ਗਰਮੀ ਨੇ ਵਿਖਾਏ ਰੰਗ, ਪਾਰਾ 40 ਡਿਗਰੀ ਤੋਂ ਪਾਰ
Monday, Apr 30, 2018 - 06:32 AM (IST)

ਸੁਲਤਾਨਪੁਰ ਲੋਧੀ, (ਧੀਰ)- ਪਿਛਲੇ ਤਕਰੀਬਨ ਤਿੰਨ-ਚਾਰ ਦਿਨਾਂ ਤੋਂ ਵੱਧ ਰਹੀ ਗਰਮੀ ਨੇ ਅਪ੍ਰੈਲ ਮਹੀਨੇ 'ਚ ਜੂਨ ਵਰਗੇ ਨਜ਼ਾਰੇ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਆਮ ਜਨ-ਜੀਵਨ ਅਸਤ ਵਿਅਸਤ ਹੋ ਗਿਆ ਹੈ। ਤੇਜ਼ ਗਰਮੀ ਕਾਰਨ ਦਿਨ ਦੇ ਸਮੇਂ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਤੇ ਦੁਪਹਿਰ ਵੇਲੇ ਬਾਜ਼ਾਰ ਤੇ ਮੁਹੱਲਿਆਂ ਦੀਆਂ ਗੱਲੀਆਂ 'ਚੋਂ ਰੌਣਕ ਗਾਇਬ ਹੋ ਗਈ ਹੈ, ਕਿਉਂਕਿ ਦਿਨ-ਬ-ਦਿਨ ਤਾਪਮਾਨ 'ਚ ਵਾਧਾ ਹੋ ਰਿਹਾ ਹੈ ਤੇ ਅੱਜ ਵੀ ਤਾਪਮਾਨ ਦਿਨ ਦੇ ਸਮੇਂ 40 ਡਿਗਰੀ ਨੂੰ ਵੀ ਪਾਰ ਕਰ ਗਿਆ ਸੀ ਤੇ ਕੋਈ ਟਾਵਾਂ-ਟਾਵਾਂ ਵਿਅਕਤੀ ਹੀ ਬਾਜ਼ਾਰ 'ਚ ਵੇਖਣ ਨੂੰ ਮਿਲਿਆ। ਗਰਮ ਲੋਅ ਦਾ ਅਸਰ ਸ਼ਹਿਰ ਦੇ ਬਾਜ਼ਾਰ 'ਚ ਵੀ ਵੇਖਣ ਨੂੰ ਮਿਲਿਆ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਦੁਪਹਿਰ ਵੇਲੇ ਮੰਦਾ ਹੀ ਨਜ਼ਰ ਆਇਆ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਕ ਤਾਂ ਪਹਿਲਾਂ ਕਣਕ ਦੀ ਕਟਾਈ ਕਾਰਨ ਬਾਜ਼ਾਰਾਂ 'ਚ ਗਾਹਕ ਘੱਟ ਹੈ ਤੇ ਦੂਸਰਾ ਕੁਝ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਨੇ ਹੋਰ ਫਰਕ ਪਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਦੁਪਹਿਰ ਦਾ ਸਮਾਂ ਲੰਘਾਉਣਾ ਹੋਰ ਵੀ ਔਖਾ ਹੋ ਜਾਂਦਾ ਹੈ।
ਠੰਡੇ ਦੀਆਂ ਦੁਕਾਨਾਂ ਤੇ ਰੇਹੜੀਆਂ 'ਤੇ ਲੱਗੀਆਂ ਰੌਣਕਾਂ
ਗਰਮੀ ਦਾ ਪਾਰਾ ਵੱਧਣ ਕਾਰਨ ਠੰਡੇ ਦੀਆਂ ਦੁਕਾਨਾਂ ਤੇ ਰੇਹੜੀਆਂ 'ਤੇ ਰੌਣਕਾਂ ਲੱਗੀਆਂ ਵੇਖੀਆਂ ਗਈਆਂ। ਲੋਕ ਗਰਮੀ 'ਚ ਪਿਆਸ ਬੁਝਾਉਣ ਲਈ ਕੋਲਡ ਡਰਿੰਕਸ ਜਾਂ ਜੂਸ ਪੀਂਦੇ ਵੇਖੇ ਗਏ। ਗਰਮੀ ਵਧਣ ਤੇ ਠੰਡੀ ਲੱਸੀ ਤੇ ਆਈਸ ਕਰੀਮ ਦੀ ਵੀ ਡਿਮਾਂਡ 'ਚ ਵਾਧਾ ਹੋਇਆ ਹੈ।
ਇਲੈਕਟ੍ਰਾਨਿਕਸ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਪਰਤੀ ਰੌਣਕ
