ਜੇਲ ''ਚੋਂ ਹੈਰੋਇਨ ਸਪਲਾਈ ਦਾ ਨਵਾਂ ਮਾਮਲਾ ਸਾਹਮਣੇ ਆਇਆ, ਨਾਈਜੀਰੀਅਨ ਮੁਲਜ਼ਮ ਨੇ ਕੀਤੇ ਵੱਡੇ ਖੁਲਾਸੇ

Tuesday, Jun 13, 2017 - 06:26 PM (IST)

ਜੇਲ ''ਚੋਂ ਹੈਰੋਇਨ ਸਪਲਾਈ ਦਾ ਨਵਾਂ ਮਾਮਲਾ ਸਾਹਮਣੇ ਆਇਆ, ਨਾਈਜੀਰੀਅਨ ਮੁਲਜ਼ਮ ਨੇ ਕੀਤੇ ਵੱਡੇ ਖੁਲਾਸੇ

ਜਗਰਾਓਂ (ਜਸਬੀਰ ਸ਼ੇਤਰਾ) : ਜੇਲਾਂ 'ਚ ਨਸ਼ੇ ਮਿਲਣ ਦੀ ਰਿਪੋਰਟਾਂ ਅਕਸਰ ਸਾਹਮਣੇ ਆਉਂਦੀਆਂ ਹਨ ਪਰ ਹੁਣ ਜੇਲ 'ਚ ਬੈਠ ਕੇ ਹੀ ਹੈਰੋਇਨ ਸਪਲਾਈ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਗਰਾਓਂ ਪੁਲਸ ਜੇਲ ਤੋਂ ਇਕ ਨਾਈਜੀਰੀਅਨ ਮੂਲ ਦੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ ਜਿਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਜੇਲ 'ਚ ਬੈਠ ਕੇ ਹੀ ਆਪਣੇ ਸਾਥੀਆਂ ਦੇ ਨਾਲ ਨਾ ਸਿਰਫ ਸੰਪਰਕ 'ਚ ਰਹਿੰਦਾ ਸੀ ਸਗੋਂ ਉਨ੍ਹਾਂ ਨੂੰ ਹੈਰੋਇਨ ਡਲਿਵਰੀ ਸਬੰਧੀ ਹਦਾਇਤਾਂ ਵੀ ਦਿੰਦਾ ਸੀ। ਇੰਨਾ ਹੀ ਨਹੀਂ ਪੁਲਸ ਨੇ ਇਸ ਨਾਈਜੀਰੀਅਨ ਮੂਲ ਦੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਇਥੇ ਇਕ ਕਿੱਲੋ ਹੈਰੋਇਨ ਦੀ ਬਰਾਮਦਗੀ ਵੀ ਕੀਤੀ ਹੈ। ਇਥੇ ਪੁਲਸ ਲਾਈਨ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਲੰਧਰ ਜ਼ੋਨ ਦੇ ਆਈ.ਜੀ. ਅਰਪਿਤ ਸ਼ੁਕਲਾ, ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਯੁਰਿੰਦਰ ਸਿੰਘ ਹੇਅਰ ਅਤੇ ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ ਨੂੰ ਡਰੱਗ ਤਸਕਰੀ ਦੀ ਸਪਲਾਈ ਲਾਈਨ ਖ਼ਤਮ ਕਰਨ 'ਚ ਵੱਡੀ ਸਫਲਤਾ ਮਿਲ ਰਹੀ ਹੈ ਜਿਸ ਤਹਿਤ ਹੁਣ ਮੁੱਖ ਤਸਕਰ ਫੜੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਗਰਾਓਂ ਪੁਲਸ ਨੇ ਪਿੱਛੇ ਜਿਹੇ 2 ਦੋ ਨਾਈਜੀਰੀਅਨ ਨਾਗਰਿਕ ਸਲੈਸਟਨ ਅਤੇ ਸੈਂਡੇ ਨੂੰ ਕਾਬੂ ਕੀਤਾ ਸੀ ਜੋ ਪੰਜਾਬ 'ਚ ਦਿੱਲੀ ਤੋਂ ਹੈਰੋਇਨ ਦੀ ਸਪਲਾਈ ਕਰਦੇ ਸਨ। ਉਨ੍ਹਾਂ ਤੋਂ 2 ਕਿਲੋ ਹੈਰੋਇਨ ਬਰਾਮਦਗੀ ਸਮੇਂ ਮੁਕੱਦਮਾ ਨੰਬਰ 129 ਦਰਜ ਕੀਤਾ ਗਿਆ ਸੀ। ਇਨ੍ਹਾਂ ਦੋਹਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਉਹ ਹੈਰੋਇਨ ਦੀ ਸਪਲਾਈ ਜੇਲਾਂ 'ਚ ਬੈਠੇ ਆਪਣੇ ਸਾਥੀਆਂ ਦੀ ਮਦਦ ਨਾਲ ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਕਰਦੇ ਹਨ। ਇਸ 'ਤੇ ਸੀ.ਆਈ.ਏ. ਸਟਾਫ ਜਗਰਾਓਂ ਦੇ ਇੰਚਾਰਜ ਇੰਸਪੈਕਟਰ ਲਖਵੀਰ ਸਿੰਘ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੇਲ 'ਚ ਬੰਦ ਉਕਤ ਮੁਲਜ਼ਮਾਂ ਦੇ ਹੀ ਤੀਜੇ ਸਾਥੀ ਫੈਲਿਕਸ (ਨਾਈਜੀਰੀਆ) ਹਾਲ ਵਾਸੀ 42 ਸੰਤ ਨਗਰ ਦਿੱਲੀ ਨੂੰ ਜੇਲ 'ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ। ਮੁਲਜ਼ਮ ਦਾ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਹ ਜੇਲ 'ਚ ਵੀ ਲਗਾਤਾਰ ਆਪਣੇ ਦਿੱਲੀ ਬੈਠੇ ਸਾਥੀਆਂ ਦੇ ਸੰਪਰਕ 'ਚ ਰਿਹਾ ਹੈ। ਉਹ ਜੇਲ 'ਚ ਹੀ ਹੈਰੋਇਨ ਦੇ ਗਾਹਕ ਤਲਾਸ਼ਦਾ ਅਤੇ ਫਿਰ ਦਿੱਲੀ ਬੈਠੇ ਸਾਥੀਆਂ ਨੂੰ ਹੈਰੋਇਨ ਦੀ ਖੇਪ ਪੰਜਾਬ ਭੇਜਣ ਲਈ ਆਰਡਰ ਦੇ ਦਿੰਦਾ ਜੋ ਉਸ ਦੀ ਦੱਸੀ ਜਗ੍ਹਾ 'ਤੇ ਹੈਰੋਇਨ ਦੀ ਖੇਪ ਪਹੁੰਚਾ ਦਿੰਦੇ। ਜੇਲ 'ਚ ਬੰਦ ਇਸ ਦੇ ਗਾਹਕ ਆਪਣੇ ਬਾਹਰ ਬੈਠੇ ਸਾਥੀਆਂ ਨੂੰ ਉਹ ਜਗ੍ਹਾ ਦੱਸ ਕੇ ਉਥੋਂ ਖੇਪ ਚੁੱਕਵਾ ਲੈਂਦੇ। ਕੁਝ ਸਮਾਂ ਪਹਿਲਾਂ ਵੀ ਇਸ ਨੇ ਇਕ ਕਿੱਲੋ ਹੈਰੋਇਨ ਆਪਣੇ ਦਿੱਲੀ 'ਚ ਬੈਠੇ ਸਾਥੀਆਂ ਤੋਂ ਮੰਗਵਾਈ ਸੀ ਅਤੇ ਗਾਹਕਾਂ ਦੀ ਦੱਸੀ ਹੋਈ ਜਗ੍ਹਾ ਜੀ.ਟੀ. ਰੋਡ ਪਿੰਡ ਸੋਹੀਆਂ ਫਲਾਈ ਓਵਰ (ਨੇੜੇ ਜਗਰਾਓਂ) ਦੇ ਨੇੜੇ ਦਰੱਖਤ ਨੰਬਰ 80 ਥੱਲੇ ਦੱਬ ਦਿੱਤੀ ਸੀ ਜੋ ਗਾਹਕਾਂ ਨੇ ਉਸ ਜਗ੍ਹਾ ਤੋਂ ਚੁੱਕਣੀ ਸੀ। ਪਰ ਇਹ ਮੁਲਜ਼ਮ ਪੁਲਸ ਰਿਮਾਂਡ 'ਤੇ ਹੋਣ ਕਰਕੇ ਗਾਹਕਾਂ ਨਾਲ ਸੰਪਰਕ ਨਹੀਂ ਕਰ ਸਕਿਆ ਜੋ ਅੱਜ ਇਸ ਦੇ ਦੱਸਣ 'ਤੇ ਪੁਲਸ ਪਾਰਟੀ ਨੇ ਉਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਉਥੋਂ ਇਕ ਕਿੱਲੋ ਹੈਰੋਇਨ ਬਰਾਮਦ ਕਰਵਾਈ ਹੈ।


Related News