ਕਹਿਰ ਬਣ ਕੇ ਵਰੀ ਬਾਰਿਸ਼, ਛੱਤ ਡਿੱਗਣ ਕਾਰਨ ਪਿਉ-ਪੁੱਤ ਦੀ ਮੌਤ (ਤਸਵੀਰਾਂ)

09/23/2018 12:42:41 PM

ਨਵਾਂਸ਼ਹਿਰ (ਤ੍ਰਿਪਾਠੀ)— ਸ਼ਨੀਵਾਰ ਸਵੇਰ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿਵਾਈ ਹੈ, ਉਥੇ ਹੀ ਕੁਝ ਲੋਕਾਂ ਲਈ ਆਫਤ ਬਣ ਕੇ ਵੀ ਵਰੀ ਹੈ। ਨਵਾਂਸ਼ਹਿਰ 'ਚ ਸ਼ਨੀਵਾਰ ਦੇਰ ਰਾਤ ਇਕ ਪੋਲਟਰੀ ਫਾਰਮ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ ਜਦਕਿ ਇਕ ਮਹਿਲਾ ਸਮੇਤ ਦੋ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪੋਲਟਰੀ ਫਾਰਮ 'ਚ ਇਕ ਪ੍ਰਵਾਸੀ ਪਰਿਵਾਰ ਰਹਿੰਦਾ ਸੀ, ਜਿੱਥੇ ਭਾਰੀ ਬਾਰਿਸ਼ ਕਾਰਨ ਉਸ ਦੀ ਛੱਤ ਡਿੱਗ ਗਈ ਅਤੇ ਪਰਿਵਾਰ ਮਲਬੇ ਹੇਠਾਂ ਆ ਗਿਆ। ਇਸ ਹਾਦਸੇ 'ਚ ਪਿਓ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਮਹਿਲਾ ਜ਼ਖਮੀ ਹੋ ਗਈ। ਜ਼ਖਮੀ ਮਹਿਲਾ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।  

ਘਟਨਾ ਦੀ ਜਾਣਕਾਰੀ ਅੱਜ ਸਵੇਰੇ ਉਸ ਸਮੇਂ ਲੱਗੀ ਜਦੋਂ ਇਕ ਹੋਰ ਪੋਲਟਰੀ ਫਾਰਮ 'ਤੇ ਕੰਮ ਕਰਨ ਵਾਲਾ ਨੌਜਵਾਨ ਮੋਹਿਤ ਨੇ ਘਟਨਾ ਦੀ ਪੂਰੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਜਿਸ ਤੋਂ ਬਾਅਦ ਮਲਬੇ ਹੇਠਾਂ ਦਬੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਗਿਆ। ਪ੍ਰਵਾਸੀ ਮਜ਼ਦੂਰ ਮੋਹਿਤ ਉਸ ਦੀ ਮਾਂ ਕੰਨਿਆਵਤੀ ਨੇ ਦੱਸਿਆ ਕਿ ਪਰਿਵਾਰ ਦਾ ਮੁਖੀਆ ਮੋਹਨ (36) ਅਤੇ ਉਸ ਦਾ ਛੋਟਾ ਪੁੱਤਰ ਗਰਜੇਸ਼ (10) ਜੋ ਇਕ ਹੀ ਬੈੱਡ 'ਤੇ ਸੌਂ ਰਹੇ ਸਨ, ਦੋਹਾਂ 'ਤੇ ਗਾਰਡਰ ਡਿੱਗਣ ਨਾਲ ਮੌਤ ਹੋ ਗਈ ਜਦਕਿ ਦੂਜੇ ਬੈੱਡ 'ਤੇ ਉਸ ਦੀ ਪਤਨੀ ਸ਼ੀਲਾ (32) ਅਤੇ ਉਸ ਦਾ ਗੂੰਗਾ ਬੇਟਾ ਗਾਰਡਰ ਹੇਠਾਂ ਆਉਣ ਕਰਕੇ ਦਬ ਗਏ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਮਲਬੇ 'ਚੋਂ ਬਾਹਰ ਕੱਢ ਕੇ 108 ਐਂਬੂਲੈਂਸ ਰਾਹੀ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਪਹੁੰਚਾਇਆ ਜਦਕਿ ਲਾਸ਼ਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ। 

PunjabKesari

ਰਾਤ 12 ਵਜੇ ਦੇ ਬਾਅਦ ਵਾਪਰੀ ਘਟਨਾ 
ਦੂਜੇ ਪੋਲਟਰੀ ਫਾਰਮ 'ਚ ਰਹਿਣ ਵਾਲੇ ਪਰਿਵਾਰ ਦੇ ਮੈਂਬਰ ਕੰਨਿਆਵਤੀ ਅਤੇ ਮੋਹਿਤ ਨੇ ਦੱਸਿਆ ਕਿ ਘਟਨਾ ਰਾਤ ਕਰੀਬ 12 ਵਜੇ ਦੇ ਕਰੀਬ ਵਾਪਰੀ। ਉਸ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਉਹ ਦੁਕਾਨ ਤੋਂ ਸਾਮਾਨ ਲੈਣ ਲਈ ਨਿਕਲਿਆ ਤਾਂ ਉਸ ਨੇ ਸੋਚਿਆ ਕਿ ਉਹ ਗੂੰਗੇ ਨੂੰ ਆਪਣੇ ਨਾਲ ਲੈ ਜਾਵੇਗਾ ਪਰ ਜਦੋਂ ਪੋਲਟਰੀ ਫਾਰਮ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਥੇ ਜਿਸ ਕਮਰੇ 'ਚ ਪਰਿਵਾਰ ਸੁੱਤਾ ਸੀ, ਉਸ ਦੀ ਛੱਤ ਹੇਠਾਂ ਡਿੱਗੀ ਹੋਈ ਸੀ। ਪਰਿਵਾਰ ਨੂੰ ਇਸ ਹਾਲ 'ਚ  ਦੇਖ ਉਸ ਨੇ ਪਿੰਡ ਵਾਲਿਆਂ ਨੂੰ ਸੂਚਨਾ ਦਿੱਤੀ। 

PunjabKesari

5 ਸਾਲ ਤੋਂ ਪਰਿਵਾਰ ਰਹਿ ਰਿਹਾ ਸੀ ਪੋਲਟਰੀ ਫਾਰਮ 
ਸਾਥੀ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਕਤ ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਕਰੀਬ 5 ਸਾਲਾਂ ਤੋਂ ਇਸ ਪੋਲਟਰੀ ਫਾਰਮ 'ਚ ਰਹਿ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਉਕਤ ਪੋਲਟਰੀ ਫਾਰਮ ਤੇਲੂ ਦਾ ਹੈ, ਜਿਸ ਨੂੰ ਉਸ ਦੇ ਮਾਲਕ ਨੇ ਕਿਰਾਏ 'ਤੇ ਅੱਗੇ ਦੇ ਰੱਖਿਆ ਹੈ।


Related News