ਬੁਲਾਉਣ ਦੀ ਕਵਾਇਦ ਨੂੰ ‘ਘਰ ਦੀ ਸਫ਼ਾਈ’ ਨਾਲ ਵੀ ਜੋੜਿਆ ਜਾ ਰਿਹਾ ਹੈ। ਹਾਈਕਮਾਨ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਪੰਜਾਬ ’ਚ ਪਾਰਟੀ ਦੇ ਆਗੂਆਂ ਨਾਲ ਇਕੱਠੇ ਮੰਚ ’ਤੇ ਨਜ਼ਰ ਆਉਣ ਅਤੇ ਵਰਕਰਾਂ ਨੂੰ ਇਹ ਸੁਨੇਹਾ ਮਿਲੇ ਕਿ ਪਾਰਟੀ ਅੰਦਰਲੇ ਮਤਭੇਦਾਂ ਤੋਂ ਉੱਪਰ ਉੱਠ ਕੇ ਚੋਣ ਜੰਗ ਲਈ ਤਿਆਰ ਹੈ।
ਵੱਡੇ ਸੰਗਠਨਾਤਮਕ ਫ਼ੈਸਲਿਆਂ ਦੇ ਸੰਕੇਤ
ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਪੰਜਾਬ ਕਾਂਗਰਸ ਨੂੰ ਲੈ ਕੇ ਕੁੱਝ ਅਹਿਮ ਸੰਗਠਨਾਤਮਕ ਫ਼ੈਸਲੇ ਵੀ ਲਏ ਜਾ ਸਕਦੇ ਹਨ। ਹਾਲਾਂਕਿ ਇਨ੍ਹਾਂ ਫ਼ੈਸਲਿਆਂ ਦੀ ਕੋਈ ਅਧਿਕਾਰਤ ਤਸਵੀਰ ਸਾਹਮਣੇ ਨਹੀਂ ਆਈ ਪਰ ਜਿਸ ਤਰੀਕੇ ਨਾਲ ਹਾਈਕਮਾਨ ਨੇ ਪੰਜਾਬ ਦੇ ਧੜਿਆਂ ਨਾਲ ਸੰਪਰਕ ਵਧਾਇਆ ਹੈ, ਉਸ ਤੋਂ ਸਪੱਸ਼ਟ ਹੈ ਕਿ ਪਾਰਟੀ 2027 ਦੀਆਂ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਲੈ ਕੇ ਕੋਈ ਨਾ ਕੋਈ ਵੱਡੀ ਕਵਾਇਦ ਕਰਨਾ ਚਾਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
