11 ਕਿੱਲੋ ਹੈਰੋਇਨ ਦੇ ਮਾਮਲੇ ''ਚ ਬੀ. ਐੱਸ. ਐੱਫ਼. ਦਾ ਸਿਪਾਹੀ ਗ੍ਰਿਫਤਾਰ
Thursday, Nov 19, 2020 - 12:50 AM (IST)
ਚੰਡੀਗੜ੍ਹ,(ਰਮਨਜੀਤ)- ਬੀਤੇ ਦਿਨ ਬਰਾਮਦ 11 ਕਿਲੋਗ੍ਰਾਮ ਹੈਰੋਇਨ ਦੀ ਖੇਪ ਦੀ ਜਾਂਚ ਸਬੰਧੀ ਅਗਲੀ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਅੱਜ ਪਾਕਿਸਤਾਨ ਦੀ ਸਹਾਇਤਾ ਪ੍ਰਾਪਤ ਸਮੱਗਲਰ ਦੀ ਗੁੱਥੀ ਹੱਲ ਕਰਦਿਆਂ ਮੁੱਖ ਦੋਸ਼ੀ ਬੀ. ਐੱਸ. ਐੱਫ਼. ਸਿਪਾਹੀ ਅਤੇ ਉਸ ਦੇ 2 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ 2 ਵਾਰ ਨਸ਼ੇ ਦੀਆਂ ਖੇਪਾਂ ਦੇ ਨਾਲ ਸਰਹੱਦ ਪਾਰੋਂ ਭੇਜੇ ਗਏ ਹਥਿਆਰ ਵੀ ਬਰਾਮਦ ਕੀਤੇ ਹਨ। ਉਸ ਦੀ ਗ੍ਰਿਫਤਾਰੀ ਦੇ ਨਾਲ ਇਸ ਮਾਮਲੇ ਵਿਚ ਹੁਣ ਤਕ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਅੱਜ ਸਾਂਝੀ ਕਾਰਵਾਈ ਤਹਿਤ ਜਲੰਧਰ ਦਿਹਾਤੀ ਪੁਲਸ ਨੇ ਤਾਲਮੇਲ ਕਰਕੇ ਗੰਗਾਨਗਰ (ਰਾਜਸਥਾਨ) ਸਥਿਤ ਬੀ.ਐੱਸ.ਐਫ਼. ਦੇ ਕੰਪਲੈਕਸ ਤੋਂ ਗ੍ਰਿਫ਼ਤਾਰ ਕੀਤੇ ਗਏ ਸਿਪਾਹੀ ਬਰਿੰਦਰ ਸਿੰਘ ਕੋਲੋਂ ਇਕ 0.30 ਦਾ ਵਿਦੇਸ਼ੀ ਪਿਸਤੌਲ, 1 ਬੁਲੇਟ ਮੋਟਰਸਾਈਕਲ ਅਤੇ 745 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਅੱਜ 2 ਹੋਰ ਮੁਲਜ਼ਮਾਂ ਬਲਕਾਰ ਸਿੰਘ ਬੱਲੀ ਪੁੱਤਰ ਗੁਰਮੇਲ ਸਿੰਘ ਵਾਸੀ ਸ੍ਰੀਕਰਨਪੁਰ (ਗੰਗਾਨਗਰ) ਅਤੇ ਜਗਮੋਹਨ ਸਿੰਘ ਜੱਗੂ ਵਾਸੀ ਗੰਗਾਨਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਕੱਲ ਗ੍ਰਿਫਤਾਰ ਕੀਤੇ ਗਏ 4 ਨਸ਼ਾ ਅਤੇ ਹਥਿਆਰ ਸਮੱਗਲਰਾਂ ਵਿਚ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਿਲਸਾ ਥਾਣਾ ਸਦਰ ਫਿਰੋਜ਼ਪੁਰ, ਹਰਜਿੰਦਰਪਾਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਕਿਲਸਾ ਥਾਣਾ ਸਦਰ ਫਿਰੋਜ਼ਪੁਰ, ਸੰਜੀਤ ਉਰਫ਼ ਮਿੰਟੂ ਪੁੱਤਰ ਅਨੈਤ ਰਾਮ ਵਾਸੀ ਮੁਹੱਲਾ ਭਾਰਤ ਨਗਰ, ਫਿਰੋਜ਼ਪੁਰ, ਕਿਸ਼ਨ ਸਿੰਘ ਉਰਫ਼ ਦੌਲਤ ਪੁੱਤਰ ਗੁਰਦੇਵ ਸਿੰਘ ਵਾਸੀ 14-ਐੱਸ. ਮਾਜੀਵਾਲ, ਥਾਣਾ ਕਰਨਪੁਰ ਜ਼ਿਲਾ ਗੰਗਾਨਗਰ, ਰਾਜਸਥਾਨ ਸ਼ਾਮਲ ਹਨ।