ਅਵਤਾਰ ਹੈਨਰੀ ਨਾਲ ਪੰਗਾ ਲੈਣ ਵਾਲਾ ਹੀਰਾ ਬੱਤਰਾ ਚੜ੍ਹਿਆ ਪੁਲਸ ਅੜਿੱਕੇ
Tuesday, Aug 06, 2019 - 03:07 PM (IST)
ਜਲੰਧਰ (ਸੁਧੀਰ)— ਵਕਫ ਬੋਰਡ ਦੀ ਜ਼ਮੀਨ ਨੂੰ ਧੋਖੇ ਨਾਲ 1 ਕਰੋੜ 10 ਲੱਖ ਰੁਪਏ 'ਚ ਵੇਚਣ ਦੇ ਮਾਮਲੇ 'ਚ ਹੀਰਾ ਬੱਤਰਾ ਨੂੰ ਪੁਲਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਗੋਪਾਲ ਨਗਰ ਦੇ ਰਹਿਣ ਵਾਲੇ ਹੀਰਾ ਬੱਤਰਾ, ਵਰਕਸ਼ਾਪ ਨੇੜੇ ਸਾਈਂ ਰਸੋਈ ਤੇ ਬੱਤਰਾ ਪੈਲੇਸ ਚਲਾਉਣ ਵਾਲੇ ਮਾਲਕ ਕਾਲਾ ਬੱਤਰਾ ਦਾ ਭਰਾ ਹੈ। ਪੁਲਸ ਨੇ ਜਾਂਚ ਤੋਂ ਬਾਅਦ ਦੋਸ਼ ਨੂੰ ਸਹੀ ਪਾਇਆ ਅਤੇ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਪੁਲਸ ਵੱਲੋਂ ਹੀਰਾ ਬੱਤਰਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।
ਦੱਸਣਯੋਗ ਹੈ ਕਿ ਹੀਰਾ ਨੇ ਬੱਤਰਾ ਨੇ ਸ਼ਰੇਆਮ ਸਾਬਕਾ ਮੰਤਰੀ ਅਵਤਾਰ ਹੈਨਰੀ ਨੂੰ ਕੁਝ ਮਹੀਨੇ ਪਹਿਲਾਂ ਗਾਲਾਂ ਵੀ ਕੱਢੀਆਂ ਸਨ। ਕਾਲਾ ਬੱਤਰਾ ਅਤੇ ਹੀਰਾ ਬੱਤਰਾ ਕਿਸੇ ਸਮੇਂ ਅਵਤਾਰ ਹੈਨਰੀ ਦੇ ਕਰੀਬੀ ਹੁੰਦੇ ਸਨ। ਬਾਅਦ 'ਚ ਹੈਨਰੀ ਦੇ ਨਾਲ ਉਨ੍ਹਾਂ ਦੀ ਅਣਬਣ ਹੋ ਗਈ ਸੀ। ਕੁਝ ਮਹੀਨੇ ਪਹਿਲਾਂ ਨਗਰ ਨਿਗਮ ਦੀ ਟੀਮ ਸਾਈਂ ਰਸੋਈ ਨੂੰ ਤੋੜਨ ਆਈ ਤਾਂ ਬੱਤਰਾ ਬ੍ਰਦਰਜ਼ ਨੇ ਸ਼ਰੇਆਮ ਹੈਨਰੀ ਨੂੰ ਗਾਲ੍ਹਾਂ ਕੱਢੀਆਂ ਸਨ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।
ਜਾਣੋ ਕੀ ਹੈ ਪੂਰਾ ਮਾਮਲਾ
