ED ਤੇ ਪੰਜਾਬ ਸਰਕਾਰ 'ਚ ਵਧਿਆ ਟਕਰਾਅ, ਇਹ ਭਾਜਪਾ ਦੀ ਬਦਨਾਮ ਕਰੋ ਮੁਹਿੰਮ ਦਾ ਹਿੱਸਾ : ਅਮਨ ਅਰੋੜਾ

Wednesday, Sep 02, 2026 - 10:13 PM (IST)

ED ਤੇ ਪੰਜਾਬ ਸਰਕਾਰ 'ਚ ਵਧਿਆ ਟਕਰਾਅ, ਇਹ ਭਾਜਪਾ ਦੀ ਬਦਨਾਮ ਕਰੋ ਮੁਹਿੰਮ ਦਾ ਹਿੱਸਾ : ਅਮਨ ਅਰੋੜਾ

ਚੰਡੀਗੜ੍ਹ - ਪੰਜਾਬ ਸਰਕਾਰ ਅਤੇ ਈਡੀ ਵਿਚਾਲੇ ਟਕਰਾਅ ਤੇਜ਼ ਹੋ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਿੱਥੇ ਪੰਜਾਬ ਪੁਲਸ ਨੂੰ ਤੀਜੀ ਵਾਰ ਚਿੱਠੀ ਲਿਖੀ ਗਈ ਹੈ ਅਤੇ ਈਡੀ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਪੰਜਾਬ ਪੁਲਸ ਨੂੰ ਤੁਰੰਤ ਐਫ.ਆਈ.ਆਰ. ਦਰਜ ਕਰਨੀ ਚਾਹੀਦੀ ਹੈ ਅਤੇ ਇਸ ਸਬੰਧੀ ਹਾਈ ਕੋਰਟ 'ਚ 3 ਸਤੰਬਰ ਨੂੰ ਜਿਹੜੀ ਸੁਣਵਾਈ ਹੋਣੀ ਹੈ ਉਸ ਤੋਂ ਪਹਿਲਾਂ ਐਫ.ਆਈ.ਆਰ. ਦਰਜ ਦੀ ਇੱਕ ਕਾਪੀ ਈਡੀ ਨੂੰ ਮੁਹੱਈਆ ਕਰਵਾਉਣ ਦੀ ਵੀ ਗੱਲ ਕੀਤੀ ਗਈ ਹੈ।

ਈਡੀ ਨੇ ਹਾਈ ਕੋਰਟ ਨੂੰ 200 ਪੰਨਿਆਂ ਦੀ ਰਿਪੋਰਟ ਸੌਂਪੀ ਜਿਸ ਵਿੱਚ ਪੰਜਾਬ ਸਰਕਾਰ ਵਿੱਚ ਤਬਾਦਲਿਆਂ, ਤਾਇਨਾਤੀਆਂ ਅਤੇ ਟੈਂਡਰਾਂ ਸਬੰਧੀ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਗਿਆ ਹੈ। ਈਡੀ ਦਾ ਦਾਅਵਾ ਹੈ ਕਿ 30 ਜੁਲਾਈ ਤੋਂ ਵਾਰ-ਵਾਰ ਬੇਨਤੀਆਂ ਅਤੇ ਯਾਦ-ਪੱਤਰ ਭੇਜਣ ਦੇ ਬਾਵਜੂਦ ਪੰਜਾਬ ਪੁਲਸ ਐਫ.ਆਈ.ਆਰ. ਦਰਜ ਕਰਨ ਵਿੱਚ ਅਸਫਲ ਰਹੀ।

ਈਡੀ ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਪੁਲਸ ਨੇ ਵੀ ਈਡੀ ਦੇ ਅਧਿਕਾਰੀ ਨੂੰ ਤਲਬ ਕਰ ਲਿਆ ਹੈ। ਪਹਿਲਾਂ ਈਡੀ ਅਧਿਕਾਰੀ ਨੂੰ 1 ਸਤੰਬਰ ਨੂੰ ਪੰਜਾਬ ਪੁਲਸ ਦੇ ਮੁੱਖ ਦਫਤਰ ਵਿਖੇ ਬੁਲਾਇਆ ਗਿਆ ਸੀ ਪਰ ਉਹ ਦਫਤਰ ਨਹੀਂ ਪਹੁੰਚੇ। ਜਦਕਿ ਹੁਣ ਉਹਨਾਂ ਨੂੰ 3 ਸਤੰਬਰ ਨੂੰ ਬੁਲਾਇਆ ਗਿਆ ਹੈ।

