ਹੈਰੋਇਨ ਸਮੇਤ ਲੜਕੀ ਨੂੰ ਕੀਤਾ ਗ੍ਰਿਫਤਾਰ, ਮਾਮਲਾ ਦਰਜ

Saturday, Jul 01, 2023 - 06:31 PM (IST)

ਹੈਰੋਇਨ ਸਮੇਤ ਲੜਕੀ ਨੂੰ ਕੀਤਾ ਗ੍ਰਿਫਤਾਰ, ਮਾਮਲਾ ਦਰਜ

ਮਲੋਟ (ਜੁਨੇਜਾ) : ਜ਼ਿਲ੍ਹਾ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਸਿਟੀ ਮਲੋਟ ਪੁਲਸ ਨੇ ਇਕ ਲੜਕੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ। ਇਕ ਹੋਰ ਮਾਮਲੇ ਵਿਚ ਲੰਬੀ ਪੁਲਸ ਨੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਲਾਹਣ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਐੱਸ.ਐੱਚ.ਓ.ਸਿਟੀ ਮਲੋਟ ਐੱਸ.ਆਈ. ਨਵਪ੍ਰੀਤ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀ.ਐੱਸ.ਪੀ.ਮਲੋਟ ਦੀਆਂ ਹਦਾਇਤਾਂ ਤੇ ਏ. ਐੱਸ. ਆਈ. ਜਸਮੇਲ ਸਿੰਘ ਅਤੇ ਏ. ਐੱਸ. ਆਈ. ਕਰਨੈਲ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਤਲਾਸ਼ ਮੁਹਿੰਮ ਤਹਿਤ ਦਾਨੇਵਾਲਾ ਤੋਂ ਮਲੋਟ ਵੱਲ ਆ ਰਹੇ ਸਨ ਕਿ ਟਰੱਕ ਪੁਲਸ ਯੂਨੀਅਨ ਨੇੜੇ ਬੱਤੀਆਂ ਵਾਲਾ ਚੌਂਕ ਮਲੋਟ ਵਿਖੇ ਪੁਲਸ ਨੇ ਇਕ ਲੜਕੀ ਨੂੰ ਸ਼ੱਕੀ ਹਾਲਤ ਵਿਚ ਵੇਖਿਆ ਜਿਸ ਦੇ ਹੱਥ ਵਿਚ ਮੋਮੀ ਲਿਫਾਫਾ ਸੀ। ਉਕਤ ਲੜਕੀ ਪੁਲਸ ਨੂੰ ਵੇਖ ਕਿ ਘਬਰਾ ਗਈ। ਪੁਲਸ ਟੀਮ ਨੇ ਉਕਤ ਲੜਕੀ ਨੂੰ ਰੋਕ ਕਿ ਉਸਦਾ ਨਾਮ ਪਤਾ ਪੁੱਛਿਆ ਤਾਂ ਉਸਦੀ ਸ਼ਨਾਖਤ ਜੋਬਨਪ੍ਰੀਤ ਕੌਰ ਪੁੱਤਰੀ ਰਾਜਬੀਰ ਸਿੰਘ ਵਾਸੀ ਢਾਣੀ ਸ਼ਾਮ ਖੇੜਾ ਤੋਂ ਗੁਰੂਸਰ ਰੋਡ ਪਿੰਡ ਗੁਰੂਸਰ ਯੋਧਾ ਹਾਲ ਅਬਾਦ ਰਾਮ ਸਿੰਘ ਆਰੇਵਾਲਾ ਵਾਲੀ ਗਲੀ ਨੰਬਰ 8 ਮਲੋਟ ਵਜੋਂ ਹੋਈ। 

ਪੁਲਸ ਟੀਮ ਨੇ ਮਹਿਲਾ ਕਾਂਸਟੇਬਲ ਤੋਂ ਲੜਕੀ ਦੀ ਤਲਾਸ਼ੀ ਕਰਾਈ ਤਾਂ ਉਸ ਪਾਸੋਂ 17 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਲੜਕੀ ਨੂੰ ਹਿਰਾਸਤ ਵਿਚ ਲੈਕੇ ਉਸਦੇ ਵਿਰੁੱਧ ਸਿਟੀ ਮਲੋਟ ਥਾਣੇ ਵਿਖੇ ਐੱਫ. ਆਈ. ਆਰ.ਨੰਬਰ 97 ਮਿਤੀ 30/6/23 ਅ/ਧ 21 ਬੀ/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਗ੍ਰਿਫਤਾਰ ਲੜਕੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।


author

Gurminder Singh

Content Editor

Related News