ਫਗਵਾੜਾ ਗੇਟ ਨੇੜੇ ਨਿਊ ਅੰਮ੍ਰਿਤ ਨਾਂ ਦਾ ਗੈਸਟ ਹਾਊਸ ਚਲਾਉਣ ਵਾਲੇ ਸੁਭਾਸ਼ ਖੁਰਾਣਾ ਵਾਸੀ ਦਿਲਬਾਗ ਨਗਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਸਥਾਨਕ ਵਰਕਸ਼ਾਪ ਚੌਕ ਨੇੜੇ ਕੁਝ ਲੋਕਾਂ ਨੇ ਧੋਖੇ ਨਾਲ ਵਕਫ ਬੋਰਡ ਦੀ ਜਗ੍ਹਾ ਦਾ ਸੌਦਾ 1 ਕਰੋੜ 10 ਲੱਖ ਰੁਪਏ 'ਚ ਕਰਵਾਇਆ ਸੀ। ਇਸ ਦੀ ਸੁਭਾਸ਼ ਨੇ ਪੂਰੀ ਪੇਮੈਂਟ ਵੀ ਕਰ ਦਿੱਤੀ ਸੀ। ਇਸ ਤੋਂ ਬਾਅਦ ਅਜੀਤ ਸਿੰਘ ਨਾਂ ਦੇ ਵਿਅਕਤੀ ਨੇ ਉਸ ਨੂੰ ਦੁਕਾਨ ਦੀ ਉੱਪਰੀ ਮੰਜ਼ਿਲ ਦਾ ਕਬਜ਼ਾ ਦੇ ਦਿੱਤੀ ਸੀ ਅਤੇ ਦੁਕਾਨ ਦੇ ਹੇਠਾਂ ਵਾਲਾ ਹਿੱਸਾ ਕਿਰਾਏਦਾਰ ਤੋਂ ਖਾਲੀ ਕਰਵਾਉਣ ਦੀ ਗੱਲ ਕਹੀ ਸੀ ਕਿਉਂਕਿ ਦੁਕਾਨ ਦੇ ਪਹਿਲੇ ਮਾਲਕ ਜੁਗਿੰਦਰ ਸਿੰਘ ਦੇ ਨਾਲ ਕਿਰਾਏਦਾਰ ਦਾ 15,750 ਦਾ ਇਕਰਾਰਨਾਮਾ ਹੋਇਆ ਸੀ। ਸੁਭਾਸ਼ ਨੇ ਦੋਸ਼ ਲਗਾਇਆ ਸੀ ਕਿ ਅਜੀਤ ਸਿੰਘ ਨੇ ਕਿਹਾ ਸੀ ਕਿ ਇਕਰਾਰਨਾਮੇ ਮੁਤਾਬਕ ਉਸ ਨੂੰ ਕਿਰਾਇਆ ਮਿਲਦਾ ਰਹੇਗਾ ਪਰ ਕਾਫੀ ਸਮਾਂ ਬੀਤਣ 'ਤੇ ਵੀ ਉਸ ਨੂੰ ਕਿਰਾਇਆ ਨਹੀਂ ਦਿੱਤਾ ਗਿਆ ਸੀ। ਬਾਅਦ 'ਚ ਪਤਾ ਲੱਗਾ ਸੀ ਕਿ ਇਹ ਜ਼ਮੀਨ ਵਕਫ ਬੋਰਡ ਦੀ ਹੈ ਅਤੇ ਕੁਝ ਲੋਕਾਂ ਨੇ ਮਿਲ ਕੇ ਉਸ ਨਾਲ ਧੋਖਾ ਕੀਤਾ ਹੈ। ਥਾਣਾ ਤਿੰਨ ਨੰਬਰ ਦੇ ਇੰਚਾਰਜ ਭਾਰਤ ਭੂਸ਼ਣ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਅਜੀਤ ਸਿੰਘ ਵਾਸੀ ਇਸਲਾਮਗੰਜ, ਰਾਜ ਕੁਮਾਰ ਅਤੇ ਉਸ ਦੀ ਪਤਨੀ ਰੀਤੂ ਵਾਸੀ ਗੀਤਾ ਕਾਲੋਨੀ ਅਤੇ ਹੀਰਾ ਬੱਤਰਾ ਵਾਸੀ ਗੋਪਾਲ ਨਗਰ ਖਿਲਾਫ ਮਾਮਲਾ ਦਰਜ ਕੀਤਾ ਸੀ। ਸੁਭਾਸ਼ ਦਾ ਦੋਸ਼ ਹੈ ਕਿ ਹੀਰਾ ਬੱਤਰਾ ਨੇ ਉਸ ਦੇ ਦਫਤਰ 'ਚੋਂ ਸਾਰਾ ਸਾਮਾਨ ਚੋਰੀ ਕੀਤਾ ਹੈ ਅਤੇ ਭੰਨਤੋੜ ਵੀ ਕੀਤੀ ਹੈ।