ਚੰਡੀਗੜ੍ਹ ''ਚ ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ ''ਚ ਨਿਲਾਮੀ ਜਾਰੀ, ਦਿੱਤੀ ਗਈ ਸ਼ਿਕਾਇਤ
Monday, Oct 10, 2022 - 02:42 PM (IST)
ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਨਿਲਾਮੀ ਵਿਦੇਸ਼ਾਂ 'ਚ ਹੋ ਰਹੀ ਹੈ, ਜੋ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੁਕਣ ਦਾ ਨਾਂ ਨਹੀਂ ਲੈ ਰਹੀ। ਹੁਣ ਪਿਛਲੇ ਪੰਜ ਦਿਨਾਂ 'ਚ ਤਿੰਨ ਨਿਲਾਮੀਆਂ ਰਾਹੀਂ ਸ਼ਹਿਰ ਦਾ ਵਿਰਾਸਤੀ ਫਰਨੀਚਰ 3.41 ਕਰੋੜ 'ਚ ਨਿਲਾਮ ਹੋਇਆ ਹੈ। ਇਸ ਸਬੰਧੀ ਸ਼ਹਿਰ ਦੇ ਵਕੀਲ ਅਜੇ ਜੱਗਾ ਨੇ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਸ਼ਿਕਾਇਤ ਭੇਜ ਕੇ ਕਿਹਾ ਹੈ ਕਿ ਹੈਰੀਟੇਜ ਫਰਨੀਚਰ ਦੀ ਸੁਰੱਖਿਆ ਲਈ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਵਿੱਖ 'ਚ ਅਜਿਹੀਆਂ ਨਿਲਾਮੀਆਂ ਰੋਕਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਫਰਨੀਚਰ ਨੂੰ ਸੰਭਾਲਣ ਸਬੰਧੀ ਸੰਸਦ ਨੂੰ ਫ਼ੈਸਲਾ ਲੈਣਾ ਚਾਹੀਦਾ ਹੈ।
ਜੱਗਾ ਨੇ ਦੱਸਿਆ ਕਿ 2 ਅਕਤੂਬਰ ਨੂੰ ਫਰਾਂਸ ਵਿਚ 37.70 ਲੱਖ 'ਚ ਚਾਰ ਵਸਤੂਆਂ ਦੀ ਨਿਲਾਮੀ ਹੋਈ ਸੀ, ਜਦਕਿ 6 ਅਕਤੂਬਰ ਨੂੰ ਫਰਾਂਸ 'ਚ ਹੀ 11 ਵਸਤੂਆਂ 2.99 ਕਰੋੜ 'ਚ ਵਿਕੀਆਂ ਸਨ ਅਤੇ 4 ਅਕਤੂਬਰ ਨੂੰ ਲੰਡਨ, ਯੂ. ਕੇ. 'ਚ 1 ਆਈਟਮ 3.67 ਲੱਖ ਰੁਪਏ 'ਚ ਨਿਲਾਮ ਹੋਈ। ਇਸ 'ਚ ਪ੍ਰਬੰਧਕੀ ਇਮਾਰਤ ਦੀਆਂ ਦੋ ਕੁਰਸੀਆਂ ਦਾ ਸੈੱਟ, ਛੋਟਾ ਡੈਸਕ, ਡੀ. ਏ. ਵੀ. ਕਾਲਜ ਚੰਡੀਗੜ੍ਹ ਦੇ ਬੈਂਚ, ਪੀ. ਯੂ. ਭੂ-ਵਿਗਿਆਨ ਵਿਭਾਗ ਦੇ ਤਿੰਨ ਸਟੂਲ ਅਤੇ ਹੋਰ ਹੈਰੀਟੇਜ ਵਸਤੂਆਂ ਸ਼ਾਮਲ ਹਨ। ਜੱਗਾ ਨੇ ਕਿਹਾ ਕਿ ਵਿਰਾਸਤੀ ਫਰਨੀਚਰ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।
ਹੈਰੀਟੇਜ ਫਰਨੀਚਰ ਦੀ ਅਜਿਹੀ ਹਰ ਤਰ੍ਹਾਂ ਦੀ ਨਿਲਾਮੀ ਨੂੰ ਰੋਕਣ ਦੇ ਨਾਲ-ਨਾਲ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਆਖ਼ਰ ਇਹ ਵਿਰਾਸਤੀ ਫਰਨੀਚਰ ਦੇਸ਼ ਤੋਂ ਬਾਹਰ ਕਿਵੇਂ ਪਹੁੰਚ ਰਿਹਾ ਹੈ? ਜਿਹੜਾ ਵੀ ਫਰਨੀਚਰ ਦੀ ਸਮੱਗਲਿੰਗ 'ਚ ਸ਼ਾਮਲ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਇਸ ਦੀ ਚੋਰੀ ਨੂੰ ਰੋਕਣ ਲਈ ਸਥਾਨਕ ਪੱਧਰ ’ਤੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਕੋਲ ਉਠਾਉਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਸਤਾਂ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਵਰਤੇ ਗਏ ਦਸਤਾਵੇਜਾਂ ਦੀ ਜਾਂਚ ਹੋਣੀ ਚਾਹੀਦੀ ਹੈ।