ਦੂਜੇ ਪਾਸੇ ਮੰਤਰੀ ਅਮਨ ਅਰੋੜਾ ਨੇ ਵੀ ਈਡੀ ਦੀ ਇਸ ਕਾਰਵਾਈ 'ਤੇ ਗੰਭੀਰ ਦੋਸ਼ ਲਗਾਏ ਹਨ। ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਅਤੇ ਭਾਜਪਾ 'ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋ ਕਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਭਾਜਪਾ ਦਾ ਮਕਸਦ ਪੰਜਾਬ ਵਿੱਚ ਮਾਹੌਲ ਖਰਾਬ ਕਰਨਾ, ਆਪ ਦੀ ਸੀਨੀਅਰ ਲੀਡਰਸ਼ਿਪ ਨੂੰ ਮਾਮਲਿਆਂ ਵਿੱਚ ਉਲਝਾਉਣਾ ਅਤੇ ਅਧਿਕਾਰੀਆਂ 'ਤੇ ਦਬਾਅ ਬਣਾਉਣਾ ਹੈ। 

ਅਰੋੜਾ ਨੇ ਦੋਸ਼ ਲਗਾਇਆ ਕਿ ਈਡੀ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਅਰੋੜਾ ਮੁਤਾਬਕ ਈਡੀ ਨੇ ਪੰਜਾਬ ਪੁਲਸ ਨੂੰ ਤੀਸਰੀ ਚਿੱਠੀ ਲਿਖ ਕੇ ਐਫ.ਆਈ.ਆਰ. ਦਰਜ ਕਰਨ ਨੂੰ ਕਿਹਾ ਹੈ। ਪੰਜਾਬ ਪੁਲਸ ਨੇ 28 ਅਗਸਤ ਨੂੰ ਕੇਸ ਨਾਲ ਜੁੜੇ ਦਸਤਾਵੇਜ ਅਤੇ ਸਬੂਤ ਮੰਗੇ ਸਨ ਅਤੇ ਈਡੀ ਅਧਿਕਾਰੀ ਨੂੰ 1 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਉਹਨਾਂ ਨੇ ਦਾਅਵਾ ਕੀਤਾ ਕਿ ਅਜੇ ਤੱਕ ਕੋਈ ਅਧਿਕਾਰੀ ਪੇਸ਼ ਨਹੀਂ ਹੋਇਆ। ਅਮਨ ਅਰੋੜਾ ਨੇ ਮੰਗ ਕੀਤੀ ਕਿ ਜਿਹੜੇ ਚੈਟ ਅਤੇ ਸਕ੍ਰੀਨਸ਼ੌਟ ਦੀ ਈਡੀ ਗੱਲ ਕਰ ਰਿਹਾ ਹੈ ਉਸ ਨੂੰ ਸਿੱਧੇ ਤੌਰ 'ਤੇ ਪੇਸ਼ ਕੀਤਾ ਜਾਵੇ ਅਤੇ ਇਹਨਾਂ ਸਰੋਤਾਂ ਦੇ ਅਧਾਰ ਤੇ ਗੱਲ ਕੀਤੀ ਜਾਵੇ।

ਈ.ਡੀ. ਵੱਲੋਂ 31 ਅਗਸਤ ਨੂੰ ਭੇਜੇ ਗਏ ਤੀਜੇ ਪੱਤਰ ਦੇ ਜਵਾਬ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਇਹ ਪੂਰਾ ਮਾਮਲਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਆਸੀ ਬਦਨਾਮੀ ਮੁਹਿੰਮ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ‘ਆਪ’ ਸਰਕਾਰ ਅਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਨ ਲਈ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਨੂੰ ਆਪਣੇ ਹਥਿਆਰ ਵਜੋਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਈਡੀ ਵੱਲੋਂ ਜੋ ਦਸਤਾਵੇਜ਼ ਭੇਜੇ ਗਏ ਹਨ, ਉਹ ਪੜ੍ਹਨਯੋਗ ਹੀ ਨਹੀਂ ਹਨ। ਈਡੀ ਕਦੇ ਉਨ੍ਹਾਂ ਦਾ, ਕਦੇ ਉਨ੍ਹਾਂ ਦੇ ਸਾਥੀ ਲਾਲ ਚੰਦ ਕਟਾਰੂਚੱਕ ਦਾ ਨਾਂ ਲੈਂਦੀ ਹੈ ਅਤੇ ਇਸ ਤੋਂ ਪਹਿਲਾਂ ਸੰਜੀਵ ਅਰੋੜਾ ਨੂੰ ਵੀ ਬਿਨਾਂ ਕਿਸੇ ਠੋਸ ਆਧਾਰ ਦੇ ਗ੍ਰਿਫ਼ਤਾਰ ਕੀਤਾ ਗਿਆ ਸੀ।
 


author

Inder Prajapati

Content Editor

Related News