ਨੌਜਵਾਨਾਂ ਨੂੰ ਲੋੜਵੰਦਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦੈ : ਵਿਜੇ ਚੋਪੜਾ

Saturday, Sep 09, 2017 - 08:18 AM (IST)

ਨੌਜਵਾਨਾਂ ਨੂੰ ਲੋੜਵੰਦਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦੈ : ਵਿਜੇ ਚੋਪੜਾ

ਪਟਿਆਲਾ (ਜੋਸਨ, ਇੰਦਰਪ੍ਰੀਤ) - 'ਪੰਜਾਬ ਕੇਸਰੀ ਗਰੁੱਪ' ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਲੋੜਵੰਦਾਂ ਦੀ ਮਦਦ ਤੇ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਸ਼੍ਰੀ ਚੋਪੜਾ ਇਥੇ ਯੂਥ ਫੈੱਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਭਲਵਾਨ ਦੀ ਅਗਵਾਈ ਹੇਠ ਉਨ੍ਹਾਂ ਦੇ ਕੀਤੇ ਸਨਮਾਨ ਮੌਕੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਯੂਥ ਫੈੱਡਰੇਸ਼ਨ ਆਫ ਇੰਡੀਆ ਵੱਲੋਂ ਪ੍ਰਧਾਨ ਪਰਮਿੰਦਰ ਭਲਵਾਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਸਮਾਜ-ਸੇਵੀ ਕਾਰਜ ਸ਼ਲਾਘਾਯੋਗ ਹਨ। ਇਨ੍ਹਾਂ ਦੀ ਟੀਮ ਬਗੈਰ ਕਿਸੇ ਸੁਆਰਥ ਦੇ ਲੋੜਵੰਦਾਂ ਦੀ ਸੇਵਾ ਵਿਚ ਲੱਗੀ ਹੋਈ ਹੈ।
ਇਸ ਮੌਕੇ ਪਰਮਿੰਦਰ ਭਲਵਾਨ ਨੇ ਕਿਹਾ ਕਿ ਅਹਿਮ ਸੰਸਥਾ ਯੂਥ ਫੈੱਡਰੇਸ਼ਨ ਆਫ ਇੰਡੀਆ 1998 ਤੋਂ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਸਮਾਜ-ਸੇਵੀ ਕਾਰਜ ਬਗੈਰ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਮਦਦ ਦੇ ਬੜੀ ਸੰਜੀਦਗੀ ਨਾਲ ਕਰ ਰਹੀ ਹੈ, ਜਿਸ 'ਚ ਖੂਨਦਾਨ ਕੈਂਪ, ਮੈਡੀਕਲ ਕੈਂਪ, ਲੋੜਵੰਦ ਬੱਚਿਆਂ ਲਈ ਪੜ੍ਹਾਈ ਵਿਚ ਮਦਦ, ਲੋੜਵੰਦ ਲੜਕੀਆਂ ਦੇ ਵਿਆਹ 'ਚ ਮਦਦ, ਮੁਫ਼ਤ ਸਿਲਾਈ-ਕਢਾਈ, ਕੰਪਿਊਟਰ ਸੈਂਟਰ ਖੋਲ੍ਹਣ, ਵਾਤਾਵਰਣ ਸ਼ੁੱਧਤਾ ਲਈ ਸੈਮੀਨਾਰ ਕਰਵਾਉਣੇ, ਬੂਟੇ ਲਾਉਣੇ, ਸਮਾਜਿਕ ਕੁਰੀਤੀਆਂ, ਨਸ਼ਿਆਂ, ਕਾਰ ਪ੍ਰਥਾ, ਭਰੂਣ ਹੱਤਿਆ ਤੇ ਏਡਜ਼ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ, ਸੈਮੀਨਾਰ ਤੇ ਰੈਲੀਆਂ ਕਰਵਾ ਕੇ ਜਾਗਰੂਕ ਕਰਨਾ ਹੈ। ਵਿਸ਼ੇਸ਼ ਤੌਰ 'ਤੇ ਵੱਖ-ਵੱਖ ਬਲੱਡ ਬੈਂਕਾਂ ਵਿਚ ਹੁਣ ਤੱਕ ਯੂਥ ਕਲੱਬਾਂ ਦੇ ਸਹਿਯੋਗ ਨਾਲ 60 ਤੋਂ ਉੱਪਰ ਖੂਨਦਾਨ ਕੈਂਪ ਲਾ ਕੇ 23 ਹਜ਼ਾਰ ਰੁਪਏ ਦੇ ਕਰੀਬ ਯੂਨਿਟ ਇਕੱਤਰ ਕਰ ਕੇ ਦਿੱਤੇ ਜਾ ਚੁੱਕੇ ਹਨ।
 ਇਸ ਦੌਰਾਨ ਉੱਘੀ ਸਮਾਜ ਸੇਵਿਕਾ ਸਤਿੰਦਰਪਾਲ ਕੌਰ ਵਾਲੀਆ, ਜੌਲੀ ਜਲਾਲਪੁਰ ਪ੍ਰਧਾਨ ਹਲਕਾ ਘਨੌਰ ਕਾਂਗਰਸ, ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਇੰਦਰਪ੍ਰੀਤ ਬਾਰਨ, ਗੁਰਦੀਪ ਊਂਟਸਰ ਪ੍ਰਧਾਨ, ਯੂਥ ਸਪੋਰਟਸ ਕਲੱਬ ਰੌਂਗਲਾ ਦੇ ਸਰਪ੍ਰਸਤ ਮੱਖਣ ਰੌਂਗਲਾ, ਸ਼ੇਰੇ-ਪੰਜਾਬ ਯੂਥ ਕਲੱਬ ਦੇ ਸਰਪ੍ਰਸਤ ਕਾਕਾ ਸਿੱਧੂਵਾਲ, ਸ਼ਹੀਦ-ਏ-ਆਜ਼ਮ ਵੈੱਲਫੇਅਰ ਕਲੱਬ ਚਲੈਲਾ ਦੇ ਸਰਪ੍ਰਸਤ ਹਰਵਿੰਦਰ ਚਲੈਲਾ, ਯੂਥ ਕਲੱਬ ਹਰਦਾਸਪੁਰ ਦੇ ਸਰਪ੍ਰਸਤ ਲੱਕੀ ਹਰਦਾਸਪੁਰ, ਜਸਪਾਲ, ਰਾਮ ਸਿੰਘ ਸਨੌਰ ਅਤੇ ਹੋਰ ਵੱਖ-ਵੱਖ ਕਲੱਬ ਪ੍ਰਧਾਨਾਂ ਵੱਲੋਂ ਪਦਮਸ਼੍ਰੀ ਵਿਜੇ ਚੋਪੜਾ ਜੀ ਨੂੰ ਸਨਮਾਨਿਤ ਕੀਤਾ ਗਿਆ।


Related News