ਇਲੈਕਟ੍ਰਾਨਿਕਸ ਉਤਪਾਦ ਕੂਲਰ, ਏ. ਸੀ, ਪੱਖੇ ਵੇਚਣ ਵਾਲੇ ਦੁਕਾਨਦਾਰਾਂ ਤੇ ਕੁਝ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਨੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ। ਪਹਿਲਾਂ ਕਣਕ ਦੀ ਕਟਾਈ ਸਮੇਂ ਵਾਰ-ਵਾਰ ਮੌਸਮ ਦਾ ਬਦਲਣ ਕਾਰਨ ਗਰਮੀ ਦੇ ਮੌਸਮ ਦਾ ਕੋਈ ਖਾਸ ਅਹਿਸਾਸ ਨਹੀਂ ਹੋ ਰਿਹਾ ਸੀ, ਜਿਸ ਕਾਰਨ ਦੁਕਾਨਦਾਰਾਂ ਵਲੋਂ ਵੱਡੀ ਮਾਤਰਾ 'ਚ ਸਟਾਕ ਕੀਤੇ ਪੱਖੇ, ਕੂਲਰ ਤੇ ਏ. ਸੀ. ਦੀ ਡਿਮਾਂਡ 'ਚ ਵਾਧਾ ਨਹੀਂ ਹੋ ਰਿਹਾ ਸੀ ਤੇ ਉਨ੍ਹਾਂ ਦੇ ਚਿਹਰਿਆਂ 'ਤੇ ਮਾਯੂਸੀ ਵਿਖਾਈ ਦੇ ਰਹੀ ਸੀ ਪਰ ਕੁਝ ਦਿਨਾਂ ਤੋਂ ਵੱਧ ਗਰਮੀ ਨੇ ਜਿਥੇ ਕੂਲਰ, ਏ. ਸੀ. ਦੀ ਡਿਮਾਂਡ 'ਚ ਵਾਧਾ ਕਰ ਦਿੱਤਾ ਹੈ ਉਥੇ ਹੁਣ ਉਨ੍ਹਾਂ ਨੂੰ ਸਟਾਕ ਵੀ ਨਿਕਲਣ ਦੀ ਆਸ ਜਾਗ ਉਠੀ ਹੈ।
ਦੋ-ਪਹੀਆ ਵਾਹਨ ਚਾਲਕ ਮੂੰਹ 'ਤੇ ਕੱਪੜਾ ਲਪੇਟ ਕੇ ਜਾਣ ਲਈ ਹੋਏ ਮਜਬੂਰ
ਤੇਜ਼ ਗਰਮੀ ਤੇ ਲੋਅ ਤੋਂ ਬਚਾਅ ਲਈ ਦੋ-ਪਹੀਆ ਵਾਹਨ ਸਵਾਰ ਮੂੰਹ ਸਿਰ ਬੰਨ੍ਹ ਕੇ ਮੋਟਰਸਾਈਕਲ ਸਕੂਟਰ ਚਲਾਉਣ ਲਈ ਮਜਬੂਰ ਜਾਂਦੇ ਵਿਖਾਈ ਦਿੱਤੇ। ਮੂੰਹ ਸਿਰ 'ਤੇ ਕੱਪੜਾ ਲਪੇਟ ਕੇ ਅੱਖਾਂ ਅੱਗੇ ਧੁੱਪ ਤੋਂ ਬਚਾਓ ਲਈ ਚਸ਼ਮਾ ਲਗਾ ਕੇ ਨਾ ਚਾਹੁੰਦੇ ਹੋਏ ਵੀ ਜ਼ਰੂਰੀ ਕੰਮ ਕਾਜ ਵਾਸਤੇ ਉਹ ਸੜਕਾਂ 'ਤੇ ਬਹੁਤ ਧੀਮੀ ਗਤੀ 'ਚ ਅੱਗੇ ਵੱਧਦੇ ਵੇਖੇ ਗਏ।
ਕੀ ਕਹਿਣਾ ਹੈ ਮਾਹਿਰ ਡਾਕਟਰਾਂ ਦਾ
ਉੱਧਰ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਗਰਮੀ 'ਚ ਸਾਨੂੰ ਵੱਧ ਤੋਂ ਵੱਧ ਪਾਣੀ ਜਾਂ ਨਿੰਬੂ ਪਾਣੀ ਪੀਣਾ ਚਾਹੀਦਾ ਹੈ ਤੇ ਗਰਮ ਲੋਅ 'ਚ ਬਾਹਰ ਘੱਟ ਜਾਣਾ ਚਾਹੀਦਾ ਹੈ। ਸੜਕਾਂ ਤੇ ਘੁੰਮ ਰਹੇ ਰੇਹੜੀਆਂ ਵਾਲਿਆਂ ਕੋਲੋਂ ਖਾਣ ਵਾਲੀ ਚੀਜ਼ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਗਰਮੀ 'ਚ ਖਾਣ ਵਾਲੀ ਵਸਤੂ ਜਲਦੀ ਖਰਾਬ ਹੋ ਜਾਂਦੀ ਹੈ ਤੇ ਜਿਸ ਦੇ ਖਾਣ ਨਾਲ ਸਾਨੂੰ ਕੋਈ ਨਾ ਕੋਈ ਬਿਮਾਰੀ ਵੀ ਘੇਰ ਸਕਦੀ ਹੈ।